‘ਮਿਸ਼ਨ ਕਲੀਨ ਪੰਜਾਬ’ ਨਾਲ ਬਦਲੇਗੀ ਸ਼ਹਿਰ ਦੀ ਨੁਹਾਰ : ਪ੍ਰਧਾਨ ਸੁਮਨ ਲਾਲ 'ਮਿਸ਼ਨ ਕਲੀਨ ਪੰਜਾਬ' ਨਾਲ ਬਦਲੇਗੀ ਨਵਾਂਸ਼ਹਿਰ ਦੀ ਨੁਹਾਰ-ਪ੍ਰਧਾਨ ਸੁਮਨ ਲਾਲ
Publish Date: Fri, 04 Sep 2026 03:22 PM (IST)
Updated Date: Fri, 04 Sep 2026 03:25 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਨਗਰ ਕੌਂਸਲ ਦੇ ਦਾਇਰੇ ਅਧੀਨ ਆਉਂਦੇ ਵੱਖ-ਵੱਖ ਵਾਰਡਾਂ ਵਿਚ ਸਫ਼ਾਈ ਵਿਵਸਥਾ ਨੂੰ ਪੁਖਤਾ ਕਰਨ ਅਤੇ ਸ਼ਹਿਰ ਵਾਸੀਆਂ ਨੂੰ ਹੋਰ ਵੀ ਸਾਫ਼-ਸੁਥਰਾ ਵਾਤਾਵਰਣ ਮੁਹੱਈਆਂ ਕਰਵਾਉਣ ਦੇ ਉਦੇਸ਼ ਨਾਲ ਵਿੱਢੀ ਗਈ ‘ਮਿਸ਼ਨ ਕਲੀਨ ਪੰਜਾਬ’ ਮੁਹਿੰਮ ਦੇ ਸਾਰਥਕ ਨਤੀਜੇ ਸਾਹਮਣੇ ਆਉਣਗੇ। ਜਿਸ ਨਾਲ ਸ਼ਹਿਰ ਦੀ ਨੁਹਾਰ ਬਦਲੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨਗਰ ਕੌਂਸਲ ਨਵਾਂਸ਼ਹਿਰ ਦੀ ਪ੍ਰਧਾਨ ਸੁਮਨ ਲਾਲ ਵੱਲੋਂ ਕੀਤਾ ਗਿਆ। ਉਨ੍ਹਾਂ ਆਖਿਆ ਕਿ ਆਪ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸ਼ਹਿਰ ਦੇ ਕੋਨੇ-ਕੋਨੇ ਵਿਚ ਸਾਫ-ਸਫ਼ਾਈ ਕਰਵਾਉਣ ਦਾ ਸ਼ੁੱਭਆਰੰਭ ਕੀਤਾ ਜਾ ਚੁੱਕਾ ਹੈ ਅਤੇ ਨਗਰ ਕੌਂਸਲ ਨਵਾਂਸ਼ਹਿਰ ਦੀਆਂ ਟੀਮਾਂ ਅਤੇ ਸਫ਼ਾਈ ਸੇਵਕ ਵੱਖ-ਵੱਖ ਇਲਾਕਿਆਂ ਵਿਚੋਂ ਕੂੜਾ ਕਰਕਟ ਚੁੱਕਣ, ਢੇਰਾਂ ਦੇ ਨਿਪਟਾਰੇ ਅਤੇ ਸੜਕਾਂ, ਗਲੀਆਂ ਦੀ ਬਰੀਕੀ ਨਾਲ ਸਫ਼ਾਈ ਕਰਨ ਲਈ ਪੂਰੀ ਤਨਦੇਹੀ ਨਾਲ ਸਰਗਰਮ ਹਨ। ਮੁਹਿੰਮ ਨੂੰ ਹੋਰ ਬਲ ਦੇਣ ਲਈ ਸਬ ਡਵੀਜ਼ਨ ਦੇ ਪ੍ਰਸ਼ਾਸਨਿਕ ਅਧਿਕਾਰੀ ਅਤੇ ਨਗਰ ਕੌਂਸਲ ਦੇ ਅਧਿਕਾਰੀ ਖੁਦ ਵੀ ਮੈਦਾਨ ਵਿਚ ਉਤਰੇ ਹਨ ਅਤੇ ਸਫ਼ਾਈ ਮੁਹਿੰਮ ਦਾ ਸਮੇਂ-ਸਮੇਂ ’ਤੇ ਜਾਇਜ਼ਾ ਲਿਆ ਜਾਵੇਗਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ‘ਮਿਸ਼ਨ ਕਲੀਨ ਪੰਜਾਬ’ ਮੁਹਿੰਮ ਵਿਚ ਆਪਣਾ ਬਣਦਾ ਸਹਿਯੋਗ ਦੇਣ ਦੀ ਅਪੀਲ ਕੀਤੀ ਤਾਂ ਜੋ ਇਹ ਮੁਹਿੰਮ ਸਫਲਤਾਪੂਰਵਕ ਅੱਗੇ ਵੱਧ ਸਕੇ। ਉਨ੍ਹਾਂ ਕਿਹਾ ਕਿ ਜੇਕਰ ਸ਼ਹਿਰ ਵਾਸੀ ਆਪਣੇ ਆਲੇ-ਦੁਆਲੇ ਨੂੰ ਸਾਫ ਰੱਖਣ ਅਤੇ ਕੂੜੇ ਦੇ ਨਿਯਮਤ ਨਿਪਟਾਰੇ ਵਿਚ ਨਗਰ ਕੌਂਸਲ ਦਾ ਸਾਥ ਦੇਣ ਤਾਂ ਨਵਾਂਸ਼ਹਿਰ ਨੂੰ ਸਥਾਈ ਤੌਰ ’ਤੇ ਕੂੜਾ ਮੁਕਤ ਅਤੇ ਹੋਰ ਵੀ ਸੁੰਦਰ ਸ਼ਹਿਰ ਬਣਾਇਆ ਜਾ ਸਕਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ‘ਮਿਸ਼ਨ ਕਲੀਨ ਪੰਜਾਬ’ ਮੁਹਿੰਮ ਇੱਕ ਦਿਨ ਦੀ ਸਰਗਰਮੀ ਨਹੀਂ ਹੈ, ਬਲਕਿ ਸ਼ਹਿਰ ਦੇ ਹਰ ਵਾਰਡ ਨੂੰ ਪੜਾਅ ਵਾਰ ਤਰੀਕੇ ਨਾਲ ਮੁਕੰਮਲ ਤੌਰ ਤੇ ਸਾਫ-ਸੁਥਰਾ ਬਣਾਉਣ ਲਈ ਇਹ ਨਿਰੰਤਰ ਜਾਰੀ ਰਹੇਗਾ। ਪ੍ਰਸ਼ਾਸਨ ਅਤੇ ਨਗਰ ਕੌਂਸਲ ਦੀ ਇਸ ਸਾਂਝੀ ਪਹਿਲ ਕਦਮੀ ਨਾਲ ਸ਼ਹਿਰ ਦੇ ਮੁੱਖ ਬਾਜ਼ਾਰਾਂ, ਰਿਹਾਇਸ਼ੀ ਇਲਾਕਿਆਂ ਅਤੇ ਮੁੱਖ ਮਾਰਗਾਂ ਦੀ ਦਿੱਖ ਸੁਧਰ ਰਹੀ ਹੈ, ਜਿਸ ਦੀ ਸ਼ਹਿਰ ਵਾਸੀਆਂ ਵੱਲੋਂ ਵੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।