Sad News : ਬੰਗਾ ਤੋਂ ਵਿਧਾਇਕ ਸੁਖਵਿੰਦਰ ਕੁਮਾਰ ਸੁੱਖੀ ਨੂੰ ਸਦਮਾ, ਪਿਤਾ ਚੌਧਰੀ ਰਾਮ ਕਿਸ਼ਨ ਦਾ ਹੋਇਆ ਦੇਹਾਂਤ
ਵਿਧਾਨ ਸਭਾ ਹਲਕਾ ਬੰਗਾ ਤੋਂ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਪਿਤਾ ਸਾਬਕਾ ਤਹਿਸੀਲਦਾਰ ਚੌਧਰੀ ਰਾਮ ਕਿਸ਼ਨ ਦਾ ਦੇਹਾਂਤ ਹੋ ਗਿਆ। ਉਹ ਪਿਛਲੇ ਕਾਫ਼ੀ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਹਸਪਤਾਲ ਵਿਚ ਇਲਾਜ ਕਰਵਾ ਰਹੇ ਸਨ। ਉਨ੍ਹਾਂ ਦੇ ਅਕਾਲ ਚਲਾਣੇ ਦੀ ਖ਼ਬਰ ਮਿਲਦਿਆਂ ਹੀ ਇਲਾਕੇ ਦੇ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਪਰਿਵਾਰ ਨਾਲ ਗਹਿਰਾ ਸ਼ੋਕ ਜਤਾਇਆ ਜਾ ਰਿਹਾ ਹੈ।
Publish Date: Tue, 20 Jan 2026 01:24 PM (IST)
Updated Date: Tue, 20 Jan 2026 02:54 PM (IST)

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ - ਵਿਧਾਨ ਸਭਾ ਹਲਕਾ ਬੰਗਾ ਤੋਂ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਪਿਤਾ ਸਾਬਕਾ ਤਹਿਸੀਲਦਾਰ ਚੌਧਰੀ ਰਾਮ ਕਿਸ਼ਨ ਦਾ ਦੇਹਾਂਤ ਹੋ ਗਿਆ। ਉਹ ਪਿਛਲੇ ਕਾਫ਼ੀ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਹਸਪਤਾਲ ਵਿਚ ਇਲਾਜ ਕਰਵਾ ਰਹੇ ਸਨ। ਉਨ੍ਹਾਂ ਦੇ ਅਕਾਲ ਚਲਾਣੇ ਦੀ ਖ਼ਬਰ ਮਿਲਦਿਆਂ ਹੀ ਇਲਾਕੇ ਦੇ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਪਰਿਵਾਰ ਨਾਲ ਗਹਿਰਾ ਸ਼ੋਕ ਜਤਾਇਆ ਜਾ ਰਿਹਾ ਹੈ। ਚੌਧਰੀ ਰਾਮ ਕਿਸ਼ਨ ਇੱਕ ਨੇਕ ਦਿਲ ਅਤੇ ਸਮਾਜ ਸੇਵੀ ਸਖ਼ਸ਼ੀਅਤ ਵਜੋਂ ਜਾਣੇ ਜਾਂਦੇ ਸਨ। ਉਨ੍ਹਾਂ ਦੀ ਮੌਤ ਨਾਲ ਪਰਿਵਾਰ ਅਤੇ ਸਮਾਜ ਨੂੰ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਪਿਆ ਹੈ। ਇਸ ਦੁਖਦਾਈ ਘੜੀ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ, ਸਮਾਜਿਕ ਜਥੇਬੰਦੀਆਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਡਾ. ਸੁਖਵਿੰਦਰ ਸੁੱਖੀ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਜਾ ਰਹੀ ਹੈ। ਡਾ. ਸੁਖਵਿੰਦਰ ਕੁਮਾਰ ਨੇ ਦੱਸਿਆ ਕਿ ਸਾਬਕਾ ਤਹਿਸੀਲਦਾਰ ਚੌਧਰੀ ਰਾਮ ਕਿਸ਼ਨ ਜੀ ਦਾ ਅੰਤਿਮ ਸੰਸਕਾਰ ਨਵਾਂਸ਼ਹਿਰ ਦੇ ਬੰਗਾ ਰੋਡ ਸਥਿਤ ਸ਼ਮਸ਼ਾਨ ਘਾਟ ਵਿਖੇ ਨਮ ਅੱਖਾਂ ਨਾਲ ਕਰ ਦਿੱਤਾ ਜਾਵੇਗਾ।
ਸੁਖਵਿੰਦਰ ਕੁਮਾਰ ਸੁੱਖੀ ਨੇ ਬੀਤੇ ਦਿਨੀਂ ਦਿੱਤਾ ਅਸਤੀਫਾ
ਦੱਸ ਦਈਏ ਕਿ ਬੰਗਾ ਤੋਂ ਵਿਧਾਇਕ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਨੇ ਬੀਤੇ ਦਿਨੀਂ ਆਮ ਆਦਮੀ ਪਾਰਟੀ ਵੱਲੋਂ ਮਿਲੇ ਕੈਬਨਿਟ ਰੈਂਕ ਤੇ ਕਨਵੇਅਰ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਇਹ ਅਸਤੀਫ਼ਾ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਵੱਲੋਂ ਸ੍ਰੀ ਰਾਜਾ ਸਾਹਿਬ ਦੇ ਦਰਬਾਰ 'ਚ ਮੌਜੂਦ 169 ਸਰੂਪਾਂ ਨੂੰ ਲੈ ਕੇ ਦਿੱਤੇ ਗਏ ਬਿਆਨਾਂ ਤੋਂ ਬਾਅਦ ਆਇਆ ਹੈ। ਸੁੱਖੀ ਨੇ ਕਿਹਾ ਕਿ ਉਨ੍ਹਾਂ ਲਈ ਇਨ੍ਹਾਂ ਅਹੁਦਿਆਂ ਤੋਂ ਉੱਪਰ ਧੰਨ ਧੰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦਾ ਧਾਰਮਿਕ ਤੇ ਪਵਿੱਤਰ ਸਥਾਨ ਹੈ। ਉਹ ਬਚਪਨ ਤੋਂ ਹੀ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਰਸੋਖਾਨਾ ਪਾਵਨ ਅਸਥਾਨ 'ਤੇ ਆ ਰਹੇ ਹਨ। ਉਨ੍ਹਾਂ ਆਪਣੇ ਪੁਰਖਿਆਂ ਤੋਂ ਇਸ ਸਥਾਨ ਦੀ ਮਰਿਆਦਾ ਬਾਰੇ ਹੀ ਸੁਣਿਆ ਹੈ। ਜਿੱਥੋਂ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਹੈ, ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਸਵਾਲ ਹੀ ਪੈਦਾ ਨਹੀਂ ਹੋ ਸਕਦਾ। ਇੱਥੇ ਜੋ ਮਾਣ-ਸਤਿਕਾਰ ਮਿਲਦਾ ਹੈ, ਅਜਿਹਾ ਉਨ੍ਹਾਂ ਨੇ ਹੋਰ ਕਿਤੇ ਨਹੀਂ ਦੇਖਿਆ। ਜਿਸ ਮਾਣ-ਸਨਮਾਨ ਨਾਲ ਲੋਕ ਇੱਥੇ ਰਾਜਾ ਸਾਹਿਬ ਦੇ ਅੱਗੇ ਨਤਮਸਤਕ ਹੁੰਦੇ ਹਨ, ਉਸੇ ਤਰ੍ਹਾਂ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਨੂੰ ਵੀ ਮੰਨਦੇ ਹਨ। ਉਹ ਇਸ ਹਲਕੇ ਦੇ ਨੁਮਾਇੰਦੇ ਹਨ ਤੇ ਇਸ ਘਰ ਦੇ ਸੇਵਕ ਹਨ। ਇਸ ਅਸਥਾਨ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ 'ਚ ਕੋਈ ਕਮੀ ਨਹੀਂ ਆ ਸਕਦੀ। ਡਾਕਟਰ ਸੁੱਖੀ ਦੇ ਅਸਤੀਫੇ ਨੂੰ ਆਮ ਆਦਮੀ ਪਾਰਟੀ ਲਈ ਇਕ ਵੱਡੇ ਝਟਕੇ ਦੇ ਰੂਪ ਵਿੱਚ ਦੇਖਿਆ ਜਾ ਰਿਹਾ।
2024 'ਚ ਸ਼ਾਮਲ ਹੋਏ ਸੀ 'ਆਪ' 'ਚ
ਡਾ. ਸੁੱਖੀ ਨੇ 14 ਅਗਸਤ 2024 ਨੂੰ ਆਮ ਆਦਮੀ ਪਾਰਟੀ (ਆਪ) ਜੁਆਇਨ ਕਰ ਲਈ ਸੀ। ਬਾਅਦ 'ਚ 'ਆਪ' ਨੇ ਉਨ੍ਹਾਂ ਨੂੰ ਪੰਜਾਬ ਸਟੇਟ ਕੰਟੇਨਰ ਤੇ ਵੇਅਰਹਾਊਸਿੰਗ ਕਾਰਪੋਰੇਸ਼ਨ ਦਾ ਚੇਅਰਮੈਨ ਬਣਾਇਆ ਸੀ ਤੇ ਉਨ੍ਹਾਂ ਨੂੰ ਕੈਬਨਿਟ ਰੈਂਕ ਵੀ ਦਿੱਤਾ ਸੀ। ਸ਼੍ਰੋਮਣੀ ਅਕਾਲੀ ਦਲ (ਸ਼੍ਰੋਅਦ) ਦੇ ਵਿਧਾਇਕ ਹੁੰਦੇ ਹੋਏ 'ਆਪ' 'ਚ ਜਾਣ ਕਾਰਨ ਉਨ੍ਹਾਂ ਦੀ ਮੈਂਬਰੀ ਰੱਦ ਕਰਨ ਦਾ ਮਾਮਲਾ ਹਾਈਕੋਰਟ ਤਕ ਪਹੁੰਚ ਗਿਆ ਸੀ, ਕਿਉਂਕਿ ਨਿਯਮਾਂ ਅਨੁਸਾਰ ਡਾ. ਸੁੱਖੀ 'ਤੇ ਦਲ-ਬਦਲੀ ਕਾਨੂੰਨ ਲਾਗੂ ਹੁੰਦਾ ਸੀ।