ਐਨਐਚਐਮ ਮੁਲਾਜ਼ਮਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਸਬੰਧੀ ਸਿਵਲ ਸਰਜਨ ਨੂੰ ਸੌਪਿਆ ਮੰਗ ਪੱਤਰ ਐਨਐਚਐਮ ਮੁਲਾਜ਼ਮਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਸਬੰਧੀ ਸਿਵਲ ਸਰਜਨ ਨੂੰ ਸੌਪਿਆ ਮੰਗ ਪੱਤਰ
Publish Date: Wed, 04 Nov 2026 06:13 PM (IST)
Updated Date: Wed, 04 Nov 2026 06:14 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਐਨਐਚਐਮ ਇੰਪਲਾਈਜ਼ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਹੱਕੀ ਮੰਗਾਂ ਦੀ ਪੂਰਤੀ ਨਾ ਹੋਣ ਦੇ ਰੋਸ ਵਜੋਂ ਸਰਕਾਰ ਅਤੇ ਸਿਹਤ ਵਿਭਾਗ ਵਿਰੁੱਧ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਯੂਨੀਅਨ ਵੱਲੋਂ ਅੱਜ ਸਿਵਲ ਸਰਜਨ ਡਾ. ਗੀਤਾਂਜਲੀ ਸਿੰਘ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਅਮਨਦੀਪ ਕੌਰ ਇਨਫੋਰਮੇਸ਼ਨ ਅਸਿਸਟੈਂਟ, ਰਾਮ ਸਿੰਘ ਡੀਪੀਐਮ, ਦੀਪਕ ਸੀਐਸ ਆਫਿਸ, ਡਾ. ਸ਼ਿਆਮਾ ਵੇਦਾ ਨੇ ਦੱਸਿਆ ਕਿ ਅੱਜ ਤੋਂ ਪੜਾਅਵਾਰ ਸੰਘਰਸ਼ ਸ਼ੁਰੂ ਕਰਦਿਆਂ ਮੁਕੰਮਲ ਕੰਮ ਬੰਦ ਕਰਨ ਅਤੇ ਅਣਮਿੱਥੇ ਸਮੇਂ ਲਈ ਪੱਕਾ ਧਰਨਾ ਲਗਾਉਣ ਦਾ ਫੈਸਲਾ ਕੀਤਾ ਹੈ। ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਐਨਐਚਐਮ ਮੁਲਾਜ਼ਮਾਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ਸਬੰਧੀ ਸੰਘਰਸ਼ ਕੀਤਾ ਜਾ ਰਿਹਾ ਹੈ। ਮੁਲਾਜ਼ਮਾਂ ਦੇ ਮਸਲਿਆਂ ਦੇ ਹੱਲ ਲਈ ਸਰਕਾਰ ਵੱਲੋਂ ਇੱਕ ਵਿਸ਼ੇਸ਼ ਕਮੇਟੀ ਦਾ ਗਠਨ ਵੀ ਕੀਤਾ ਸੀ ਅਤੇ ਨੋਟੀਫਿਕੇਸ਼ਨ ਉਪਰੰਤ ਹਫਤੇ ਦੇ ਅੰਦਰ ਅੰਦਰ ਇਸ ਕਮੇਟੀ ਦੀ ਮੀਟਿੰਗ ਕਰਨ ਦਾ ਵਾਅਦਾ ਅਧਿਕਾਰੀਆਂ ਵੱਲੋਂ ਕੀਤਾ। ਪਰ ਅਜੇ ਤੱਕ ਇਸ ਕਮੇਟੀ ਦੀ ਕੋਈ ਮੀਟਿੰਗ ਨਹੀਂ ਕੀਤੀ। ਇਸ ਕਾਰਨ ਮੁਲਾਜ਼ਮਾਂ ਵਿਚ ਸਰਕਾਰ ਅਤੇ ਸਿਹਤ ਵਿਭਾਗ ਪ੍ਰਤੀ ਭਾਰੀ ਬੇਵਿਸ਼ਵਾਸੀ ਅਤੇ ਰੋਸ ਪਾਇਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਐਨਐਚਐਮ ਅਧੀਨ ਕੰਮ ਕਰਦੇ ਮੁਲਾਜ਼ਮ ਸਿਹਤ ਵਿਭਾਗ ਦੀਆਂ ਵੱਖ-ਵੱਖ ਰਾਸ਼ਟਰੀ ਸਿਹਤ ਯੋਜਨਾਵਾਂ ਅਤੇ ਸਿਹਤ ਸੇਵਾਵਾਂ ਨੂੰ ਜ਼ਮੀਨੀ ਪੱਧਰ ਤੇ ਸਫਲ ਬਣਾਉਣ ਵਿਚ ਅਹਿਮ ਭੂਮਿਕਾ ਨਿਭਾ ਰਹੇ ਹਨ। ਇਸ ਦੇ ਬਾਵਜੂਦ ਸਰਕਾਰ ਵੱਲੋਂ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਸਰਕਾਰ ਵੱਲੋਂ ਵਾਰ-ਵਾਰ ਤਕਰੀਬਨ 54 ਮੀਟਿੰਗਾਂ ਕਰਨ ਤੋਂ ਬਾਅਦ ਅਤੇ ਮੰਗਾਂ ਦੇ ਹੱਲ ਦਾ ਭਰੋਸਾ ਦੇਣ ਦੇ ਬਾਵਜੂਦ ਕੋਈ ਠੋਸ ਕਾਰਵਾਈ ਨਹੀਂ ਕੀਤੀ। ਪਿਛਲੇ ਸਾਢੇ ਚਾਰ ਸਾਲਾਂ ਦੇ ਦੌਰਾਨ ਇਸ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਵਿੱਤੀ ਲਾਭ ਨਹੀਂ ਦਿੱਤਾ। ਸਰਕਾਰ ਮੁਲਾਜ਼ਮ ਮਾਰੂ ਨੀਤੀਆਂ ਤੇ ਉਤਾਰੂ ਹੁੰਦਿਆਂ ਆਪਣੇ ਵਾਅਦਿਆਂ ਤੋਂ ਭੱਜਦੀ ਨਜ਼ਰ ਆ ਰਹੀ ਹੈ। ਇਸ ਲਈ ਹੁਣ ਯੂਨੀਅਨ ਵੱਲੋਂ ਆਰ-ਪਾਰ ਦੀ ਲੜਾਈ ਲੜਨ ਦਾ ਫੈਸਲਾ ਕੀਤਾ ਹੈ। ਯੂਨੀਅਨ ਵੱਲੋਂ ਐਲਾਨੇ ਗਏ ਸੰਘਰਸ਼ ਦੇ ਪ੍ਰੋਗਰਾਮ ਅਨੁਸਾਰ ਸਮੂਹ ਐਨਐਚਐਮ ਮੁਲਾਜ਼ਮਾਂ ਵੱਲੋਂ ਜ਼ਿਲ੍ਹਾ ਪੱਧਰ ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਦੌਰਾਨ ਰੋਜ਼ਾਨਾ ਅਤੇ ਮਹੀਨਾਵਾਰ ਆਨਲਾਈਨ ਰਿਪੋਰਟਿੰਗ ਦਾ ਬਾਈਕਾਟ ਕੀਤਾ ਜਾਵੇਗਾ ਅਤੇ ਕਿਸੇ ਵੀ ਤਰ੍ਹਾਂ ਦੀ ਵਿਭਾਗੀ ਟ੍ਰੇਨਿੰਗ ਵਿੱਚ ਸ਼ਮੂਲੀਅਤ ਨਹੀਂ ਕੀਤੀ ਜਾਵੇਗੀ। 11 ਅਤੇ 12 ਨਵੰਬਰ: ਸਮੂਹ ਐਨਐਚਐਮ ਮੁਲਾਜ਼ਮਾਂ ਵੱਲੋਂ ਵੱਖ-ਵੱਖ ਸਿਹਤ ਸੰਸਥਾਵਾਂ ਦੇ ਬਾਹਰ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਦੌਰਾਨ ਸਰਕਾਰ ਦੇ ਰੋਸ ਵਜੋਂ ਪੁਤਲੇ ਵੀ ਸਾੜੇ ਜਾਣਗੇ। 13 ਨਵੰਬਰ: ਸਮੂਹ ਕਰਮਚਾਰੀਆਂ ਵੱਲੋਂ ਸਾਂਝਾ ਲੀਡ ਲੈ ਕੇ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਦੇ ਮੁੱਖ ਦਫ਼ਤਰ ਵਿਖੇ ਸੂਬਾ ਪੱਧਰੀ ਰੋਸ ਧਰਨਾ ਲਗਾਇਆ ਜਾਵੇਗਾ। ਜਿਸ ਵਿਚ ਪੰਜਾਬ ਭਰ ਤੋਂ ਲਗਭਗ 5000 ਕਰਮਚਾਰੀ ਹਿੱਸਾ ਲੈਣਗੇ। 16 ਨਵੰਬਰ ਤੋਂ: ਪੰਜਾਬ ਭਰ ਦੇ ਐਨਐਚਐਮ ਮੁਲਾਜ਼ਮਾਂ ਵੱਲੋਂ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਦੀ ਰਿਹਾਇਸ਼ ਪਟਿਆਲਾ ਵਿਖੇ ਪੱਕਾ ਧਰਨਾ ਲਗਾਇਆ ਜਾਵੇਗਾ। ਇਸ ਵਿਚ ਲੜੀਵਾਰ ਅਨੁਸਾਰ ਜ਼ਿਲ੍ਹੇ ਸ਼ਮੂਲੀਅਤ ਕਰਨਗੇ ਅਤੇ ਸਰਕਾਰ ਦੀ ਵਾਅਦਾ ਖਿਲਾਫੀ ਦੇ ਖਿਲਾਫ਼ ਆਮ ਲੋਕਾਂ ਨੂੰ ਜਾਗਰੂਕ ਕਰਨਗੇ। ਯੂਨੀਅਨ ਆਗੂਆਂ ਨੇ ਸਪੱਸ਼ਟ ਕੀਤਾ ਕਿ ਇਹ ਰੋਸ ਪ੍ਰਦਰਸ਼ਨ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਲਿਖਤੀ ਨੋਟੀਫਿਕੇਸ਼ਨ ਰਾਹੀਂ ਪੂਰਾ ਨਹੀਂ ਕੀਤਾ ਜਾਂਦਾ। ਜੇਕਰ ਵਿਭਾਗ ਵੱਲੋਂ ਫਿਰ ਵੀ ਟਾਲਮਟੋਲ ਦੀ ਨੀਤੀ ਅਪਣਾਈ ਜਾਂਦੀ ਹੈ। ਤਾਂ ਸਮੂਹ ਐਨਐਚਐਮ ਮੁਲਾਜ਼ਮਾਂ ਨੂੰ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਦੇ ਹੋਏ ਮੁਕੰਮਲ ਅਤੇ ਅਣਮਿੱਥੇ ਸਮੇਂ ਲਈ ਕੰਮ ਬੰਦ ਕਰਨ ਲਈ ਮਜਬੂਰ ਹੋਣਾ ਪਵੇਗਾ। ਜਿਸ ਦੀ ਸਮੁੱਚੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੀ ਹੋਵੇਗੀ। ਮੁਲਾਜ਼ਮ ਆਗੂਆਂ ਨੇ ਪੰਜਾਬ ਸਰਕਾਰ ਨੂੰ ਚੇਤਾਇਆ ਕਿ ਜੇਕਰ ਤੁਰੰਤ ਭਲਾਈ ਕਮੇਟੀ ਦੀ ਮੀਟਿੰਗ ਕਰਕੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਸਾਰਥਕ ਹੱਲ ਨਹੀਂ ਕੀਤਾ ਜਾਂਦਾ। ਤਾਂ ਉਹ ਸੰਘਰਸ਼ ਨੂੰ ਕਿਸੇ ਵੀ ਪੜਾਅ ਤੱਕ ਲਿਜਾਣ ਲਈ ਨਹੀਂ ਹਿਚਕਚਾਉਣਗੇ।