ਹਰ ਸੰਭਾਵਿਤ ਸਿਹਤ ਖਤਰੇ ’ਤੇ ਨਿਗਰਾਨੀ, ਤੁਰੰਤ ਸੂਚਨਾ ਤੇ ਕਾਰਵਾਈ ਯਕੀਨੀ ਬਣਾਈ ਜਾਵੇ : ਡੀਸੀ ਹਰ ਸੰਭਾਵਿਤ ਸਿਹਤ ਖਤਰੇ 'ਤੇ ਨਿਗਰਾਨੀ, ਤੁਰੰਤ ਸੂਚਨਾ ਤੇ ਕਾਰਵਾਈ ਯਕੀਨੀ ਬਣਾਈ ਜਾਵੇ-ਡੀਸੀ
Publish Date: Thu, 08 Oct 2026 03:29 PM (IST)
Updated Date: Thu, 08 Oct 2026 03:32 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਲੋਕਾਂ ਦੀ ਸਿਹਤ ਦੀ ਸੁਰੱਖਿਆ ਅਤੇ ਸੰਭਾਵਿਤ ਬਿਮਾਰੀਆਂ ਦੇ ਕਹਿਰਾਂ ਦੀ ਸਮੇਂ ਸਿਰ ਰੋਕਥਾਮ ਲਈ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸ਼ਹੀਦ ਭਗਤ ਸਿੰਘ ਨਗਰ ਵਿਖੇ ਜ਼ਿਲ੍ਹਾ ਪੱਧਰੀ ਵਨ ਹੈਲਥ ਕਮੇਟੀ ਦੀ ਮੀਟਿੰਗ ਹੋਈ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮਨੁੱਖੀ ਸਿਹਤ, ਪਸ਼ੂ ਸਿਹਤ, ਜੰਗਲੀ ਜੀਵਾਂ ਅਤੇ ਵਾਤਾਵਰਣ ਨਾਲ ਸਬੰਧਿਤ ਸਿਹਤ ਖਤਰਿਆਂ ਦੀ ਸਾਂਝੀ ਨਿਗਰਾਨੀ, ਰੋਕਥਾਮ ਅਤੇ ਤੁਰੰਤ ਕਾਰਵਾਈ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ। ਡਿਪਟੀ ਕਮਿਸ਼ਨਰ ਨੇ ਕਿਸੇ ਵੀ ਸਿਹਤ ਖਤਰੇ ਦੀ ਸਮੇਂ ਸਿਰ ਪਛਾਣ, ਤੁਰੰਤ ਸੂਚਨਾ ਅਤੇ ਪ੍ਰਭਾਵਸ਼ਾਲੀ ਸਾਂਝੀ ਕਾਰਵਾਈ ਰਾਹੀਂ ਬਿਮਾਰੀਆਂ ਦੇ ਸੰਭਾਵਿਤ ਕਹਿਰ ਨੂੰ ਸ਼ੁਰੂਆਤੀ ਪੱਧਰ ਤੇ ਹੀ ਕਾਬੂ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਉਨ੍ਹਾਂ ਲੈਪਟੋਸਪਾਇਰੋਸਿਸ, ਹੈਪੇਟਾਈਟਸ-ਏ, ਖਾਰਸ਼ੀ ਬੁਖਾਰ, ਹਲਕਾਅ, ਬਰੂਸੈਲੋਸਿਸ ਅਤੇ ਫਲੂ ਵਰਗੀਆਂ ਬਿਮਾਰੀਆਂ ਤੋਂ ਬਚਾਅ ਲਈ ਅਗਾਊਂ ਸਾਵਧਾਨੀਆਂ ਅਤੇ ਜਨ-ਜਾਗਰੂਕਤਾ ਸਰਗਰਮੀਆਂ ਨੂੰ ਹੋਰ ਮਜ਼ਬੂਤ ਕਰਨ ਦੀ ਹਦਾਇਤ ਕੀਤੀ। ਉੁਨ੍ਹਾਂ ਸਬੰਧਿਤ ਵਿਭਾਗਾਂ ਨੂੰ ਸਾਫ਼ ਪਾਣੀ ਦੀ ਉਪਲੱਬਧਤਾ, ਪਾਣੀ ਦੀ ਨਿਯਮਿਤ ਜਾਂਚ, ਪਾਈਪਾਂ ਦੇ ਰਿਸਾਅ ਦੀ ਤੁਰੰਤ ਮੁਰੰਮਤ, ਕਲੋਰੀਨੀਕਰਨ, ਪਾਣੀ ਖੜ੍ਹਾ ਹੋਣ ਤੋਂ ਰੋਕਥਾਮ ਅਤੇ ਸਫ਼ਾਈ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਵੀ ਕਿਹਾ। ਉਨ੍ਹਾਂ ਹਦਾਇਤ ਕੀਤੀ ਕਿ ਪਾਣੀ ਅਤੇ ਸਫ਼ਾਈ ਨਾਲ ਸਬੰਧਿਤ ਕਿਸੇ ਵੀ ਸਮੱਸਿਆ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ ਅਤੇ ਸੰਭਾਵਿਤ ਬਿਮਾਰੀ ਕਹਿਰ ਦੀ ਰੋਕਥਾਮ ਲਈ ਅਗਾਊਂ ਕਦਮ ਚੁੱਕੇ ਜਾਣ। ਪਸ਼ੂ ਪਾਲਕਾਂ ਨੂੰ ਪਸ਼ੂਆਂ ਦੀ ਸਿਹਤ, ਵਾੜਿਆਂ ਦੀ ਸਾਫ਼-ਸਫ਼ਾਈ, ਪਾਲਤੂ ਜਾਨਵਰਾਂ ਦੇ ਟੀਕਾਕਰਨ ਅਤੇ ਕਿਸੇ ਵੀ ਅਸਧਾਰਨ ਪਸ਼ੂ ਬਿਮਾਰੀ ਜਾਂ ਮੌਤ ਦੀ ਤੁਰੰਤ ਸੂਚਨਾ ਦੇਣ ਸਬੰਧੀ ਜਾਗਰੂਕ ਕਰਨ ਦੀ ਹਦਾਇਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਚੂਹਿਆਂ ਦੀ ਰੋਕਥਾਮ ਅਤੇ ਝਾੜੀਆਂ ਦੀ ਸਫ਼ਾਈ ਨੂੰ ਵੀ ਤਰਜੀਹ ਦਿੱਤੀ ਜਾਵੇ। ਉਨ੍ਹਾਂ ਸਿਹਤ ਵਿਭਾਗ ਨੂੰ ਹਲਕਾਅ ਤੋਂ ਬਚਾਅ ਸਬੰਧੀ ਜਾਗਰੂਕਤਾ ਵਧਾਉਣ ਲਈ ਵਿਸ਼ੇਸ਼ ਮੁਹਿੰਮ ਚਲਾਉਣ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਪਾਲਤੂ ਜਾਨਵਰਾਂ ਦਾ ਸਮੇਂ ਸਿਰ ਟੀਕਾਕਰਨ ਕਰਵਾਉਣ ਦੇ ਨਾਲ-ਨਾਲ ਕੁੱਤੇ ਜਾਂ ਬਾਂਦਰ ਦੇ ਵੱਢਣ ਦੀ ਸੂਰਤ ਵਿੱਚ ਜ਼ਖ਼ਮ ਨੂੰ ਤੁਰੰਤ ਪਾਣੀ ਨਾਲ ਧੋ ਕੇ ਡਾਕਟਰੀ ਸਲਾਹ ਅਨੁਸਾਰ ਹਲਕਾਅ ਰੋਕੂ ਟੀਕਾਕਰਨ ਕਰਵਾਉਣ ਬਾਰੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ। ਡਿਪਟੀ ਕਮਿਸ਼ਨਰ ਨੇ ਪਿਛਲੇ ਸਾਲਾਂ ਦੌਰਾਨ ਸਾਹਮਣੇ ਆਏ ਹੈਜ਼ੇ ਅਤੇ ਤੀਬਰ ਦਸਤ ਰੋਗ ਦੇ ਮਾਮਲਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਭਵਿੱਖ ਵਿੱਚ ਅਜਿਹੇ ਪ੍ਰਕੋਪਾਂ ਦੀ ਰੋਕਥਾਮ ਲਈ ਅਗਾਊਂ ਨਿਗਰਾਨੀ, ਤੁਰੰਤ ਸੂਚਨਾ ਅਤੇ ਸਾਂਝੀ ਤੁਰੰਤ ਕਾਰਵਾਈ ਪ੍ਰਣਾਲੀ ਨੂੰ ਹੋਰ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਸਿਹਤ ਵਿਭਾਗ ਨੂੰ ਬਿਮਾਰੀਆਂ ਨਾਲ ਸਬੰਧਿਤ ਨਿਗਰਾਨੀ ਅੰਕੜਿਆਂ ਦੀ ਨਿਯਮਤ ਸਮੀਖਿਆ, ਸੰਭਾਵਿਤ ਖਤਰੇ ਦੀ ਤੁਰੰਤ ਰਿਪੋਰਟਿੰਗ, ਸਬੰਧਤ ਵਿਭਾਗਾਂ ਨਾਲ ਜਾਣਕਾਰੀ ਸਾਂਝੀ ਕਰਨ ਅਤੇ ਲੋੜ ਪੈਣ ਤੇ ਸਾਂਝੀ ਤੁਰੰਤ ਕਾਰਵਾਈ ਟੀਮ ਨੂੰ ਤੁਰੰਤ ਸਰਗਰਮ ਕਰਨ ਲਈ ਕਿਹਾ। ਸਿਵਲ ਸਰਜਨ ਡਾ. ਅਮਨ ਸੂਦ ਨੇ ਮੀਟਿੰਗ ਵਿਚ ਪਹੁੰਚੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦਾ ਸਵਾਗਤ ਕਰਦਿਆਂ ਜ਼ਿਲ੍ਹੇ ਵਿਚ ਸੰਕ੍ਰਮਿਤ ਬਿਮਾਰੀਆਂ ਅਤੇ ਪਸ਼ੂਆਂ ਤੋਂ ਮਨੁੱਖਾਂ ਵਿਚ ਫੈਲਣ ਵਾਲੇ ਰੋਗਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ। ਉੁਨ੍ਹਾਂ ਬਿਮਾਰੀਆਂ ਦੇ ਕਾਰਨਾਂ, ਲੱਛਣਾਂ, ਫੈਲਾਅ ਦੇ ਢੰਗ ਅਤੇ ਬਚਾਅ ਲਈ ਲੋੜੀਂਦੇ ਸਾਵਧਾਨੀ ਉਪਾਵਾਂ ਬਾਰੇ ਵੀ ਵਿਸਥਾਰ ਨਾਲ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਸਮੇਂ ਸਿਰ ਪਛਾਣ, ਨਿਯਮਤ ਨਿਗਰਾਨੀ ਅਤੇ ਵਿਭਾਗਾਂ ਵਿਚਕਾਰ ਪ੍ਰਭਾਵਸ਼ਾਲੀ ਤਾਲਮੇਲ ਰਾਹੀਂ ਸੰਭਾਵਿਤ ਬਿਮਾਰੀ ਪ੍ਰਕੋਪਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਿਆ ਜਾ ਸਕਦਾ ਹੈ। ਉਨ੍ਹਾਂ ਸਾਰੇ ਵਿਭਾਗਾਂ ਨੂੰ ਸਿਹਤ ਵਿਭਾਗ ਨਾਲ ਪੂਰਾ ਸਹਿਯੋਗ ਅਤੇ ਤਾਲਮੇਲ ਬਣਾਈ ਰੱਖਣ ਦੀ ਅਪੀਲ ਕੀਤੀ। ਇਸ ਮੌਕੇ ਜ਼ਿਲ੍ਹਾ ਐਪੀਡੀਮੋਲੋਜਿਸਟ (ਆਈਡੀਐੱਸਪੀ) ਸ਼ਿਆਮਾਬੇਦਾ ਦੇਵੀ ਨੇ ਪਿਛਲੇ ਸਾਲਾਂ ਦੌਰਾਨ ਜ਼ਿਲ੍ਹੇ ਵਿਚ ਸਾਹਮਣੇ ਆਏ ਵੱਖ-ਵੱਖ ਰੋਗਾਂ ਅਤੇ ਉਨ੍ਹਾਂ ਦੇ ਪ੍ਰਕੋਪ ਸਬੰਧੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਭਵਿੱਖ ਵਿੱਚ ਅਜਿਹੇ ਪ੍ਰਕੋਪਾਂ ਨੂੰ ਰੋਕਣ ਲਈ ਅਗਾਊਂ ਸਾਵਧਾਨੀ, ਨਿਯਮਤ ਨਿਗਰਾਨੀ ਅਤੇ ਤੁਰੰਤ ਕਾਰਵਾਈ ਦੀ ਮਹੱਤਤਾ ਤੇ ਜ਼ੋਰ ਦਿੱਤਾ। ਮੀਟਿੰਗ ਵਿਚ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਦੇ ਡਿਪਟੀ ਡਾਇਰੈਕਟਰ ਸ਼ਮਸ਼ੇਰ ਸਿੰਘ, ਕਾਰਜ ਸਾਧਕ ਅਫ਼ਸਰ ਬੰਗਾ ਰਾਜੀਵ ਸਰੀਨ, ਕਾਰਜ ਸਾਧਕ ਅਫ਼ਸਰ ਨਵਾਂਸ਼ਹਿਰ ਮੁਨੀਸ਼ ਕੁਮਾਰ, ਕਾਰਜ ਸਾਧਕ ਅਫ਼ਸਰ ਬਲਾਚੌਰ ਦੇ ਪ੍ਰਤੀਨਿਧ ਧੰਨਵੰਤ ਸਿੰਘ, ਡਰੱਗ ਵਿਭਾਗ ਤੋਂ ਗੁਰਜੀਤ ਸਿੰਘ ਅਤੇ ਫੂਡ ਸੇਫਟੀ ਅਫ਼ਸਰ ਦਿਨੇਸ਼ਜੋਤ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।