ਮੂਸਾਪੁਰ ਡੰਪ ਨੂੰ ਲੈ ਕੇ ਜਾਗਿਆ ਨਗਰ ਕੌਂਸਲ, ਪ੍ਰਧਾਨ ਤੇ ਆਪ ਕੌਂਸਲਰ ਨੇ ਕੀਤਾ ਦੌਰਾ ਇਕ ਮਹੀਨੇ ਤੋਂ ਤਕਨੀਕੀ
Publish Date: Thu, 12 Nov 2026 06:52 PM (IST)
Updated Date: Thu, 12 Nov 2026 06:54 PM (IST)
ਇਕ ਮਹੀਨੇ ਤੋਂ ਤਕਨੀਕੀ ਜਾਂਚ ਚ ਅਟਕੀ ਟੈਂਡਰ ਪ੍ਰਕਿਰਿਆ ਜਲਦ ਪੂਰੀ ਕਰਨ ਦੇ ਨਿਰਦੇਸ਼ ਜਾਸ, ਨਵਾਂਸ਼ਹਿਰ : ਡੇਢ ਮਹੀਨੇ ਬਾਅਦ ਮੂਸਾਪੁਰ ਡੰਪ ਨੂੰ ਲੈ ਕੇ ਸਥਾਨਕ ਨਗਰ ਕੌਂਸਲ ਹਰਕਤ ਵਿੱਚ ਆ ਗਈ ਹੈ। ਆਮ ਆਦਮੀ ਪਾਰਟੀ ਨਾਲ ਸਬੰਧਤ ਨਗਰ ਕੌਂਸਲ ਪ੍ਰਧਾਨ ਅਤੇ ਕੌਂਸਲਰਾਂ ਨੇ ਮੂਸਾਪੁਰ ਰੋਡ ਸਥਿਤ ਮੁੱਖ ਕੂੜਾ ਡੰਪ ਦਾ ਮੌਕੇ ਤੇ ਜਾ ਕੇ ਨਿਰੀਖਣ ਕੀਤਾ। ਜਨਪ੍ਰਤੀਨਿਧੀਆਂ ਦੀ ਟੀਮ ਨੇ ਪਿਛਲੇ ਕਰੀਬ ਡੇਢ ਮਹੀਨੇ ਤੋਂ ਲਗਾਤਾਰ ਸੁਲਗ ਰਹੀ ਅੱਗ ਅਤੇ ਇਸ ਕਾਰਨ ਸ਼ਹਿਰ ਦੇ ਪੰਜ ਕਿਲੋਮੀਟਰ ਦੇ ਘੇਰੇ ਵਿੱਚ ਫੈਲ ਰਹੇ ਜ਼ਹਿਰੀਲੇ ਧੂੰਏਂ ਦੀ ਗੰਭੀਰ ਸਥਿਤੀ ਦਾ ਜਾਇਜ਼ਾ ਲਿਆ। ਨਿਰੀਖਣ ਦੌਰਾਨ ਨਗਰ ਕੌਂਸਲ ਪ੍ਰਧਾਨ ਅਤੇ ਮੌਜੂਦ ਆਪ ਕੌਂਸਲਰਾਂ ਨੇ ਮੌਕੇ ’ਤੇ ਤਾਇਨਾਤ ਕਰਮਚਾਰੀਆਂ ਅਤੇ ਸਫ਼ਾਈ ਸ਼ਾਖਾ ਦੇ ਅਧਿਕਾਰੀਆਂ ਤੋਂ ਅੱਗ ਤੇ ਕਾਬੂ ਨਾ ਪਾਉਣ ਦੇ ਕਾਰਨਾਂ ਬਾਰੇ ਜਾਣਕਾਰੀ ਲਈ। ਉਨ੍ਹਾਂ ਨਿਰਦੇਸ਼ ਦਿੱਤੇ ਕਿ ਫਾਇਰ ਬ੍ਰਿਗੇਡ, ਜੇਸੀਬੀ ਅਤੇ ਪੋਕਲੇਨ ਮਸ਼ੀਨਾਂ ਦੀ ਮਦਦ ਨਾਲ ਕੂੜੇ ਦੇ ਢੇਰ ਅੰਦਰ ਸੁਲਗ ਰਹੀ ਅੱਗ ਨੂੰ ਤੁਰੰਤ ਪੂਰੀ ਤਰ੍ਹਾਂ ਠੰਢਾ ਕੀਤਾ ਜਾਵੇ, ਤਾਂ ਜੋ ਸ਼ਹਿਰ ਵਾਸੀਆਂ ਨੂੰ ਜ਼ਹਿਰੀਲੇ ਧੂੰਏਂ ਤੋਂ ਰਾਹਤ ਮਿਲ ਸਕੇ। ਸਫ਼ਾਈ ਕਰਮਚਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਜਿਸ ਪਾਸੇ ਅੱਗ ਲੱਗੀ ਹੋਈ ਹੈ, ਉੱਥੇ ਕੂੜਾ ਨਾ ਸੁੱਟਿਆ ਜਾਵੇ। ਪੋਕਲੇਨ ਮਸ਼ੀਨ ਲਗਾ ਕੇ ਡੰਪ ਦੀ ਸਫ਼ਾਈ ਕਰਵਾਈ ਜਾਵੇਗੀ ਅਤੇ ਮਿੱਟੀ ਪਾ ਕੇ ਅੱਗ ਤੇ ਜਲਦ ਕਾਬੂ ਪਾਇਆ ਜਾਵੇਗਾ। ਕਾਰਜਸਾਧਕ ਅਫ਼ਸਰ (ਈਓ) ਨੂੰ ਵੀ ਅੱਗ ਬੁਝਾਉਣ ਲਈ ਲੋੜੀਂਦੇ ਸਾਰੇ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਗਏ ਹਨ। ਬਾਕਸ 1.80 ਕਰੋੜ ਦੇ ਪ੍ਰੋਜੈਕਟ ਦੀਆਂ ਰੁਕਾਵਟਾਂ ਦੂਰ ਕਰਨ ਦਾ ਭਰੋਸਾ ਡੰਪ ਦਾ ਦੌਰਾ ਕਰਨ ਤੋਂ ਬਾਅਦ ਨਗਰ ਕੌਂਸਲ ਪ੍ਰਧਾਨ ਅਤੇ ਕੌਂਸਲਰਾਂ ਨੇ ਸਪੱਸ਼ਟ ਕੀਤਾ ਕਿ ਟੈਂਡਰ ਨਾਲ ਸਬੰਧਤ ਤਕਨੀਕੀ ਬਿਡ ਦੀਆਂ ਰਸਮਾਂ ਜਲਦ ਤੋਂ ਜਲਦ ਪੂਰੀਆਂ ਕਰਵਾਈਆਂ ਜਾਣਗੀਆਂ ਅਤੇ ਵਿੱਤੀ ਬਿਡ ਦੀ ਪ੍ਰਕਿਰਿਆ ਵਿੱਚ ਵੀ ਤੇਜ਼ੀ ਲਿਆਂਦੀ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਕੌਂਸਲ ਇਸ ਗੰਭੀਰ ਸਮੱਸਿਆ ਦੇ ਸਥਾਈ ਹੱਲ ਲਈ ਵਚਨਬੱਧ ਹੈ ਅਤੇ ਜਲਦ ਹੀ ਡੰਪ ਦੀ ਸਫ਼ਾਈ ਦਾ ਕੰਮ ਜ਼ਮੀਨੀ ਪੱਧਰ ਤੇ ਸ਼ੁਰੂ ਕਰਵਾ ਦਿੱਤਾ ਜਾਵੇਗਾ। ਪਿਛਲੇ ਕਈ ਹਫ਼ਤਿਆਂ ਤੋਂ ਜ਼ਹਿਰੀਲੇ ਧੂੰਏਂ, ਅੱਖਾਂ ਵਿੱਚ ਜਲਣ ਅਤੇ ਸਾਹ ਦੀਆਂ ਬਿਮਾਰੀਆਂ ਨਾਲ ਜੂਝ ਰਹੇ ਮੂਸਾਪੁਰ ਰੋਡ ਅਤੇ ਆਲੇ-ਦੁਆਲੇ ਦੀਆਂ ਕਾਲੋਨੀਆਂ ਦੇ ਵਸਨੀਕਾਂ ਨੇ ਜਾਗਰਣ ਦੀ ਇਸ ਪਹਿਲ ਦੀ ਸ਼ਲਾਘਾ ਕੀਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਹੀ ਜਨਪ੍ਰਤੀਨਿਧੀਆਂ ਨੇ ਇਸ ਸਮੱਸਿਆ ਵੱਲ ਧਿਆਨ ਦਿੱਤਾ ਹੈ। ਹਾਲਾਂਕਿ, ਹੁਣ ਇਸ ਦੌਰੇ ਨੂੰ ਸਿਰਫ਼ ਰਸਮੀ ਕਾਰਵਾਈ ਤੱਕ ਸੀਮਤ ਨਾ ਰੱਖ ਕੇ ਅੱਗ ਬੁਝਾਉਣ ਅਤੇ ਕੂੜੇ ਦੇ ਨਿਪਟਾਰੇ ਦਾ ਕੰਮ ਅਮਲੀ ਤੌਰ ਤੇ ਸ਼ੁਰੂ ਕਰਨਾ ਜ਼ਰੂਰੀ ਹੈ। ਤਿੰਨ ਦਹਾਕਿਆਂ ਪੁਰਾਣੇ ਕਰੀਬ 60 ਹਜ਼ਾਰ ਟਨ ਕੂੜੇ ਦੇ ਪਹਾੜ ਨੂੰ ਖ਼ਤਮ ਕਰਨ ਲਈ 1.80 ਕਰੋੜ ਰੁਪਏ ਦੀ ਲਾਗਤ ਨਾਲ ਟੈਂਡਰ ਲਗਾਇਆ ਗਿਆ ਹੈ, ਪਰ ਪਿਛਲੇ ਇਕ ਮਹੀਨੇ ਤੋਂ ਇਹ ਸਿਰਫ਼ ਤਕਨੀਕੀ ਜਾਂਚ ਦੀ ਕਾਗਜ਼ੀ ਕਾਰਵਾਈ ਵਿੱਚ ਹੀ ਅਟਕਿਆ ਹੋਇਆ ਹੈ। ਇਸ ਕਾਰਨ ਜ਼ਮੀਨੀ ਪੱਧਰ ਤੇ ਕੰਮ ਸ਼ੁਰੂ ਨਹੀਂ ਹੋ ਸਕਿਆ। ਹੁਣ ਜ਼ਿਲ੍ਹਾ ਪ੍ਰਸ਼ਾਸਨ, ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਨਗਰ ਕੌਂਸਲ ਦੀ ਕਾਰਜਪ੍ਰਣਾਲੀ ਤੇ ਉੱਠੇ ਸਵਾਲਾਂ ਤੋਂ ਬਾਅਦ ਅੱਜ ਕੌਂਸਲ ਦੇ ਆਗੂਆਂ ਨੇ ਮੌਕੇ ਤੇ ਪਹੁੰਚ ਕੇ ਸਮੱਸਿਆ ਦੇ ਹੱਲ ਦਾ ਭਰੋਸਾ ਦਿੱਤਾ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਦੇ ਪਤੀ ਸਤੀਸ਼ ਲਾਲ, ਦਲਿਤ ਵਿਕਾਸ ਬੋਰਡ ਦੇ ਚੇਅਰਮੈਨ ਅਤੇ ਹਲਕਾ ਨਵਾਂਸ਼ਹਿਰ ਤੋਂ ਵਾਰਡ ਨੰਬਰ 17 ਦੇ ਕੌਂਸਲਰ ਪਤੀ ਵਿੱਕੀ ਗਿੱਲ, ਵਾਰਡ ਨੰਬਰ 17 ਦੇ ਕੌਂਸਲਰ ਪਤੀ ਸੁਸ਼ੀਲ ਕੁਮਾਰ ਸਿੱਲੀ ਸਮੇਤ ਹੋਰ ਕੌਂਸਲਰ ਵੀ ਮੌਜੂਦ ਸਨ।