
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਰਾਸ਼ਟਰੀ ਖੇਡ ਦਿਵਸ ਮਨਾਇਆ

ਰਮੇਸ਼ ਸ਼ਰਮਾ, ਪੰਜਾਬੀ ਜਾਗਰਣ, ਨਵਾਂਸ਼ਹਿਰ : ਰੈੱਡ ਕਰਾਸ ਨਸ਼ਾ ਪੀੜਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ ਵਿਖੇ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ। ਜਿਸ ਦੀ ਪ੍ਰਧਾਨਗੀ ਚਮਨ ਸਿੰਘ ਪ੍ਰੋਜੈਕਟ ਡਾਇਰੈਕਟਰ ਨੇ ਕੀਤੀ। ਉਨ੍ਹਾਂ ਦੱਸਿਆ ਕਿ ਅੱਜ ਦਾ ਦਿਨ ਮੇਜਰ ਧਿਆਨ ਚੰਦ ਦੇ ਜਨਮ ਦਿਨ ਨੂੰ ਮੁੱਖ ਰੱਖਦਿਆਂ ਮਨਾਇਆ ਜਾਂਦਾ ਹੈ। ਜਦ ਵੀ ਖੇਡ ਦਿਵਸ ਦੀ ਗੱਲ ਕਰੀਏ ਤਾਂ ਮੇਜਰ ਧਿਆਨ ਚੰਦ ਦਾ ਨਾਮ ਆਉਦਾ ਹੈ। ਉਹ ਹਾਕੀ ਦੇ ਸਭ ਤੋਂ ਹਰਮਨ ਪਿਆਰੇ ਖਿਡਾਰੀ ਮੰਨੇ ਜਾਂਦੇ ਹਨ। ਉਨ੍ਹਾਂ ਦੀ ਹਾਕੀ ਦੀ ਖੇਡ ਨੂੰ ਬਹੁਤ ਵੱਡੀ ਦੇਣ ਹੈ। ਉਨ੍ਹਾਂ ਦਾ ਨਾਮ ਉਤਮਤਾ, ਸਮਰਪਣ ਅਤੇ ਰਾਸ਼ਟਰੀ ਮਾਣ ਨਾਲ ਜੋੜਿਆ ਜਾਂਦਾ ਹੈ। ਉਨ੍ਹਾਂ ਦਾ ਜਨਮ 29 ਅਗਸਤ 1905 ਨੂੰ ਹੋਇਆ ਸੀ। ਉਨ੍ਹਾਂ ਦੇ ਮਾਣ ਵਜੋਂ ਰਾਸ਼ਟਰੀ ਖੇਡ ਦਿਵਸ ਮਨਾਇਆ ਜਾਂਦਾ ਹੈ। ਖੇਡਾਂ ਸਰੀਰ ਨੂੰ ਸਿਹਤਮੰਦ ਰੱਖਣ, ਆਤਮ ਵਿਸ਼ਵਾਸ, ਅਨੁਸ਼ਾਸ਼ਨ, ਸੱਭਿਅਕ ਵਿਵਹਾਰ, ਸਮੇਂ ਤੇ ਖਾਣਾ, ਹਾਰ ਨੂੰ ਸਵੀਕਾਰ ਕਰਨਾ ਇਹ ਸਭ ਗੱਲਾਂ ਸਿਖਾਉਦੀਆਂ ਹਨ ਕਿ ਹਾਰ ਅੰਤ ਨਹੀਂ, ਨਵੀਂ ਸ਼ੁਰੂਆਤ ਹੈ। ਅੱਜ ਦੀ ਅਧੁਨਿਕ ਨੌਜਵਾਨ ਪੀੜੀ ਨੂੰ ਜੇਕਰ ਸਹੀ ਸਮੇਂ ਤੇ ਸਹੀ ਦਿਸ਼ਾ ਮਿਲ ਜਾਵੇ ਤੇ ਉਨ੍ਹਾਂ ਦਾ ਭਵਿੱਖ ਸੰਵਰ ਸਕਦਾ ਹੈ ਅਤੇ ਵਰਤਮਾਨ ਖੁਸ਼ਨਮਾ ਹੋ ਸਕਦਾ ਹੈ। ਗਲਤ ਸੰਗਤ, ਗਲਤ ਪਾਸੇ, ਗਲਤ ਕੰਮਾ ਵਿਚ ਪੈਣ ਤੋਂ ਖੇਡਾਂ ਨੌਜਵਾਨ ਪੀੜੀ ਨੂੰ ਬਚਾਉਦੀਆਂ ਹਨ। ਇਸ ਕਰਕੇ ਸਾਨੂੰ ਖੇਡਾਂ ਵਿਚ ਵੱਧ ਤੋਂ ਵੱਧ ਰੁਚੀ ਰੱਖਣੀ ਚਾਹੀਦੀ ਹੈ। ਲੋੜ ਹੈ ਆਪਣੇ ਘਰ ਤੋਂ ਇਸ ਦੀ ਸ਼ੁਰੂਆਤ ਕਰੀਏ। ਜੇਕਰ ਸਕੂਲਾਂ, ਕਾਲਜਾਂ ਤੇ ਰਾਸ਼ਟਰੀ ਪੱਧਰ ਤੇ ਹਰ ਕੋਈ ਸਹਿਯੋਗ ਕਰੇ ਤਾਂ ਸਾਡੇ ਨੌਜਵਾਨ ਖੇਡਾਂ ਵਰਗੇ ਸਾਰਥਿਕ ਕੰਮ ਵਿਚ ਪੈ ਕੇ ਆਪਣੇ ਸ਼ਹਿਰ, ਸੂਬੇ, ਦੇਸ਼ ਦਾ ਨਾਮ ਜਰੂਰ ਰੌਸ਼ਨ ਕਰਨਗੇ। ਅਸੀ ਖੇਡਾਂ ਨਾਲ ਜੁੜੀਏ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜੀਏ ਤਾਂ ਕਿ ਪੰਜਾਬ ਦੇ ਨੌਜਵਾਨ ਨਸ਼ੇ ਦੀ ਲਤ ਤੋਂ ਬਚ ਸਕਣ ਅਤੇ ਆਪਣੀ ਜਿੰਦਗੀ ਨੂੰ ਬਚਾ ਸਕਣ। ਇਸ ਮੌਕੇ ਕਮਲਜੀਤ ਕੌਰ, ਦਿਨੇਸ਼ ਕੁਮਾਰ, ਵਿਜੇ ਕੁਮਾਰ, ਪਰਵੇਸ਼ ਕੁਮਾਰ, ਪਰਵੀਨ ਕੁਮਾਰੀ, ਕਮਲਾ ਰਾਣੀ, ਕੋਮਲਪ੍ਰੀਤ ਕੌਰ ਅਤੇ ਮਰੀਜ ਹਾਜ਼ਰ ਸਨ।