ਸੀਨੀਅਰ ਸਿਟੀਜਨਜ਼ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ
ਸੀਨੀਅਰ ਸਿਟੀਜਨਜ਼ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਹੋਈ
Publish Date: Sat, 14 Feb 2026 05:25 PM (IST)
Updated Date: Sun, 15 Feb 2026 04:06 AM (IST)

ਸੰਦੀਪ ਬੈਂਸ, ਪੰਜਾਬੀ ਜਾਗਰਣ, ਨਵਾਂਸ਼ਹਿਰ : ਸੀਨੀਅਰ ਸਿਟੀਜਨਜ਼ ਐਸੋਸੀਏਸ਼ਨ ਨਵਾਂਸ਼ਹਿਰ ਦੀ ਮਹੀਨਾਵਾਰ ਮੀਟਿੰਗ ਚੇਅਰਮੈਨ ਡਾ. ਜੇਡੀ ਵਰਮਾ ਦੀ ਸਰਪ੍ਰਸਤੀ ਅਤੇ ਪ੍ਰਧਾਨ ਪ੍ਰੋ. ਐੱਸਕੇ ਬਰੂਟਾ ਦੀ ਪ੍ਰਧਾਨਗੀ ਹੇਠ ਡੀਸੀ ਮੀਟਿੰਗ ਹਾਲ ਵਿਚ ਹੋਈ। ਮੀਟਿੰਗ ਦੇ ਆਰੰਭ ਵਿਚ ਚੇਅਰਮੈਨ ਡਾ. ਜੇਡੀ ਵਰਮਾ ਨੇ ਮੀਟਿੰਗ ਵਿਚ ਹਾਜ਼ਰ ਮੈਂਬਰਾਂ ਨੂੰ ਜੀ ਆਇਆਂ ਕਿਹਾ ਅਤੇ ਮਹਾਂਸ਼ਿਵਰਾਤਰੀ ਦੇ ਸ਼ੁਭ ਦਿਹਾੜੇ ਦੀਆਂ ਮੁਬਾਰਕਾਂ ਦਿੱਤੀਆਂ। ਪ੍ਰਧਾਨ ਪ੍ਰੋ. ਐਸਕੇ ਬਰੂਟਾ ਨੇ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਸੀਨੀਅਰ ਸਿਟੀਜਨਜ਼ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਮੁਹਿੰਮਾਂ ਲਈ ਸਰਕਾਰਾਂ ਦਾ ਧੰਨਵਾਦ ਕੀਤਾ। ਉਨਾਂ ਨੇ ਕਿਹਾ ਕਿ ਲੋਕਤੰਤਰ ਵਿਚ ਵੋਟ ਬੈਂਕ ਸਭ ਤੋਂ ਵੱਧ ਮਾਅਨੇ ਰੱਖਦਾ ਹੈ ਇਸ ਲਈ ਵੱਧ ਤੋਂ ਵੱਧ ਬਜ਼ੁਰਗਾਂ ਨੂੰ ਐਸੋਸੀਏਸ਼ਨ ਦੇ ਨਾਲ ਜੁੜਨਾ ਚਾਹੀਦਾ ਹੈ। ਜਿੰਨੀ ਸਾਡੀ ਗਿਣਤੀ ਵੱਧ ਹੋਵੇਗੀ ਉਨੀ ਹੀ ਸਾਡੀ ਸਰਕਾਰੇ ਦਰਬਾਰੇ ਵਧੀਆ ਸੁਣਵਾਈ ਹੋਵੇਗੀ। ਉਨ੍ਹਾਂ ਨੇ ਇਲਾਕੇ ਦੇ ਬਜ਼ੁਰਗਾਂ ਨੂੰ ਪਿੰਡਾਂ ਵਿਚ ਵੀ ਸੀਨੀਅਰ ਸਿਟੀਜਨਜ਼ ਐਸੋਸੀਏਸ਼ਨਜ਼ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਸਰਕਾਰ ਵੱਲੋਂ ਸਾਡੇ ਬਜ਼ੁਰਗ ਸਾਡਾ ਮਾਣ ਮੁਹਿੰਮ ਤਹਿਤ ਜਾਗਰੂਕਤਾ ਕੈਂਪ ਵਿਚ ਉਨ੍ਹਾਂ ਨੂੰ ਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਜੋ ਕਿ ਸਾਡੀ ਐਸੋਸੀਏਸ਼ਨ ਲਈ ਮਾਣ ਵਾਲੀ ਗੱਲ ਹੈ।।ਮੀਟਿੰਗ ਦੌਰਾਨ ਜਿਨ੍ਹਾਂ ਮੈਂਬਰਾਂ ਦੇ ਜਨਮ ਦਿਨ ਜਾਂ ਵਿਆਹ ਦੀ ਵਰ੍ਹੇਗੰਢ ਫਰਵਰੀ ਮਹੀਨੇ ਵਿਚ ਆਉਂਦੇ ਹਨ। ਉਨ੍ਹਾਂ ਨੂੰ ਪ੍ਰਧਾਨਗੀ ਮੰਡਲ ਵੱਲੋਂ ਫੁੱਲ ਭੇਂਟ ਕਰਕੇ ਮੁਬਾਰਕਬਾਦ ਦਿੱਤੀ ਗਈ। ਮੀਟਿੰਗ ਦੌਰਾਨ ਪਾਬਲਾ ਡੈਂਟਲ ਕਲੀਨਕ ਦੇ ਡਾ. ਗੁਰਸਿਮਰਨ ਸਿੰਘ ਪਾਬਲਾ ਅਤੇ ਡਾ. ਅਰਸ਼ਦੀਪ ਕੌਰ ਪਾਬਲਾ ਨੇ ਦੰਦਾਂ ਦੀਆਂ ਬਿਮਾਰੀਆਂ ਅਤੇ ਉਨ੍ਹਾਂ ਦੇ ਇਲਾਜ ਸੰਬੰਧੀ ਜਾਣਕਾਰੀ ਦਿੱਤੀ ਅਤੇ ਮੈਂਬਰਾਂ ਵੱਲੋਂ ਪੁੱਛੇ ਸਵਾਲਾਂ ਦੇ ਤਸੱਲੀਬਖਸ਼ ਜਵਾਬ ਦਿੱਤੇ। ਮੀਟਿੰਗ ਦੌਰਾਨ ਪੂਜਾ ਦੇਵੀ ਨੇ ਕਿਹਾ ਕਿ ਬਜ਼ੁਰਗਾਂ ਦੀ ਹਰ ਤਰ੍ਹਾਂ ਦੀ ਮਦਦ ਲਈ ਸਰਕਾਰ ਵੱਲੋਂ ਜਾਰੀ ਕੀਤੇ ਟੋਲ ਫਰੀ ਨੰਬਰ 14567 ਤੇ ਬਜ਼ੁਰਗ ਰੋਜ਼ਾਨਾ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਆਪਣੀ ਸਮੱਸਿਆ ਬਾਰੇ ਦੱਸ ਸਕਦੇ ਹਨ। ਜਿੱਥੇ ਉਨ੍ਹਾਂ ਦੀ ਹਰ ਸਮੱਸਿਆ ਦਾ ਹੱਲ ਕਰਨ ਲਈ ਕਰਮਚਾਰੀ ਹਰ ਸਮੇਂ ਹਾਜ਼ਰ ਰਹਿੰਦੇ ਹਨ। ਪ੍ਰਧਾਨਗੀ ਮੰਡਲ ਵੱਲੋਂ ਡਾ. ਗੁਰਸਿਮਰਨ ਸਿੰਘ, ਡਾ. ਅਰਸ਼ਦੀਪ ਕੌਰ ਅਤੇ ਫੀਲਡ ਰਿਸਪੌਂਸ ਲੀਡਰ ਪੂਜਾ ਦੇਵੀ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਸਨਮਾਨਿਤ ਕੀਤਾ। ਐਸੋਸੀਏਸ਼ਨ ਵਿਚ ਨਵੇਂ ਬਣੇ ਮੈਂਬਰ ਦਿਲਬਾਗ ਸਿੰਘ ਪਾਬਲਾ ਨੂੰ ਵੀ ਪ੍ਰਧਾਨਗੀ ਮੰਡਲ ਵੱਲੋਂ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ ਗਿਆ।