ਨਗਰ ਕੌਂਸਲ ਨਵਾਂਸ਼ਹਿਰ ਦੀ ਚੋਣ ਬੀਡੀਪੀਓ ਦਫ਼ਤਰ ’ਚ ਅੱਜ ਨਗਰ ਕੌਂਸਲ ਨਵਾਂਸ਼ਹਿਰ ਦੀ ਚੋਣ ਬੀਡੀਪੀਓ ਦਫਤਰ ਵਿਖੇ ਅੱਜ
Publish Date: Tue, 04 Aug 2026 07:03 PM (IST)
Updated Date: Tue, 04 Aug 2026 07:04 PM (IST)
- 19 ਕੌਂਸਲਰਾਂ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਬੀਡੀਪੀਓ ਦਫ਼ਤਰ ਪਹੁੰਚਾਇਆ ਜਾਵੇਗਾ - ਨਗਰ ਕੌਂਸਲ ਨਵਾਂਸ਼ਹਿਰ ਦੀ ਪ੍ਰਧਾਨਗੀ ਨੂੰ ਲੈ ਕੇ ਕਾਂਗਰਸ, ‘ਆਪ’, ਸ਼੍ਰੋਮਣੀ ਅਕਾਲੀ ਦਲ, ਬਸਪਾ ਅਤੇ ਆਜ਼ਾਦ ਕੌਂਸਲਰ ਪੱਬਾ ਭਾਰ ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਨਗਰ ਕੌਂਸਲ ਨਵਾਂਸ਼ਹਿਰ ਦੀ ਪ੍ਰਧਾਨਗੀ ਨੂੰ ਲੈ ਕੇ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਸਖਤ ਸੁਰਖਿਆ ਪ੍ਰਬੰਧਾਂ ਹੇਠ ਬੀਡੀਪੀਓ ਦਫ਼ਤਰ ਵਿਖੇ ਚੋਣ ਪ੍ਰਕ੍ਰਿਆ ਮੁਕੰਮਲ ਕਰਵਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਸਾਰੇ ਕਾਰਜ ਦੀ ਵੀਡੀਓ ਗ੍ਰਾਫੀ ਕਰਵਾਉਣ ਦੇ ਨਾਲ ਨਾਲ ਹੋਰਨਾਂ ਸੁੱਚਜੇ ਪ੍ਰਬੰਧਾਂ ਨੂੰ ਵੀ ਮੁਕੰਮਲ ਕਰਵਾਉਣ ਵੱਲ ਬਣਦਾ ਗੌਰ ਕੀਤਾ ਜਾ ਰਿਹਾ ਹੈ। ਉੱਥੇ ਕਾਂਗਰਸ, ਆਪ, ਸ਼੍ਰੋਮਣੀ ਅਕਾਲੀ ਦਲ, ਬਸਪਾ ਅਤੇ ਆਜ਼ਾਦ ਕੌਂਸਲਰਾਂ ਸਮੇਤ ਨਵਾਂਸ਼ਹਿਰ ਦੇ ਵਿਧਾਇਕ ਅਤੇ ਸਾਬਕਾ ਵਿਧਾਇਕ ਵੀ ਪੱਬਾਂ ਭਾਰ ਜਾਪ ਰਹੇ ਹਨ। ਜ਼ਿਲ੍ਹਾ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਚੋਣ ਪ੍ਰਕ੍ਰਿਆ ਚ ਭਾਗ ਲੈਣ ਵਾਲੇ ਸਾਰੇ 19 ਕੌਂਸਲਰਾਂ ਨੂੰ ਸਖਤ ਸੁਰਖਿਆ ਪ੍ਰਬੰਧਾਂ ਹੇਠ ਬੀਡੀਪੀਓ ਦਫਤਰ ਨਵਾਂਸ਼ਹਿਰ ਵਿਖੇ ਪਹੁੰਚਾਉਣ ਅਤੇ ਉਨ੍ਹਾਂ ਦੀ ਸੁਰਖਿਆ ਦੇ ਪ੍ਰਬੰਧ ਵੀ ਕਰਵਾਏ ਜਾ ਰਹੇ ਹਨ। ਜਿਸ ਕਾਰਨ ਹੁਣ 5 ਅਗਸਤ 2026 ਨੂੰ ਦੁਪਹਿਰ 3 ਵਜੇ ਨਗਰ ਕੌਂਸਲ ਨਵਾਂਸ਼ਹਿਰ ਦੀ ਚੋਣ ਬੀਡੀਪੀਓ ਦਫਤਰ ਵਿਖੇ ਕਰਵਾਉਣ ਦਾ ਪ੍ਰਬੰਧ ਕਰਵਾਇਆ ਜਾ ਰਿਹਾ ਹੈ। ਜਿਸ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਨਾਲ ਸਾਰੇ ਕੌਂਸਲਰ ਵੀ ਪੱਬਾਂ ਭਾਰ ਨਜ਼ਰ ਆ ਰਹੇ ਹਨ। ਪਿਛਲੀਆਂ ਕਾਰਵਾਈਆਂ ਵਾਂਗ ਹੀ ਚੋਣ ਪ੍ਰਕਿਰਿਆ ਦੀ ਨਿਗਰਾਨੀ ਕਰਨ ਲਈ ਅਦਾਲਤ ਵੱਲੋਂ ਨਿਯੁਕਤ ਆਬਜ਼ਰਵਰ (ਨਿਗਰਾਨ) ਮੌਜੂਦ ਰਹਿਣਗੇ। ਇਹ ਹਿਦਾਇਤਾਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਇਹ ਯਕੀਨੀ ਬਣਾਉਣ ਲਈ ਜਾਰੀ ਕੀਤੀਆਂ ਗਈਆਂ ਹਨ। ਕਾਨੂੰਨ ਵਿਵਸਥਾ ਦੀ ਸਮਸਿਆ ਕਾਰਨ ਮੁਲਤਵੀ ਕੀਤੀ ਸੀ 30 ਜੁਲਾਈ ਦੀ ਚੋਣ ਜ਼ਿਕਰਯੋਗ ਹੈ ਕਿ ਨਗਰ ਕੌਂਸਲ ਨਵਾਂਸ਼ਹਿਰ ਦੇ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਚੋਣ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 30 ਜੁਲਾਈ 2026 ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਇਸ ਦੌਰਾਨ ਕਾਂਗਰਸ ਦੇ 8 ਅਤੇ ਇਕ ਆਜ਼ਾਦ ਕੌਂਸਲਰ ਦੇ ਚੋਣ ਕਰਵਾਉਣ ਲਈ ਪੁੱਜਣ ਦੇ ਨਾਲ ਨਾਲ ਕਾਂਗਰਸੀ ਸਮਰਥਕਾਂ ਦੇ ਭਾਰੀ ਗਿਣਤੀ ਵਿਚ ਨਗਰ ਕੌਂਸਲ ਦਫਤਰ ਵਿਖੇ ਇਕੱਠੇ ਹੋਣ ਕਾਰਨ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਬਸਪਾ ਅਤੇ ਹੋਰਨਾਂ ਆਜਾਦ ਕੌਂਸਲਰਾਂ ਦੇ ਨਾਂ ਪੁੱਜਣ ਕਾਰਨ ਮਾਹੌਲ ਚ ਵੱਧੇ ਤਨਾਅ ਨੂੰ ਦੇਖਦਿਆਂ ਸਬੰਧਤ ਐੱਸਡੀਐਮ ਵੱਲੋਂ ਚੋਣਾਂ ਮੁਕੰਮਲ ਕਰਵਾਉਣ ਤੋਂ ਪਹਿਲਾ ਹੀ ਡੀਸੀ ਦਾ ਫੋਨ ਆਉਣ ਦੀ ਗੱਲ ਆਖ ਕੇ ਮੌਕੇ ਤੋਂ ਚਲੇ ਗਏ ਸਨ। ਜਿਸ ਕਾਰਨ ਮਾਹੌਲ ਤਨਾਅ ਪੂਰਣ ਹੋ ਗਿਆ ਸੀ। ਜਿਸ ਤੋਂ ਬਾਅਦ ਕਾਂਗਰਸੀ ਕੌਂਸਲਰਾਂ ਅਤੇ ਸਮਰਥਕਾਂ ਨੇ ਨਗਰ ਕੌਂਸਲ ਦਫਤਰ ਵਿਖੇ ਰੋਸ ਧਰਨਾ ਦੇਣ ਉਪਰੰਤ ਚੰਡੀਗੜ੍ਹ ਚੌਂਕ ਵਿਖੇ ਰੋਸ ਧਰਨਾ ਦਿੱਤਾ ਗਿਆ ਸੀ। ਉਧਰ ਕਾਂਗਰਸ ਦੇ ਸਾਬਕਾ ਵਿਧਾਇਕ ਅੰਗਦ ਸਿੰਘ ਵੱਲੋਂ ਇਸ ਮਾਮਲੇ ਨੂੰ ਮਾਣਯੋਗ ਅਦਾਲਤ ਵਿਚ ਚੁੱਕਣ ਦੀ ਗੱਲ ਆਖੀ ਗਈ ਸੀ। ਉਨ੍ਹਾਂ ਦੀ ਅਗਵਾਈ ਚ 8 ਕਾਂਗਰਸੀ ਅਤੇ ਇਕ ਆਜ਼ਾਦ ਕੌਂਸਲਰ ਵੱਲੋਂ 30 ਜੁਲਾਈ ਨੂੰ ਚੋਣਾਂ ਮੁਲਤਵੀ ਕਰਨ ਬਾਰੇ ਦਿੱਤੀ ਜਾਣਕਾਰੀ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ 30 ਜੁਲਾਈ ਦੀਆਂ ਘਟਨਾਵਾਂ ਬਾਰੇ ਰਾਜ ਸਰਕਾਰ ਅਤੇ ਅਦਾਲਤ ਵੱਲੋਂ ਨਿਯੁਕਤ ਆਬਜ਼ਰਵਰ ਤੋਂ ਵਿਸਤ੍ਰਤ ਰਿਪੋਰਟਾਂ ਦੇ ਨਾਲ-ਨਾਲ ਕਾਰਵਾਈ ਦੀ ਮੁਕੰਮਲ ਵੀਡੀਓਗ੍ਰਾਫੀ ਵੀ ਮੰਗੀ ਹੈ।।ਇਸ ਮਾਮਲੇ ਨੂੰ ਹੁਣ ਅਗਲੀ ਸੁਣਵਾਈ ਲਈ 10 ਅਗਸਤ 2026 ਤੇ ਸੂਚੀਬੱਧ ਕੀਤਾ ਹੈ। ਕਾਰਵਾਈ ਦੌਰਾਨ ਇਹ ਪੱਖ ਰੱਖਿਆ ਹੈ ਕਿ ਜੇਕਰ ਇਹ ਪਾਇਆ ਜਾਂਦਾ ਹੈ ਕਿ ਅਸਲ ਵਿਚ ਕਾਨੂੰਨ ਵਿਵਸਥਾ ਦੀ ਕੋਈ ਸਮੱਸਿਆ ਨਹੀਂ ਸੀ ਅਤੇ ਚੋਣ ਨੂੰ ਮੁਲਤਵੀ ਕਰਨ ਦਾ ਕੰਮ ਸਿਆਸੀ ਦਬਾਅ ਹੇਠ ਜਾਂ ਬਾਹਰੀ ਕਾਰਨਾਂ ਕਰਕੇ ਕੀਤਾ ਗਿਆ ਸੀ ਤਾਂ ਚੋਣ ਮੁਲਤਵੀ ਕਰਨ ਲਈ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਢੁਕਵੀਂ ਕਾਰਵਾਈ ਵੀ ਕੀਤੀ ਜਾਵੇਗੀ।