ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ ਵਿਖੇ ਭਾਸ਼ਾ ਸਿੱਖਣ ਦੀ ਨਵੀਂ ਅਤੇ ਦਿਲਚਸਪ ਪਹਿਲ ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ ਵਿਖੇ ਭਾਸ਼ਾ ਸਿੱਖਣ ਦੀ ਨਵੀਂ ਅਤੇ ਦਿਲਚਸਪ ਪਹਿਲ
Publish Date: Tue, 03 Nov 2026 04:57 PM (IST)
Updated Date: Tue, 03 Nov 2026 04:59 PM (IST)
ਐਪ ਰਾਹੀਂ ਸੁਣਨ, ਬੋਲਣ, ਪੜ੍ਹਨ ਅਤੇ ਲਿਖਣ ਦੇ ਚਾਰਾਂ ਮੁੱਖ ਭਾਸ਼ਾਈ ਹੁਨਰਾਂ ਦਾ ਵਿਕਾਸ ਹੋਵੇਗਾ ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ ਵਿਖੇ ਵਿਦਿਆਰਥੀਆਂ ਦੇ ਭਾਸ਼ਾਈ ਹੁਨਰਾਂ ਨੂੰ ਨਿਖਾਰਨ ਅਤੇ ਆਧੁਨਿਕ ਤਕਨੀਕ ਰਾਹੀਂ ਅੰਗਰੇਜ਼ੀ ਭਾਸ਼ਾ ਸਿੱਖਣ ਪ੍ਰਤੀ ਰੁਚੀ ਪੈਦਾ ਕਰਨ ਦੇ ਉਦੇਸ਼ ਨਾਲ ਬਰਲਿੰਗਟਨ ਇੰਗਲਿਸ਼ ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਅਤੇ ਗਿਆਨਵਰਧਕ ਸੈਸ਼ਨ ਦਾ ਆਯੋਜਨ ਕੀਤਾ। ਇਸ ਮੌਕੇ ਪ੍ਰੋਡਕਟ ਮੈਨੇਜਰ ਸੰਦੀਪ ਚੱਕਰਵਰਤੀ ਵਿਸ਼ੇਸ਼ ਤੌਰ ਤੇ ਸਕੂਲ ਪਹੁੰਚੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਰਾਹੀਂ ਭਾਸ਼ਾ ਸਿੱਖਣ ਦੇ ਵੱਖ-ਵੱਖ ਲਾਭਾਂ ਅਤੇ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦਿੱਤੀ। ਸੈਸ਼ਨ ਦੌਰਾਨ ਸ੍ਰੀ ਚੱਕਰਵਰਤੀ ਨੇ ਐਪ ਦੀਆਂ ਵੱਖ-ਵੱਖ ਸਹੂਲਤਾਂ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਕਿਵੇਂ ਤਕਨੀਕ ਰਵਾਇਤੀ ਸਿੱਖਿਆ ਪ੍ਰਣਾਲੀ ਨੂੰ ਹੋਰ ਵੀ ਦਿਲਚਸਪ, ਪ੍ਰਭਾਵਸ਼ਾਲੀ ਅਤੇ ਸੰਵਾਦਮਈ ਬਣਾ ਸਕਦੀ ਹੈ। ਉਨ੍ਹਾਂ ਨੇ ਸਮਝਾਇਆ ਕਿ ਇਸ ਐਪ ਰਾਹੀਂ ਵਿਦਿਆਰਥੀ ਸੁਣਨ, ਬੋਲਣ, ਪੜ੍ਹਨ ਅਤੇ ਲਿਖਣ ਦੇ ਚਾਰਾਂ ਮੁੱਖ ਭਾਸ਼ਾਈ ਹੁਨਰਾਂ ਦਾ ਵਿਕਾਸ ਕਰ ਸਕਦੇ ਹਨ। ਇਸ ਤੋਂ ਇਲਾਵਾ, ਇਹ ਐਪ ਸ਼ਬਦਾਵਲੀ ਵਿਚ ਵਾਧਾ ਕਰਨ, ਸਹੀ ਉਚਾਰਨ ਸਿੱਖਣ, ਆਤਮ-ਵਿਸ਼ਵਾਸ ਵਧਾਉਣ ਅਤੇ ਆਪਣੀ ਸਹੂਲਤ ਅਨੁਸਾਰ ਸਿੱਖਣ ਵਿਚ ਵੀ ਸਹਾਇਕ ਹੈ। ਸਕੂਲ ਦੀ ਪ੍ਰਿੰਸੀਪਲ ਨੀਨਾ ਭਾਰਦਵਾਜ ਨੇ ਮਹਿਮਾਨ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਭਾਸ਼ਾ ਕੇਵਲ ਵਿਚਾਰਾਂ ਦੇ ਆਦਾਨ-ਪ੍ਰਦਾਨ ਦਾ ਸਾਧਨ ਹੀ ਨਹੀਂ, ਸਗੋਂ ਇਹ ਵਿਅਕਤੀ ਦੀ ਸ਼ਖ਼ਸੀਅਤ, ਆਤਮ-ਵਿਸ਼ਵਾਸ ਅਤੇ ਵਿਚਾਰਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਗਟ ਕਰਨ ਦੀ ਯੋਗਤਾ ਨੂੰ ਵੀ ਮਜ਼ਬੂਤ ਬਣਾਉਂਦੀ ਹੈ। ਭਾਸ਼ਾ ਰਾਹੀਂ ਹੀ ਅਸੀਂ ਵੱਖ-ਵੱਖ ਸੱਭਿਆਚਾਰਾਂ, ਵਿਚਾਰਾਂ ਅਤੇ ਸਮਾਜ ਨਾਲ ਜੁੜਦੇ ਹਾਂ ਅਤੇ ਸਿੱਖਿਆ ਤੇ ਕਰੀਅਰ ਦੇ ਨਵੇਂ ਮੌਕੇ ਪ੍ਰਾਪਤ ਕਰਦੇ ਹਾਂ। ਉਨ੍ਹਾਂ ਕਿਹਾ ਕਿ ਅੱਜ ਦੇ ਮੁਕਾਬਲੇ ਭਰੇ ਯੁੱਗ ਵਿਚ ਕੇਵਲ ਕਿਤਾਬੀ ਗਿਆਨ ਹੀ ਕਾਫ਼ੀ ਨਹੀਂ ਹੈ, ਸਗੋਂ ਵਿਦਿਆਰਥੀਆਂ ਲਈ ਇਹ ਵੀ ਜ਼ਰੂਰੀ ਹੈ ਕਿ ਉਹ ਆਪਣੇ ਗਿਆਨ ਨੂੰ ਵਿਹਾਰਕ ਜੀਵਨ ਵਿਚ ਵਰਤਣਾ ਸਿੱਖਣ। ਤਜਰਬੇ ਰਾਹੀਂ ਸਿੱਖਣ ਦੀ ਪ੍ਰਕਿਰਿਆ ਵਿਦਿਆਰਥੀਆਂ ਨੂੰ ਖ਼ੁਦ ਭਾਗ ਲੈਣ, ਨਵੇਂ ਤਜਰਬੇ ਕਰਨ ਅਤੇ ਅਸਲ ਜੀਵਨ ਦੀਆਂ ਸਥਿਤੀਆਂ ਵਿਚ ਆਪਣੇ ਹੁਨਰਾਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰਦੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਧੁਨਿਕ ਡਿਜੀਟਲ ਸਾਧਨਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਨਿਰੰਤਰ ਸਿੱਖਦੇ ਰਹਿਣ ਲਈ ਉਤਸ਼ਾਹਿਤ ਕੀਤਾ। ਇਸ ਸੈਸ਼ਨ ਦੌਰਾਨ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਅਤੇ ਉਤਸੁਕਤਾ ਦਿਖਾਈ। ਉਨ੍ਹਾਂ ਨੇ ਵੱਖ-ਵੱਖ ਗਤੀਵਿਧੀਆਂ ਵਿਚ ਸਰਗਰਮੀ ਨਾਲ ਭਾਗ ਲਿਆ ਅਤੇ ਐਪ ਰਾਹੀਂ ਭਾਸ਼ਾ ਸਿੱਖਣ ਦੇ ਨਵੇਂ ਤੇ ਮਨੋਰੰਜਕ ਤਰੀਕਿਆਂ ਨੂੰ ਸਮਝਿਆ। ਖੇਡ-ਖੇਡ ਵਿੱਚ ਸਿੱਖਣ ਦੀ ਇਸ ਵਿਧੀ ਨੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਤੇ ਆਕਰਸ਼ਿਤ ਕੀਤਾ ਅਤੇ ਉਨ੍ਹਾਂ ਨੂੰ ਬਿਨਾਂ ਕਿਸੇ ਝਿਜਕ ਦੇ ਅੰਗਰੇਜ਼ੀ ਭਾਸ਼ਾ ਦਾ ਅਭਿਆਸ ਕਰਨ ਲਈ ਪ੍ਰੇਰਿਤ ਕੀਤਾ। ਇਹ ਸੈਸ਼ਨ ਵਿਦਿਆਰਥੀਆਂ ਲਈ ਇੱਕ ਬਹੁਤ ਹੀ ਲਾਹੇਵੰਦ ਅਤੇ ਪ੍ਰੇਰਨਾਦਾਇਕ ਅਨੁਭਵ ਸਾਬਤ ਹੋਇਆ। ਜਿਸ ਵਿਚ ਤਕਨੀਕ ਅਤੇ ਸਿੱਖਿਆ ਦਾ ਸੁੰਦਰ ਸੁਮੇਲ ਦੇਖਣ ਨੂੰ ਮਿਲਿਆ। ਅਜਿਹੀਆਂ ਪਹਿਲਕਦਮੀਆਂ ਡੈਰਿਕ ਇੰਟਰਨੈਸ਼ਨਲ ਸਕੂਲ ਦੀਆਂ ਨਵੀਨਤਮ ਸਿੱਖਿਆ ਵਿਧੀਆਂ ਨੂੰ ਅਪਣਾਉਣ, ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਅਤੇ ਉਨ੍ਹਾਂ ਨੂੰ ਭਵਿੱਖ ਦੀਆਂ ਚੁਣੌਤੀਆਂ ਦਾ ਆਤਮ-ਵਿਸ਼ਵਾਸ ਨਾਲ ਸਾਹਮਣਾ ਕਰਨ ਦੇ ਯੋਗ ਬਣਾਉਣ ਦੀ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ।