ਹਰ ਪਿੰਡ ’ਚ ਡਿਜੀਟਲ ਲਾਇਬ੍ਰੇਰੀ ਬਣਾਉਣ ਦੀ ਲੋੜ ਹਰ ਪਿੰਡ 'ਚ ਡਿਜੀਟਲ ਲਾਇਬ੍ਰੇਰੀ ਬਣਾਉਣ ਦੀ ਲੋੜ
Publish Date: Tue, 06 Oct 2026 04:31 PM (IST)
Updated Date: Tue, 06 Oct 2026 04:32 PM (IST)
ਹਰਦੀਪ ਚੌਧਰੀ, ਪੰਜਾਬੀ ਜਾਗਰਣ ਪੋਜੇਵਾਲ ਸਰਾਂ : ਬੇਸ਼ੱਕ ਬਲਾਚੌਰ ਹਲਕੇ ਨੂੰ ਅਕਸਰ ਪੱਛੜੇ ਇਲਾਕਿਆਂ ਵਿਚ ਗਿਣਿਆ ਜਾਂਦਾ ਹੈ, ਪਰ ਸਿੱਖਿਆ ਦੇ ਖੇਤਰ ਵਿਚ ਇੱਥੋਂ ਦੇ ਨੌਜਵਾਨ ਆਪਣੀ ਮਿਹਨਤ ਅਤੇ ਲਗਨ ਸਦਕਾ ਲਗਾਤਾਰ ਨਵੇਂ ਮੁਕਾਮ ਹਾਸਲ ਕਰ ਰਹੇ ਹਨ। ਸਰਕਾਰੀ ਪੱਧਰ ’ਤੇ ਬੁਨਿਆਦੀ ਸਹੂਲਤਾਂ ਦੀ ਘਾਟ ਦੇ ਬਾਵਜੂਦ ਇਲਾਕੇ ਦੇ ਕਈ ਨੌਜਵਾਨ ਮੁਕਾਬਲੇ ਦੀਆਂ ਪ੍ਰੀਖਿਆਵਾਂ ਪਾਸ ਕਰ ਕੇ ਵੱਖ-ਵੱਖ ਸਰਕਾਰੀ ਅਤੇ ਹੋਰ ਅਹੁਦਿਆਂ ’ਤੇ ਪਹੁੰਚ ਰਹੇ ਹਨ। ਬਲਾਚੌਰ ਹਲਕੇ ਦੇ 272 ਪਿੰਡਾਂ ਦੀ ਗੱਲ ਕੀਤੀ ਜਾਵੇ ਤਾਂ ਪਿੰਡ ਪੱਧਰ ’ਤੇ ਡਿਜੀਟਲ ਲਾਇਬ੍ਰੇਰੀਆਂ ਦੀ ਸਹੂਲਤ ਦੀ ਵੱਡੀ ਘਾਟ ਨਜ਼ਰ ਆਉਂਦੀ ਹੈ। ਕਈ ਪਿੰਡਾਂ ਵਿਚ ਲਾਇਬ੍ਰੇਰੀਆਂ ਐੱਨਆਰਆਈ ਭਰਾਵਾਂ ਜਾਂ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਚਲਾਈਆਂ ਜਾ ਰਹੀਆਂ ਹਨ ਪਰ ਹਾਲੇ ਵੀ ਵੱਡੀ ਗਿਣਤੀ ਵਿਚ ਪਿੰਡ ਇਸ ਸਹੂਲਤ ਤੋਂ ਵਾਂਝੇ ਹਨ। ਅੱਜ ਦੇ ਸਮੇਂ ਵਿਚ ਨੌਜਵਾਨਾਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਆਧੁਨਿਕ, ਡਿਜੀਟਲ ਅਤੇ ਸੁਵਿਧਾਜਨਕ ਪੜ੍ਹਾਈ ਦੇ ਮਾਹੌਲ ਦੀ ਬੇਹੱਦ ਲੋੜ ਹੈ। ਅੱਜ ਜਿੱਥੇ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ, ਉੱਥੇ ਪਿੰਡ ਪੱਧਰ ’ਤੇ ਡਿਜੀਟਲ ਲਾਇਬ੍ਰੇਰੀਆਂ ਸਥਾਪਿਤ ਕਰਨਾ ਵੀ ਸਮੇਂ ਦੀ ਮੁੱਖ ਲੋੜ ਹੈ। ਜੇਕਰ ਹਰ ਪਿੰਡ ਵਿਚ ਡਿਜੀਟਲ ਲਾਇਬ੍ਰੇਰੀ ਦੀ ਸਹੂਲਤ ਉਪਲਬਧ ਹੋਵੇ ਤਾਂ ਵਿਦਿਆਰਥੀ ਆਪਣੇ ਪਿੰਡ ਵਿਚ ਰਹਿ ਕੇ ਹੀ ਸਰਕਾਰੀ ਨੌਕਰੀਆਂ ਅਤੇ ਹੋਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਸਕਦੇ ਹਨ। ਇਲਾਕੇ ਦੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਪੜ੍ਹਾਈ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਦੂਰ-ਦੁਰਾਡੇ ਸਥਿਤ ਲਾਇਬ੍ਰੇਰੀਆਂ ਵਿਚ ਜਾਣਾ ਪੈਂਦਾ ਹੈ ਜਾਂ ਨਿੱਜੀ ਪੱਧਰ ’ਤੇ ਪੈਸੇ ਖਰਚ ਕਰ ਕੇ ਇਹ ਸਹੂਲਤਾਂ ਹਾਸਲ ਕਰਨੀਆਂ ਪੈਂਦੀਆਂ ਹਨ। ਪਿੰਡਾਂ ਵਿਚ ਡਿਜੀਟਲ ਲਾਇਬ੍ਰੇਰੀਆਂ ਸਥਾਪਿਤ ਹੋਣ ਨਾਲ ਵਿਦਿਆਰਥੀਆਂ ਦੇ ਸਮੇਂ ਅਤੇ ਪੈਸੇ ਦੋਵਾਂ ਦੀ ਬੱਚਤ ਹੋ ਸਕਦੀ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਸਰਕਾਰ ਦੇ ਨਾਲ-ਨਾਲ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਸੰਬੰਧਤ ਇਲਾਕੇ ਦੇ ਆਗੂਆਂ ਨੂੰ ਵੀ ਇਸ ਗੰਭੀਰ ਮੁੱਦੇ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਪਿੰਡ ਪੱਧਰ ਤੇ ਡਿਜੀਟਲ ਲਾਇਬ੍ਰੇਰੀਆਂ ਸਥਾਪਿਤ ਹੋਣ ਨਾਲ ਨੌਜਵਾਨਾਂ ਨੂੰ ਪੜ੍ਹਾਈ ਲਈ ਬਿਹਤਰ ਮਾਹੌਲ ਮਿਲੇਗਾ ਅਤੇ ਉਹ ਆਪਣੇ ਸਮੇਂ ਦਾ ਸਦਉਪਯੋਗ ਕਰਦੇ ਹੋਏ ਆਪਣੇ ਭਵਿੱਖ ਨੂੰ ਬਿਹਤਰ ਬਣਾਉਣ ਵੱਲ ਵਧ ਸਕਣਗੇ। ਇਲਾਕੇ ਦੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਪ੍ਰਵਾਸੀ ਭਾਰਤੀਆਂ ਨੂੰ ਵੀ ਇਸ ਕਾਰਜ ਲਈ ਅੱਗੇ ਆਉਣਾ ਚਾਹੀਦਾ ਹੈ। ਤਾਂ ਜੋ ਸਾਂਝੇ ਯਤਨਾਂ ਨਾਲ ਪਿੰਡਾਂ ਵਿਚ ਆਧੁਨਿਕ ਲਾਇਬ੍ਰੇਰੀਆਂ ਦਾ ਜਾਲ ਵਿਛਾਇਆ ਜਾ ਸਕੇ ਅਤੇ ਬੱਚਿਆਂ ਦੇ ਭਵਿੱਖ ਨੂੰ ਸੁਨਹਿਰੀ ਬਣਾਇਆ ਜਾ ਸਕੇ। ਸਿੱਖਿਆ ਦੇ ਖੇਤਰ ਵਿਚ ਮਜ਼ਬੂਤ ਬੁਨਿਆਦੀ ਢਾਂਚਾ ਅਤੇ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਉਣਾ ਹੀ ਇਲਾਕੇ ਦੇ ਨੌਜਵਾਨਾਂ ਨੂੰ ਅੱਗੇ ਲਿਜਾਣ ਦਾ ਸਭ ਤੋਂ ਪ੍ਰਭਾਵਸ਼ਾਲੀ ਰਸਤਾ ਹੈ। ਸਿੱਖਿਆ ਕ੍ਰਾਂਤੀ ਰਾਹੀਂ ਹੀ ਬਲਾਚੌਰ ਹਲਕੇ ਦੇ ਸਰਵਪੱਖੀ ਵਿਕਾਸ ਦੀ ਮਜ਼ਬੂਤ ਨੀਂਹ ਰੱਖੀ ਜਾ ਸਕਦੀ ਹੈ।