
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਚੀਨੀ ਦੀ ਮਹਿੰਗਾਈ ਲਈ ਮੋਦੀ ਸਰਕਾਰ ਦੀਆਂ ਨੀਤੀਆਂ ਜਿੰਮੇਵਾਰ-ਸੀਟੂ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਲਾਚੌਰ : ਸੀਟੂ-ਪੰਜਾਬ ਵੱਲੋਂ ਖੰਡ ਦੀ ਲੱਕ ਤੋੜ ਮਹਿੰਗਾਈ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ। ਸੀਟੂ ਆਗੂਆਂ ਊਸ਼ਾ ਰਾਣੀ, ਕਾਮਰੇਡ ਮਹਾਂ ਸਿੰਘ ਰੌੜੀ, ਚੰਦਰ ਸ਼ੇਖਰ ਅਤੇ ਸੁੱਚਾ ਸਿੰਘ ਅਜਨਾਲਾ ਨੇ ਸਾਂਝੇ ਤੌਰ ’ਤੇ ਕਿਹਾ ਕਿ ਜਦੋਂ ਕੁੱਝ ਚੋਣਵੇਂ ਕਾਰਪੋਰੇਟ ਘਰਾਣਿਆਂ ਅਤੇ ਸਿਆਸੀ ਲੀਡਰਾਂ ਦੇ ਖੰਡ ਮਿੱਲਾਂ ਉੱਤੇ ਕਬਜ਼ੇ ਕਰਵਾ ਦਿੱਤੇ ਗਏ ਹਨ ਅਤੇ ਉਹ ਹੀ ਨੀਤੀਆਂ ਘੜਨ ਲੱਗ ਗਏ ਹਨ ਤਾਂ ਖੰਡ ਦੀ ਮਿਠਾਸ ਵੀ ਗ਼ਰੀਬ ਲੋਕਾਂ ਦੀ ਪਹੁੰਚ ਤੋਂ ਬਾਹਰ ਹੋਣੀ ਹੀ ਹੈ। ਇਸ ਮੌਕੇ ਸੀਟੂ ਆਗੂਆਂ ਨੇ ਕੇਂਦਰ ਸਰਕਾਰ ਉੱਤੇ ਇਹ ਦੋਸ਼ ਲਾਇਆ ਕਿ ਹੁਣ ਸਾਡਾ ਦੇਸ਼ ਖੰਡ ਬਾਹਰਲੇ ਦੇਸ਼ਾਂ ਤੋਂ ਦਰਾਮਦ ਕਰਨ ਲਗਾ ਦਿੱਤਾ ਹੈ ਤਾਂ ਜੋ ਖੰਡ ਦੀਆਂ ਕੀਮਤਾਂ ਦੇ ਵਾਧੇ ਨੂੰ ਜਾਇਜ਼ ਬਣਾਇਆ ਜਾ ਸਕੇ। ਦੇਸ਼ ਦੇ ਗੰਨਾ ਉਤਪਾਦਕ ਕਿਸਾਨਾਂ ਨੂੰ ਗੰਨੇ ਦੀ ਵਾਜਿਬ ਕੀਮਤ ਦਿੱਤੀ ਨਹੀਂ ਜਾਂਦੀ ਅਤੇ ਸਾਲਾਂਬੱਧੀ ਅਦਾਇਗੀਆਂ ਨਾ ਕਰ ਕੇ ਗੰਨੇ ਦੀ ਪੈਦਾਵਾਰ ਨੂੰ ਨਿਰ-ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਕੀਮਤ ਵਾਧੇ ਨੂੰ ਕਾਬੂ ਵਿਚ ਰੱਖਣ ਬਹਾਨੇ ਵਿਦੇਸ਼ੀਆਂ ਨੂੰ ਅਤੇ ਦਰਾਮਦਕਾਰਾਂ ਦੀ ਲੁੱਟ ਲਈ ਨੀਤੀਆਂ ਘੜੀਆਂ ਜਾ ਰਹੀਆਂ ਹਨ। ਗੰਨੇ ਤੋਂ ਪੈਦਾ ਹੋਣ ਵਾਲੇ ਪਦਾਰਥ ਜਿਵੇਂ ਸੀਰਾ ਜਾਂ ਇਥਾਨੌਲ ਦੀ ਮੰਗ ਵੱਧ ਰਹੀ ਹੈ। ਪਰ ਗੰਨਾ ਉਤਪਾਦਕ ਕਿਸਾਨਾਂ ਨੂੰ ਇਸ ਦਾ ਲਾਭ ਟਰਾਂਸਫਰ ਨਹੀਂ ਕੀਤਾ ਜਾ ਰਿਹਾ। ਸੀਟੂ ਆਗੂਆਂ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਸਬਸਿਡੀ ਪਾ ਕੇ ਆਮ ਲੋਕਾਂ ਨੂੰ ਸਸਤੀ ਖੰਡ ਸਪਲਾਈ ਕਰਨ ਦੀ ਆਪਣੀ ਸੰਵਿਧਾਨਕ ਜ਼ਿੰਮੇਵਾਰੀ ਨਿਭਾਏ ਅਤੇ ਲੋਕ ਤੇ ਕਿਸਾਨ ਵਿਰੋਧੀ ਨੀਤੀਆਂ ਨੂੰ ਬਦਲੇ।