ਨਵਜੋਤ ਸਾਹਿਤ ਸੰਸਥਾ ਨੇ ਸਾਹਿਤਕ ਸਮਾਗਮ ਕਰਵਾਇਆ ਨਵਜੋਤ ਸਾਹਿਤ ਸੰਸਥਾ ਵੱਲੋਂ ਸਾਹਿਤਕ ਸਮਾਗਮ ਕਰਵਾਇਆ
Publish Date: Thu, 03 Sep 2026 04:00 PM (IST)
Updated Date: Thu, 03 Sep 2026 04:01 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਨਵਜੋਤ ਸਾਹਿਤ ਸੰਸਥਾ ਔੜ ਵੱਲੋਂ ਵਿਦਿਆਰਥੀਆਂ ਦੀਆਂ ਸਾਹਿਤਕ ਪੇਸ਼ਕਾਰੀਆਂ ਦੇ ਮੁਕਾਬਲੇ ਕਰਵਾਏ। ਪ੍ਰਿੰ. ਡਾ. ਇੰਦੂ ਰੱਤੀ ਅਤੇ ਕਾਲਜ ਦੀ ਸਥਾਨਕ ਕਮੇਟੀ ਦੇ ਸਕੱਤਰ ਜਰਨੈਲ ਸਿੰਘ ਪੱਲੀ ਝਿੱਕੀ ਨੇ ਮਹਿਮਾਨਾਂ ਨੂੰ ‘ਜੀ ਆਇਆਂ ਨੂੰ’ ਆਖਿਆ ਅਤੇ ਨਵਜੋਤ ਸਾਹਿਤ ਸੰਸਥਾ ਔੜ ਦੀਆਂ ਸਾਹਿਤਕ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ। ਸਭ ਤੋਂ ਪਹਿਲਾ ਕਵਿਤਾ ਉਚਾਰਨ ਪ੍ਰਤੀਯੋਗਤਾ ਵਿਚ ਬੀਏ ਦੇ ਸੁਖਮਨਵੀਰ ਸਿੰਘ ਨੇ ਪਹਿਲਾ ਸਥਾਨ ਕੀਤਾ। ਦੂਜੇ ਦੌਰ ਵਿਚ ਪ੍ਰਤੀਯੋਗੀਆਂ ਨੂੰ ਮੌਕੇ ’ਤੇ ਵਿਸ਼ੇ ਦੱਸ ਕੇ ਉਨ੍ਹਾਂ ਦੇ ਵਿਚਾਰ ਸੁਣੇ ਜਿਸ ਵਿਚ ਬੀਐਸਸੀ ਦਾ ਬਲਜੀਤ ਸਿੰਘ ਅੱਵਲ ਰਿਹਾ। ਸਾਹਿਤ ਨਾਲ ਜੁੜੇ ਸਵਾਲਾਂ ’ਤੇ ਆਧਾਰਿਤ ਲਿਖਤੀ ਮੁਕਾਬਲੇਬਾਜ਼ੀ ਵਿਚ ਬੀਕਾਮ ਦੀ ਇੰਦਰਪ੍ਰੀਤ ਕੌਰ ਨੇ ਸਭ ਤੋਂ ਵੱਧ ਅੰਕ ਹਾਸਲ ਕੀਤੇ। ਸੁੰਦਰ ਲਿਖਾਈ ਦੇ ਮੁਕਾਬਲੇ ਵਿਚ ਬੀਏ ਦੀ ਇਸ਼ਮੀਤ ਕੌਰ ਨੇ ਸਭ ਤੋਂ ਸੁੰਦਰ ਲਿਖੀ। ਜੇਤੂਆਂ ਨੂੰ ਸਨਮਾਨਿਤ ਕਰਨ ਦੀ ਰਸਮ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਢਾਹਾਂ ਕਲੇਰਾਂ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਨਿਭਾਈ। ਉਨ੍ਹਾਂ ਕਿਹਾ ਕਿ ਅਕਾਦਮਿਕ ਅਧਿਐਨ ਦੇ ਨਾਲ-ਨਾਲ ਸਾਹਿਤ, ਕਲਾ ਤੇ ਖੇਡਾਂ ਨਾਲ ਜੁੜੀਆਂ ਸਰਗਰਮੀਆਂ ਵਿਦਿਆਰਥੀਆਂ ਦੇ ਸ਼ਖ਼ਸੀਅਤ ਨਿਰਮਾਣ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਪ੍ਰਤੀਯੋਗਤਾਵਾਂ ਵਿਚੋਂ ਅੱਵਲ ਆਉਣ ਵਾਲੇ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ, ਕਿਤਾਬਾਂ ਅਤੇ ਪ੍ਰਮਾਣ ਪੱਤਰ ਪ੍ਰਦਾਨ ਕਰ ਕੇ ਸਨਮਾਨਿਤ ਕੀਤਾ। ਜੱਜਮੈਂਟ ਦੀ ਭੂਮਿਕਾ ਨਿਭਾਉਣ ਵਾਲਿਆਂ ਵਿਚ ਸਤਪਾਲ ਸਾਹਲੋਂ, ਡਾ. ਗੁਰਤੇਜ ਸਿੰਘ, ਰਾਜਿੰਦਰ ਜੱਸਲ, ਸੁਰਜੀਤ ਮਜਾਰੀ ਸ਼ਾਮਲ ਸਨ। ਸੰਸਥਾ ਦੇ ਪ੍ਰਧਾਨ ਦਵਿੰਦਰ ਸਕੋਹਪੁਰੀ ਨੇ ਦੱਸਿਆ ਕਿ ਇਹ ਸੰਸਥਾ ਪੰਜਵੇਂ ਦਹਾਕੇ ’ਚ ਪ੍ਰਵੇਸ਼ ਕਰ ਚੁੱਕੀ। ਮੰਚ ਦਾ ਸੰਚਾਲਨ ਸੰਸਥਾ ਦੇ ਸਕੱਤਰ ਡਾ. ਕੇਵਲ ਰਾਮ ਨੇ ਨਿਵੇਕਲੇ ਅੰਦਾਜ ’ਚ ਨਿਭਾਇਆ। ਇਸ ਸਮੇਂ ਕਾਲਜ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਨਿਰਮਲਜੀਤ ਕੌਰ ਅਤੇ ਸੁਰਜੀਤ ਮਜਾਰੀ, ਹਰੀ ਕਿਸ਼ਨ ਪਟਵਾਰੀ ਨੇ ਵੀ ਵਿਚਾਰਾਂ ਦੀ ਸਾਂਝ ਪਾਈ।