ਐੱਮਐੱਸਐੱਮਈ ਤੇ ਜੀਈਐੱਮ ਫੈਸਿਲਿਟੇਸ਼ਨ ਸੈਂਟਰ ਦਾ ਏਡੀਸੀ (ਜ) ਵੱਲੋਂ ਉਦਘਾਟਨ ਐਮਐਸਐਮਈ ਤੇ ਜੀਈਐਮ ਫੈਸਿਲਿਟੇਸ਼ਨ ਸੈਂਟਰ ਦਾ ਵਧੀਕ ਡਿਪਟੀ ਕਮਿਸ਼ਨਰ (ਜ) ਵੱਲੋਂ ਉਦਘਾਟਨ
Publish Date: Tue, 18 Aug 2026 03:41 PM (IST)
Updated Date: Tue, 18 Aug 2026 03:42 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਐੱਮਐੱਸਐੱਮਈ ਅਤੇ ਸਰਕਾਰੀ ਈ-ਮਾਰਕੀਟਪਲੇਸ (ਜੀਈਐੱਮ) ਪਲੇਟਫਾਰਮ ਦੀ ਪ੍ਰਭਾਵਸ਼ਾਲੀ ਵਰਤੋਂ ਲਈ ਸਰਕਾਰੀ ਖ਼ਰੀਦਦਾਰਾਂ, ਸਥਾਨਕ ਕਾਰੋਬਾਰੀਆਂ, ਉੱਦਮੀਆਂ ਅਤੇ ਵਿਕਰੇਤਾਵਾਂ ਨੂੰ ਸਥਾਨਕ ਪੱਧਰ ’ਤੇ ਸਹਾਇਤਾ ਅਤੇ ਮਾਰਗ ਦਰਸ਼ਨ ਪ੍ਰਦਾਨ ਕਰਨ ਦੇ ਮੰਤਵ ਨਾਲ ਜ਼ਿਲ੍ਹਾ ਉਦਯੋਗ ਕੇਂਦਰ (ਡੀਆਈਸੀ), ਐੱਸਬੀਐੱਸ ਨਗਰ ਵਿਖੇ ਜੀਈਐੱਮ ਫੈਸਿਲਿਟੇਸ਼ਨ ਸੈਂਟਰ ਦਾ ਉਦਘਾਟਨ ਸੰਜੀਵ ਸ਼ਰਮਾ ਵਧੀਕ ਡਿਪਟੀ ਕਮਿਸ਼ਨਰ (ਜ) ਵੱਲੋਂ ਕੀਤਾ ਗਿਆ। ਨਵਾਂ ਸਥਾਪਤ ਫੈਸਿਲਿਟੇਸ਼ਨ ਸੈਂਟਰ ਵਿਚ ਜੀਈਐੱਮ ਪੋਰਟਲ ’ਤੇ ਰਜਿਸਟ੍ਰੇਸ਼ਨ, ਟ੍ਰੇਨਿੰਗ ਅਤੇ ਵਿਕਰੇਤਾਵਾਂ ਅਤੇ ਖ਼ਰੀਦਦਾਰਾਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ ਇੱਕ ਸਮਰਪਿਤ ਸਥਾਨਕ ਸਹਾਇਤਾ ਕੇਂਦਰ ਵਜੋਂ ਕੰਮ ਕਰੇਗਾ। ਇਹ ਸਥਾਨਕ ਉੱਦਮੀਆਂ ਅਤੇ ਕਾਰੋਬਾਰੀਆਂ ਨੂੰ ਜੀਈਐੱਮ ਦੇ ਪੂਰੇ ਸਿਸਟਮ ਨੂੰ ਸਮਝਣ ਅਤੇ ਸਰਕਾਰੀ ਖ਼ਰੀਦ ਪ੍ਰਕਿਰਿਆ ਵਿਚ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਹਿੱਸਾ ਲੈਣ ਵਿਚ ਮਦਦ ਕਰੇਗਾ। ਫੈਸਿਲਿਟੇਸ਼ਨ ਸੈਂਟਰ ਵੱਲੋਂ ਪ੍ਰੋਫਾਈਲ ਬਣਾਉਣ, ਵਿਕਰੇਤਾ ਰਜਿਸਟ੍ਰੇਸ਼ਨ, ਬ੍ਰਾਂਡ ਮਨਜ਼ੂਰੀ ਅਤੇ ਵਿਕਰੇਤਾ ਮੁਲਾਂਕਣ ਸਬੰਧੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਇਸ ਦੇ ਨਾਲ ਹੀ ਵਿਕਰੇਤਾਵਾਂ ਨੂੰ ਕੈਟਾਲਾਗ ਪ੍ਰਬੰਧਨ, ਉਤਪਾਦਾਂ ਅਤੇ ਸੇਵਾਵਾਂ ਨੂੰ ਅਪਲੋਡ ਕਰਨ ਅਤੇ ਪ੍ਰਕਾਸ਼ਿਤ ਕਰਨ ਸਬੰਧੀ ਵੀ ਮਾਰਗ ਦਰਸ਼ਨ ਦਿੱਤਾ ਜਾਵੇਗਾ। ਜਿਸ ਨਾਲ ਉਨ੍ਹਾਂ ਨੂੰ ਸਰਕਾਰੀ ਬਾਜ਼ਾਰ ਤੱਕ ਵਧੇਰੇ ਪਹੁੰਚ ਮਿਲੇਗੀ। ਇਸ ਤੋਂ ਇਲਾਵਾ ਫੈਸਿਲਿਟੇਸ਼ਨ ਸੈਂਟਰ ਵੱਲੋਂ ਜੀਈਐੱਮ ਬਿਡਾਂ, ਰਿਵਰਸ ਆਕਸ਼ਨ, ਆਰਡਰ ਪ੍ਰੋਸੈਸਿੰਗ ਅਤੇ ਆਰਡਰ ਦੀ ਪੂਰਤੀ ਸਬੰਧੀ ਵੀ ਮਾਰਗ ਦਰਸ਼ਨ ਪ੍ਰਦਾਨ ਕੀਤਾ ਜਾਵੇਗਾ। ਜੀਈਐੱਮ ਪੋਰਟਲ ’ਤੇ ਲੈਣ-ਦੇਣ ਨਾਲ ਜੁੜੀਆਂ ਤਕਨੀਕੀ ਅਤੇ ਪ੍ਰਕਿਰਿਆਤਮਕ ਸਮੱਸਿਆਵਾਂ ਦੇ ਹੱਲ ਲਈ ਵਿਕਰੇਤਾਵਾਂ ਅਤੇ ਖ਼ਰੀਦਦਾਰਾਂ ਨੂੰ ਸਹਾਇਤਾ ਵੀ ਦਿੱਤੀ ਜਾਵੇਗੀ। ਇਸ ਮੌਕੇ ਸੰਜੀਵ ਸ਼ਰਮਾ ਵਧੀਕ ਡਿਪਟੀ ਕਮਿਸ਼ਨਰ (ਜ) ਨੇ ਜੀਈਐੱਮ ਪਲੇਟਫਾਰਮ ਰਾਹੀਂ ਸਥਾਨਕ ਕਾਰੋਬਾਰੀਆਂ ਨੂੰ ਸਰਕਾਰੀ ਖ਼ਰੀਦ ਦੇ ਮੌਕਿਆਂ ਤੱਕ ਆਸਾਨ ਪਹੁੰਚ ਪ੍ਰਦਾਨ ਕਰ ਕੇ ਸਥਾਨਕ ਕਾਰੋਬਾਰਾਂ ਨੂੰ ਮਜ਼ਬੂਤ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਫੈਸਿਲਿਟੇਸ਼ਨ ਸੈਂਟਰ ਐੱਮਐੱਸਐੱਮਈਜ਼, ਕਾਰੀਗਰਾਂ, ਉੱਦਮੀਆਂ ਅਤੇ ਹੋਰ ਸਥਾਨਕ ਕਾਰੋਬਾਰੀਆਂ ਨੂੰ ਜੀਈਐੱਮ ਪ੍ਰਣਾਲੀ ਨੂੰ ਸਮਝਣ ਅਤੇ ਪਾਰਦਰਸ਼ੀ ਤੇ ਪ੍ਰਭਾਵਸ਼ਾਲੀ ਢੰਗ ਨਾਲ ਸਰਕਾਰੀ ਖ਼ਰੀਦ ਪ੍ਰਕਿਰਿਆ ਵਿਚ ਹਿੱਸਾ ਲੈਣ ਵਿਚ ਮਦਦ ਕਰੇਗਾ। ਰਮਨਦੀਪ ਸਿੰਘ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਨੇ ਕਿਹਾ ਕਿ ਫੈਸਿਲਿਟੇਸ਼ਨ ਸੈਂਟਰ ਦੀ ਸਥਾਪਨਾ ਨਾਲ ਸਥਾਨਕ ਉੱਦਮੀਆਂ ਅਤੇ ਐੱਮਐੱਸਐੱਮਈਜ਼ ਨੂੰ ਜੀਈਐੱਮ ਰਜਿਸਟ੍ਰੇਸ਼ਨ, ਬਿਡਿੰਗ ਅਤੇ ਸਰਕਾਰੀ ਖ਼ਰੀਦ ਪ੍ਰਕਿਰਿਆ ਸਬੰਧੀ ਸਥਾਨਕ ਪੱਧਰ ’ਤੇ ਕੀਮਤੀ ਮਾਰਗ ਦਰਸ਼ਨ ਮਿਲੇਗਾ। ਉਨ੍ਹਾਂ ਕਿਹਾ ਕਿ ਇਹ ਕੇਂਦਰ ਕਾਰੋਬਾਰੀਆਂ ਨੂੰ ਤਕਨੀਕੀ ਅਤੇ ਪ੍ਰਕਿਰਿਆਤਮਕ ਮੁਸ਼ਕਿਲਾਂ ਦੂਰ ਕਰਨ ਅਤੇ ਸਰਕਾਰੀ ਖ਼ਰੀਦ ਦੇ ਮੌਕਿਆਂ ਦਾ ਵੱਧ ਤੋਂ ਵੱਧ ਲਾਭ ਲੈਣ ਵਿਚ ਸਹਾਇਤਾ ਕਰੇਗਾ। ਇਸ ਮੌਕੇ ਮਨਬੀਰ ਸਿੰਘ ਫੰਕਸ਼ਨਲ ਮੈਨੇਜਰ ਅਤੇ ਜ਼ਿਲ੍ਹਾ ਉਦਯੋਗ ਕੇਂਦਰ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਹਾਜ਼ਰ ਸਨ। ਪ੍ਰਮੁੱਖ ਉਦਮੀ ਰੋਹਿਤ ਮਿੱਡਾ, ਪੰਕਜ ਨੰਦਾ, ਮਨੀਸ਼ ਪੁਰੀ, ਚੰਦਨ, ਜਗਵਿੰਦਰ ਸਹਦੇਵ, ਵਿਕਾਸ ਅਰੋੜਾ ਅਤੇ ਹੋਰ ਉਦਯੋਗਪਤੀ ਵੀ ਸ਼ਾਮਲ ਸਨ।