ਲਾਟਰੀ ਦੀ ਆੜ ਹੇਠ ਦੜੇ ਸੱਟੇ ਦਾ ਕਾਰੋਬਾਰ ਜਾਰੀ ਬਲਾਚੌਰ 'ਚ ਲਾਟਰੀ ਦੀ ਆੜ ਹੇਠ ਦੜੇ ਸੱਟੇ ਲਗਾਉਣ ਵਾਲਾ ਨਾਗ, ਪ੍ਰਸ਼ਾਸਨਿਕ ਪਟਾਰੀ ਤੋਂ ਬੇਕਾਬੂ
Publish Date: Wed, 19 Aug 2026 03:34 PM (IST)
Updated Date: Wed, 19 Aug 2026 03:36 PM (IST)
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ : ਬਲਾਚੌਰ ਇਲਾਕੇ ਅੰਦਰ ਦੜੇ ਸੱਟੇ ਦਾ ਕਾਰੋਬਾਰ ਪਿਛਲੇ ਲੰਬੇ ਸਮੇਂ ਤੋਂ ਭਰ ਜੋਬਨ ਉੱਪਰ ਚੱਲਦਾ ਆ ਰਿਹਾ ਹੈ। ਇਸ ਨਾਜਾਇਜ਼ ਗੋਰਖ ਧੰਦੇ ਨੂੰ ਚਲਾਉਣ ਵਾਲੇ ਲੋਕ ਸ਼ਰੇਆਮ ਚਿੱਟੇ ਦਿਨ ਗਰੀਬ, ਮਜ਼ਦੂਰ ਲੋਕਾਂ ਦੀ ਮਿਹਨਤ ਮੁਸ਼ੱਕਤ ਦੀ ਕਮਾਈ ਨੂੰ ਲੁੱਟ ਦਾ ਸ਼ਿਕਾਰ ਬਣਾ ਰਹੇ ਹਨ। ਲੋਕਾਂ ਨੇ ਦਬੀ ਆਵਾਜ਼ ’ਚ ਦੱਸਣ ਅਨੁਸਾਰ ਕੰਗਣਾ ਪੁਲ ਨਜ਼ਦੀਕ ਸ਼ਰੇਆਮ ਚੱਲ ਰਿਹਾ ਦੜੇ ਸੱਟੇ ਦਾ ਕਾਰੋਬਾਰ ਕੋਈ ਲੁਕਿਆ ਛੁਪਿਆ ਨਹੀਂ ਹੈ। ਜਿਸ ਨੂੰ ਚਲਾਉਣ ਵਾਲੇ ਨਿਡਰ ਹੋ ਕੇ ਸ਼ਰੇਆਮ ਦੁਕਾਨਾਂ ਦਾ ਸ਼ਟਰ ਖੋਲ ਕੇ ਚਲਾ ਰਹੇ ਹਨ ਜਿਵੇਂ ਇਨ੍ਹਾਂ ਦੜੇ ਸੱਟੇ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਪੁਲਿਸ ਪ੍ਰਸ਼ਾਸਨ ਦਾ ਬਿਲਕੁੱਲ ਵੀ ਡਰ ਨਾ ਹੋਵੇ। ਇਲਾਕੇ ਦੇ ਕਾਨੂੰਨ ਪਸੰਦ ਲੋਕਾਂ ਦਾ ਕਹਿਣਾ ਹੈ ਕਿ ਆਖਿਰ ਕਿਸ ਦੀ ਸ਼ਹਿ ’ਤੇ ਸ਼ਰੇਆਮ ਦੁਕਾਨਾਂ ਖੋਲ ਕੇ ਨਾਜਾਇਜ਼ ਕਾਰੋਬਾਰ ਚਲਾ ਕੇ ਗਰੀਬ ਅਤੇ ਦਿਹਾੜੀਦਾਰ ਮਜ਼ਦੂਰਾਂ ਦੀਆਂ ਜੇਬਾਂ ’ਤੇ ਡਾਕਾ ਮਾਰ ਰਹੇ ਹਨ। ਜਿਸ ਕਾਰਨ ਉਨ੍ਹਾਂ ਦੇ ਪਰਿਵਾਰਾਂ ਦਾ ਗੁਜਾਰਾ ਕਰਨਾ ਵੀ ਮੁਸ਼ਕਿਲ ਹੋ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਦੜੇ ਸੱਟੇ ਦਾ ਕਾਰੋਬਾਰ ਕਰਨ ਵਾਲੇ ਮਾਫੀਏ ਨੇ ਪ੍ਰਸ਼ਾਸਨ ਨੂੰ ਪਤਾ ਨਹੀਂ ਕਿਹੜੀ ਗਿੱਦੜਸਿੰਗੀ ਨਾਲ ਕੀਲ ਕੇ ਰੱਖਿਆ ਹੋਇਆ ਹੈ ਕਿ ਸ਼ਰੇਆਮ ਚੱਲ ਰਹੇ ਇਸ ਧੰਦੇ ਦੇ ਮਾਫੀਆ ਨੂੰ ਨੱਥ ਨਹੀਂ ਪੈ ਰਹੀ। ਜਿਸ ਕਾਰਨ ਗਰੀਬ ਪਰਿਵਾਰਾਂ ਲਈ ਦੋ ਵਕਤ ਦੀ ਰੋਟੀ ਖਾਣੀ ਵੀ ਮੁਸ਼ਕਿਲ ਹੋ ਗਈ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬਲਾਚੌਰ ਵਿਖੇ ਚੱਲ ਰਹੇ ਇਸ ਨਾਜਾਇਜ਼ ਕਾਰੋਬਾਰ ਨੂੰ ਚਲਾਉਣ ਵਾਲਿਆ ’ਤੇ ਨੱਥ ਪਾ ਕੇ ਤੁਰੰਤ ਬੰਦ ਕਰਵਾਇਆ ਜਾਵੇ ਤਾਂ ਜੋ ਗਰੀਬ ਲੋਕ ਆਪਣਾ ਜੀਵਨ ਖੁਸ਼ੀ-ਖੁਸ਼ੀ ਬਿਤਾ ਸਕਣ ਅਤੇ ਲੁੱਟ-ਖਸੁੱਟ ਤੋਂ ਬਚ ਸਕਣ। ਬੀਤੇ ਦਿਨੀਂ ਸੋਸ਼ਲ ਮੀਡੀਆ ਉੱਪਰ ਇੱਕ ਤੇਜ਼ੀ ਨਾਲ ਵਾਇਰਲ ਹੋਈ ਵੀਡੀਓ ਵੀ ਚਰਚਾ ਦਾ ਵਿਸ਼ਾ ਬਣ ਗਈ। ਜਿਸ ਵਿਚ ਪੁਲਿਸ ਵੱਲੋਂ ਕੰਗਣਾ ਪੁਲ ਬਲਾਚੌਰ ਵਿਖੇ ਦੜੇ ਸੱਟੇ ਦੇ ਸਥਾਨ ’ਤੇ ਛਾਪੇਮਾਰੀ ਕੀਤੀ ਤਾਂ ਮਾਫੀਆ ਰੇਡ ਦੀ ਪਹਿਲੋਂ ਹੀ ਭਿਣਕ ਪੈਣ ’ਤੇ ਉਹ ਭੱਜਣ ਵਿਚ ਸਫਲ ਰਹੇ ਅਤੇ ਇਸ ਜਗ੍ਹਾ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਕਾਨੂੰਨ ਪਸੰਦ ਲੋਕਾਂ ਦਾ ਕਹਿਣਾ ਹੈ ਕਿ ਦੜੇ ਸੱਟੇ ਵਾਲਾ ਅਜਗਰ ਨਾਗ ਪ੍ਰਸ਼ਾਸਨਿਕ ਪਟਾਰੀ ਤੋਂ ਬੇਕਾਬੂ ਜਾਪਦਾ ਹੈ। ਇਸ ਸਬੰਧੀ ਪੁਲਿਸ ਥਾਣਾ ਸਿਟੀ ਬਲਾਚੌਰ ਦੇ ਐੱਸਐੱਚਓ ਰਾਜ ਪਰਵਿੰਦਰ ਕੌਰ ਨੇ ਆਖਿਆ ਕਿ ਪੁਲਿਸ ਵੱਲੋਂ ਰੇਡ ਕੀਤੀ ਗਈ ਪਰ ਉੱਥੇ ਕੁੱਝ ਵੀ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਗੈਰ-ਕਾਨੂੰਨੀ ਧੰਦੇ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ।