ਨਗਰ ਕੌਂਸਲ ਪ੍ਰਧਾਨ ਰਸ਼ਮੀ ਰਣਦੇਵ ਨੇ ਕੀਤੀ ਅਹਿਮ ਮੀਟਿੰਗ ਨਗਰ ਕੌਂਸਲ ਪ੍ਰਧਾਨ ਰਸ਼ਮੀ ਰਣਦੇਵ ਨੇ ਕੀਤੀ ਅਹਿਮ ਮੀਟਿੰਗ
Publish Date: Mon, 19 Oct 2026 06:47 PM (IST)
Updated Date: Mon, 19 Oct 2026 06:48 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਰਾਹੋਂ : ਨਗਰ ਕੌਂਸਲ ਰਾਹੋਂ ਦੇ ਇਤਿਹਾਸ ਵਿਚ ਸੰਨ 1947 ਤੋਂ ਅੱਜ 2026 ਤੱਕ ਪਹਿਲੀ ਮਹਿਲਾ ਨਗਰ ਕੌਂਸਲ ਪ੍ਰਧਾਨ ਰਸਮੀ ਰਣਦੇਵ ਪਤਨੀ ਹੇਮੰਤ ਕੁਮਾਰ ਰਣਦੇਵ ਸਾਬਕਾ ਪ੍ਰਧਾਨ ਨਗਰ ਕੌਂਸਲ ਰਾਹੋਂ ਵੱਲੋ ਪੱਤਰਕਾਰਾਂ, ਕੌਂਸਲਰ ਅਤੇ ਸਮੂਹ ਸਟਾਫ ਨਾਲ ਇੱਕ ਅਹਿਮ ਮੀਟਿੰਗ ਕੀਤੀ। ਜਿਸ ਦੌਰਾਨ ਰਾਹੋਂ ਦੇ ਮਸਲੇ ਵਿਚਾਰੇ ਗਏ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿਚ ਸਫਾਈ ਵਿਵਸਥਾ ਸੁਚਾਰੂ ਰੂਪ ਨਾਲ ਕੀਤੀ ਜਾਵੇਗੀ ਅਤੇ ਇਤਿਹਾਸਿਕ ਸ਼ਹਿਰ ਰਾਹੋਂ ਨੂੰ ਨੰਬਰ ਵਨ ਬਣਾਇਆ ਜਾਵੇਗਾ। ਇਸਦੇ ਨਾਲ ਗਲੀਆਂ-ਨਾਲੀਆਂ, ਸਟਰੀਟ ਲਾਈਟਾਂ ਦਾ ਪ੍ਰਬੰਧ ਕੀਤਾ ਜਾਵੇਗਾ। ਤਿਉਹਾਰਾਂ ਦੇ ਦਿਨ ਹੋਣ ਕਾਰਨ ਸ਼ਹਿਰ ਵਿਚ ਸਫਾਈ ਦੀ ਵਿਵਸਥਾ ਬਹੁਤ ਜਰੂਰੀ ਹੈ, ਜਿੱਥੇ ਵੀ ਕਿਤੇ ਕੂੜੇ ਦੇ ਢੇਰ ਹਨ ਉਨ੍ਹਾਂ ਨੂੰ ਤੁਰੰਤ ਚੁੱਕ ਕੇ ਡੰਪ ਵਿਚ ਸੁੱਟਿਆ ਜਾਵੇ ਅਤੇ ਜਿਹੜੀਆਂ ਲਾਈਟਾਂ ਬੰਦ ਪਈਆਂ ਹਨ ਉਨ੍ਹਾਂ ਨੂੰ ਤੁਰੰਤ ਚਾਲੂ ਕੀਤਾ ਜਾਵੇਗਾ, ਨਜਾਇਜ਼ ਕਬਜ਼ੇ ਕਰਨ ਵਾਲਿਆਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਬਾਜ਼ਾਰ ਵਿਚ ਦੁਕਾਨਾਂ ਅੱਗੇ ਵਧ-ਚੜ ਕੇ ਲਾਏ ਸਮਾਨ ਨੂੰ ਨੇੜੇ ਕੀਤਾ ਜਾਵੇਗਾ ਤਾਂ ਜੋ ਆਉਣ-ਜਾਣ ਵਾਲੇ ਗਾਹਕਾਂ ਨੂੰ ਪਰੇਸ਼ਾਨੀ ਨਾ ਹੋਵੇ। ਰਾਹੋਂ ਸਿਵਲ ਹਸਪਤਾਲ ਦੀ ਜਗ੍ਹਾ ਤੇ ਇੱਕ ਵਧੀਆ ਪਾਰਕਿੰਗ ਬਣਾਉਣ ਦੀ ਮੰਗ ਕੀਤੀ ਗਈ। ਤਾਂ ਜੋ ਗੱਡੀਆਂ, ਮੋਟਰ ਸਾਈਕਲ, ਸਕੂਟਰ ਵਗੈਰਾ ਦੀ ਪਾਰਕਿੰਗ ਸੁਖਾਲੀ ਹੋ ਸਕੇ। ਬਾਜ਼ਾਰ ਵਿਚ ਦੁਕਾਨਦਾਰਾਂ ਵੱਲੋਂ ਲਾਏ ਜਾ ਰਹੇ ਮੋਟਰ ਸਾਈਕਲਾਂ ਨੂੰ ਵੀ ਪਾਰਕਿੰਗ ਵਿਚ ਖੜਾ ਕਰਨ ਦੀ ਗੱਲ ਉਠਾਈ ਗਈ। ਫੜੀ-ਰੇਹੜੀ ਵਾਲਿਆਂ ਵੱਲੋਂ ਸੜਕ ਵਿਚ ਲਗਾਏ ਜਾ ਰਹੇ ਸਮਾਨ ਤੇ ਸਖਤ ਕਾਰਵਾਈ ਕਰਨ, ਸੜਕ ਦੇ ਦੋਨੋਂ ਪਾਸੇ ਫੁੱਟਪਾਥ ਦੀ ਜਗ੍ਹਾ ਖਾਲੀ ਕਰਾਉਣ, ਪਲਾਸਟਿਕ ਦੇ ਲਿਫਾਫਿਆਂ ਨੂੰ ਤੁਰੰਤ ਬੰਦ ਕਰਨ, ਇਸ ਨਾਲ ਹੋ ਰਹੇ ਸੀਵਰੇਜ ਜਾਮ, ਗੰਦੇ ਪਾਣੀ ਦੇ ਨਿਕਾਸ ਨੂੰ ਸਹੀ ਕਰਵਾਉਣ ਅਤੇ ਮੱਖੀ-ਮੱਛਰਾਂ ਦੇ ਖਾਤਮੇ ਨਾਲ ਮਲੇਰੀਆ ਡੇਂਗੂ ਆਦਿ ਬਿਮਾਰੀਆਂ ਨੂੰ ਰੋਕਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਪ੍ਰਧਾਨ ਰਸ਼ਮੀ ਰਣਦੇਵ ਨੇ ਸਮੂਹ ਸ਼ਹਿਰ ਵਾਸੀਆਂ ਤੋਂ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਸ਼ਹਿਰ ਦਾ ਵਿਕਾਸ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੀਆਂ ਦੁਕਾਨਾਂ ਤੇ ਨਜਾਇਜ਼ ਕਬਜ਼ੇ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਪੁਰਾਣੀਆਂ ਦਰਾਂ ਤੇ ਦਿੱਤੀਆਂ ਗਈਆਂ ਨਗਰ ਕੌਂਸਲ ਦੀਆਂ ਦੁਕਾਨਾਂ ਨੂੰ ਕਾਨੂੰਨ ਅਨੁਸਾਰ ਨਵੇਂ ਰੇਟਾਂ ਮੁਤਾਬਕ ਕਿਰਾਏ ਵਧਾਏ ਜਾਣਗੇ। ਤਾਂ ਜੋ ਨਗਰ ਕੌਂਸਲ ਦੀ ਆਮਦਨ ਵੱਧ ਸਕੇ। ਇਸ ਮੌਕੇ ਸਮੂਹ ਕੌਂਸਲਰ ਊਸ਼ਾ ਰਾਣੀ, ਬਿਮਲ ਕੁਮਾਰ, ਹਰਦੀਪ ਕੌਰ ਐਡਵੋਕੇਟ, ਰਣਧੀਰ ਸਿੰਘ, ਸਿਮਰਨਜੋਤ ਕੌਰ, ਮਹਿੰਦਰ ਸਿੰਘ ਸੰਧੂ, ਜਸਵਿੰਦਰ ਚੋਪੜਾ, ਮੋਹਨ ਲਾਲ, ਦਵਿੰਦਰ ਕੌਰ ਭਾਗੀ, ਮਨਜੀਤ ਲਾਲ, ਬਲਦੇਵ ਸਿੰਘ ਭਾਗੀ ਸਾਬਕਾ ਕੌਂਸਲਰ, ਰਜੀਵ ਵਿਸ਼ਸਿਟ, ਜਗਦੀਪ ਸਿੰਘ, ਮਨਜੀਤ ਕੌਰ ਇੰਸਪੈਕਟਰ, ਪ੍ਰੀਤਮ ਸਿੰਘ, ਬਲਵੀਰ ਕੌਰ, ਰਿੰਪਲ ਮੱਟੂ, ਰਿਸ਼ਵ ਸ਼ਰਮਾ, ਕਰਨ ਵੱਧਣ, ਅਮਨ ਵੀਰ ਸਿੰਘ, ਲਖਵਿੰਦਰ, ਰਘੂਵਿੰਦਰ, ਰਵਿੰਦਰ ਸਿੰਘ ਅਤੇ ਪੱਤਰਕਾਰ ਭਾਈਚਾਰਾ ਮੌਜੂਦ ਸੀ।