ਅਰਲੀ ਚਾਈਲਡ ਹੁੱਡ ਕੇਅਰ ਐਂਡ ਐਜੂਕੇਸ਼ਨ ਦਿਵਸ ਮਨਾਇਆ ਮਹੀਨਾ ਵਾਰ ਅਰਲੀ ਚਾਇਲਡ ਹੁੱਡ ਕੇਅਰ ਐਂਡ ਐਜੂਕੇਸ਼ਨ ਦਿਵਸ ਮਨਾਇਆ
Publish Date: Fri, 21 Aug 2026 04:51 PM (IST)
Updated Date: Fri, 21 Aug 2026 04:54 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਹਿੱਤ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਜਗਰੂਪ ਸਿੰਘ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਸਮੂਹ ਆਂਗਨਵਾੜੀ ਕੇਂਦਰਾਂ ’ਚ ਮਹੀਨਾਵਾਰ ਅਰਲੀ ਚਾਈਲਡ ਹੁੱਡ ਕੇਅਰ ਐਂਡ ਐਜੂਕੇਸ਼ਨ (ਈਸੀਸੀਈ) ਦਿਵਸ ਬੜੇ ਉਤਸ਼ਾਹ ਨਾਲ ਮਨਾਇਆ। ਇਸ ਮਹੀਨੇ ਦੀ ਥੀਮ ‘ਬੱਚੇ ਦੀ ਖੁਸ਼ੀ ਦੀ ਭਾਵਨਾ ਨੂੰ ਸਮਝਣਾ ਤੇ ਪਹਿਚਾਣਨਾ’ ਰਹੀ। ਇਸ ਤਹਿਤ 0 ਤੋਂ 6 ਸਾਲ ਤੱਕ ਦੇ ਬੱਚਿਆਂ ਲਈ ਵੱਖ-ਵੱਖ ਮਾਨਸਿਕ, ਸਰੀਰਕ ਅਤੇ ਭਾਵਨਾਤਮਕ ਵਿਕਾਸ ਨਾਲ ਸਬੰਧਿਤ ਰੌਚਕ ਅਤੇ ਸਿੱਖਣਯੋਗ ਸਰਗਰਮੀਆਂ ਕਰਵਾਈਆਂ ਗਈਆਂ। ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਵੱਲੋਂ ਬੱਚਿਆਂ ਨੂੰ ਖੁਸ਼ੀ ਦੀ ਭਾਵਨਾ ਨੂੰ ਸਮਝਣ ਅਤੇ ਪਹਿਚਾਣਨ ਸਬੰਧੀ ਵੱਖ-ਵੱਖ ਸਰਗਰਮੀਆਂ ਕਰਵਾਈਆਂ ਗਈਆਂ। ਬੱਚਿਆਂ ਨੂੰ ਤਸਵੀਰਾਂ, ਖੇਡਾਂ ਅਤੇ ਗੱਲਬਾਤ ਰਾਹੀਂ ਖੁਸ਼ੀ ਦੇ ਭਾਵ ਨੂੰ ਪਹਿਚਾਣਨ ਅਤੇ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ ਉਤਸ਼ਾਹਿਤ ਕੀਤਾ ਗਿਆ। ਬੱਚਿਆਂ ਨੇ ਇਨ੍ਹਾਂ ਸਰਗਰਮੀਆਂ ਵਿਚ ਬੜੀ ਰੁਚੀ ਅਤੇ ਉਤਸ਼ਾਹ ਨਾਲ ਹਿੱਸਾ ਲਿਆ। ਬੱਚਿਆਂ ਨੂੰ ਖੇਡ-ਖੇਡ ਵਿਚ ਵੱਖ-ਵੱਖ ਮਾਨਸਿਕ ਅਤੇ ਸਰੀਰਕ ਸਰਗਰਮੀਆਂ ਕਰਵਾਈਆਂ ਗਈਆਂ, ਜਿਸ ਨਾਲ ਉਨ੍ਹਾਂ ਦੀ ਸਿੱਖਣ ਦੀ ਸਮਰੱਥਾ, ਆਤਮ-ਵਿਸ਼ਵਾਸ ਅਤੇ ਸਮਾਜਿਕ ਹੁਨਰਾਂ ਵਿਚ ਵਾਧਾ ਕਰਨ ’ਤੇ ਜ਼ੋਰ ਦਿੱਤਾ ਗਿਆ। ਮਾਪਿਆਂ ਨੂੰ ਵੀ ਬੱਚਿਆਂ ਦੀਆਂ ਭਾਵਨਾਵਾਂ ਨੂੰ ਸਮਝਣ, ਉਨ੍ਹਾਂ ਨਾਲ ਪਿਆਰ ਅਤੇ ਸਨੇਹ ਨਾਲ ਪੇਸ਼ ਆਉਣ ਅਤੇ ਬੱਚਿਆਂ ਨੂੰ ਸੁਰੱਖਿਅਤ ਤੇ ਖੁਸ਼ਹਾਲ ਮਾਹੌਲ ਦੇਣ ਸਬੰਧੀ ਜਾਗਰੂਕ ਕੀਤਾ ਗਿਆ। ਇਸ ਮੌਕੇ ਜਗਰੂਪ ਸਿੰਘ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੇ ਦੱਸਿਆ ਕਿ ਈਸੀਸੀਈ ਦਿਵਸ ਮਨਾਉਣ ਦਾ ਮੁੱਖ ਉਦੇਸ਼ ਬੱਚਿਆਂ ਦੀਆਂ ਸ਼ੁਰੂਆਤੀ ਸਿੱਖਣ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਮਾਨਸਿਕ, ਸਰੀਰਕ, ਸਮਾਜਿਕ ਅਤੇ ਭਾਵਨਾਤਮਕ ਵਿਕਾਸ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਸ਼ੁਰੂਆਤੀ ਸਾਲ ਉਨ੍ਹਾਂ ਦੇ ਭਵਿੱਖੀ ਵਿਕਾਸ ਲਈ ਬਹੁਤ ਮਹੱਤਵ ਪੂਰਨ ਹੁੰਦੇ ਹਨ। ਬੱਚਿਆਂ ਦੇ ਮਾਪਿਆਂ ਵੱਲੋਂ ਆਂਗਨਵਾੜੀ ਕੇਂਦਰਾਂ ’ਚ ਕਰਵਾਈਆਂ ਜਾ ਰਹੀਆਂ ਖੇਡ ਆਧਾਰਿਤ ਅਤੇ ਸਿੱਖਣਯੋਗ ਸਰਗਰਮੀਆਂ ਦੀ ਸ਼ਲਾਘਾ ਕੀਤੀ ਗਈ।