
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਲਧਾਣਾ ਉੱਚਾ ਵਿਖੇ ਮੋਟਰਾਂ ਦੀਆਂ ਤਾਰਾਂ ਚੋਰੀ

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਪਿੰਡ ਲਧਾਣਾ ਉੱਚਾ ਵਿਖੇ ਖੇਤਾਂ ਵਿਚ ਲੱਗੀਆਂ ਮੋਟਰਾਂ ਦੀਆਂ ਚੋਰਾਂ ਵੱਲੋਂ ਤਾਰਾਂ ਚੋਰੀ ਹੋਈਆਂ। ਜਾਣਕਾਰੀ ਅਨੁਸਾਰ ਖੇਤਾਂ ਵਿਚ ਲੱਗੀਆਂ 15 ਦੇ ਕਰੀਬ ਮੋਟਰਾਂ ਦੀਆਂ ਤਾਰਾਂ ਨੂੰ ਵੱਢ ਲਿਆ ਅਤੇ ਵੱਡੀਆਂ ਹੋਈਆਂ ਤਾਰਾਂ ਨੂੰ ਖੇਤਾਂ ਵਿਚ ਹੀ ਸਾੜ ਕੇ ਉਨ੍ਹਾਂ ਵਿਚੋਂ ਤਾਂਬਾ ਕੱਢ ਕੇ ਫ਼ਰਾਰ ਹੋ ਗਏ। ਪੀੜਤ ਕਿਸਾਨ ਜਸਪਾਲ ਸਿੰਘ ਪੁੱਤਰ ਗੁਰਦੇਵ ਸਿੰਘ, ਗੁਰਦੀਪ ਸਿੰਘ ਪੁੱਤਰ ਕਾਬਲ ਸਿੰਘ, ਮਹਿੰਦਰ ਸਿੰਘ ਅਤੇ ਗੁਰਦਾਸ ਸਿੰਘ ਨੇ ਦੱਸਿਆ ਕਿ ਜਦੋਂ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੇ ਖੇਤਾਂ ਵਿਚ ਆਏ ਅਤੇ ਮੋਟਰ ਚਲਾਈ ਤਾਂ ਮੋਟਰ ਨਹੀਂ ਚੱਲੀ। ਜਦੋਂ ਚੈੱਕ ਕੀਤਾ ਤਾਂ ਪਤਾ ਲੱਗਾ ਕਿ ਉਨ੍ਹਾਂ ਦੀਆਂ ਮੋਟਰਾਂ ਦੀਆਂ ਤਾਰਾਂ ਚੋਰੀ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਚੋਰਾਂ ਵੱਲੋਂ ਉਨ੍ਹਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਸਰਕਾਰ ਵੱਲੋਂ ਕੀਤੀ ਗਈ ਮਹਿੰਗਾਈ ਅਤੇ ਕੁਦਰਤ ਦੀ ਮਾਰ ਪੈ ਰਹੀ ਹੈ ਅਤੇ ਹੁਣ ਚੋਰਾਂ ਵੱਲੋਂ ਵੀ ਉਨ੍ਹਾਂ ’ਤੇ ਕਹਿਰ ਕਰ ਕੇ ਉਨ੍ਹਾਂ ਦਾ ਨੁਕਸਾਨ ਕੀਤਾ ਜਾ ਰਿਹਾ। ਉਨ੍ਹਾਂ ਦੱਸਿਆ ਕਿ ਚੋਰੀ ਵਿਚ ਉਨ੍ਹਾਂ ਦੀ ਇੱਕ ਮੋਟਰ ਦਾ ਘੱਟ ਤੋਂ ਘੱਟ 8 ਤੋਂ 10 ਹਜ਼ਾਰ ਰੁਪਏ ਦੇ ਕਰੀਬ ਨੁਕਸਾਨ ਹੋਇਆ ਹੈ। ਜਦੋਂਕਿ ਇਸ ਤੋਂ ਇਲਾਵਾ ਚੋਰਾਂ ਵੱਲੋਂ ਮੋਟਰਾਂ ਦੇ ਕੋਠਿਆਂ ਦੇ ਤਾਲੇ ਤੋੜ ਕੇ ਉਨ੍ਹਾਂ ਅੰਦਰ ਰੱਖਿਆ ਹੋਇਆ ਹੋਰ ਸਾਮਾਨ ਵੀ ਚੋਰੀ ਕੀਤਾ ਗਿਆ ਹੈ। ਜਿਸ ਦੀ ਸੂਚਨਾ ਥਾਣਾ ਸਦਰ ਬੰਗਾ ਨੂੰ ਦੇ ਦਿੱਤੀ ਹੈ। ਪੀੜਤਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅਣਪਛਾਤੇ ਚੋਰਾਂ ਨੂੰ ਜਲਦੀ ਤੋਂ ਜਲਦੀ ਕਾਬੂ ਕਰ ਕੇ ਉਨ੍ਹਾਂ ’ਤੇ ਬਣਦੀ ਕਾਰਵਾਈ ਕੀਤੀ ਜਾਵੇ।