- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਿਸ਼ਨ ਕਲੀਨ ਪੰਜਾਬ' ਨਾਲ ਬਦਲੇਗੀ ਸ਼ਹਿਰ ਦੀ ਨੁਹਾਰ-ਪ੍ਰਧਾਨ ਸੁਨੀਲ ਕੌਸ਼ਲ

ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ : ਨਗਰ ਕੌਂਸਲ ਬਲਾਚੌਰ ਦੇ ਦਾਇਰੇ ਅਧੀਨ ਆਉਂਦੇ ਵੱਖ-ਵੱਖ ਵਾਰਡਾਂ ਵਿਚ ਸਫ਼ਾਈ ਵਿਵਸਥਾ ਨੂੰ ਪੁਖਤਾ ਕਰਨ ਅਤੇ ਸ਼ਹਿਰ ਵਾਸੀਆਂ ਨੂੰ ਹੋਰ ਵੀ ਸਾਫ਼-ਸੁਥਰਾ ਵਾਤਾਵਰਨ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਵਿੱਢੀ ਗਈ ਮਿਸ਼ਨ ਕਲੀਨ ਪੰਜਾਬ ਮੁਹਿੰਮ ਦੇ ਸਾਰਥਕ ਨਤੀਜੇ ਸਾਹਮਣੇ ਆਉਣਗੇ। ਜਿਸ ਨਾਲ ਸ਼ਹਿਰ ਦੀ ਨੁਹਾਰ ਬਦਲੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨਗਰ ਕੌਂਸਲ ਬਲਾਚੌਰ ਦੇ ਪ੍ਰਧਾਨ ਸੁਨੀਲ ਕੌਸ਼ਲ ਵੱਲੋਂ ਕੀਤਾ ਗਿਆ। ਉਨ੍ਹਾਂ ਆਖਿਆ ਕਿ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸ਼ਹਿਰ ਦੇ ਕੋਨੇ-ਕੋਨੇ ਵਿਚ ਸਾਫ-ਸਫ਼ਾਈ ਕਰਵਾਉਣ ਦਾ ਸ਼ੁੱਭਆਰੰਭ ਕੀਤਾ ਜਾ ਚੁੱਕਾ ਹੈ ਅਤੇ ਨਗਰ ਕੌਂਸਲ ਬਲਾਚੌਰ ਦੀਆਂ ਟੀਮਾਂ ਅਤੇ ਸਫਾਈ ਸੇਵਕ ਵੱਖ-ਵੱਖ ਇਲਾਕਿਆਂ ਵਿਚੋਂ ਕੂੜਾ ਕਰਕਟ ਚੁੱਕਣ, ਢੇਰਾਂ ਦੇ ਨਿਪਟਾਰੇ ਅਤੇ ਸੜਕਾਂ, ਗਲੀਆਂ ਦੀ ਬਰੀਕੀ ਨਾਲ ਸਫ਼ਾਈ ਕਰਨ ਲਈ ਪੂਰੀ ਤਨਦੇਹੀ ਨਾਲ ਸਰਗਰਮ ਹਨ। ਮੁਹਿੰਮ ਨੂੰ ਹੋਰ ਬਲ ਦੇਣ ਲਈ ਸਬ ਡਵੀਜ਼ਨ ਦੇ ਪ੍ਰਸ਼ਾਸਨਿਕ ਅਧਿਕਾਰੀ ਅਤੇ ਨਗਰ ਕੌਂਸਲ ਦੇ ਅਧਿਕਾਰੀ ਖੁਦ ਵੀ ਮੈਦਾਨ ਵਿਚ ਉਤਰੇ ਹਨ ਅਤੇ ਸਫ਼ਾਈ ਮੁਹਿੰਮ ਦਾ ਸਮੇਂ-ਸਮੇਂ ’ਤੇ ਜਾਇਜ਼ਾ ਲਿਆ ਜਾਵੇਗਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਮਿਸ਼ਨ ਕਲੀਨ ਪੰਜਾਬ ਮੁਹਿੰਮ ਵਿਚ ਆਪਣਾ ਬਣਦਾ ਸਹਿਯੋਗ ਦੇਣ ਦੀ ਅਪੀਲ ਕੀਤੀ ਤਾਂ ਜੋ ਇਹ ਮੁਹਿੰਮ ਸਫਲਤਾਪੂਰਵਕ ਅੱਗੇ ਵੱਧ ਸਕੇ। ਉਨ੍ਹਾਂ ਕਿਹਾ ਕਿ ਜੇਕਰ ਸ਼ਹਿਰ ਵਾਸੀ ਆਪਣੇ ਆਲੇ-ਦੁਆਲੇ ਨੂੰ ਸਾਫ ਰੱਖਣ ਅਤੇ ਕੂੜੇ ਦੇ ਨਿਯਮਿਤ ਨਿਪਟਾਰੇ ਵਿਚ ਨਗਰ ਕੌਂਸਲ ਦਾ ਸਾਥ ਦੇਣ ਤਾਂ ਬਲਾਚੌਰ ਨੂੰ ਸਥਾਈ ਤੌਰ ’ਤੇ ਕੂੜਾ ਮੁਕਤ ਅਤੇ ਹੋਰ ਵੀ ਸੁੰਦਰ ਸ਼ਹਿਰ ਬਣਾਇਆ ਜਾ ਸਕਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਮਿਸ਼ਨ ਕਲੀਨ ਪੰਜਾਬ ਮੁਹਿੰਮ ਇੱਕ ਦਿਨ ਦੀ ਸਰਗਰਮੀ ਨਹੀਂ ਹੈ, ਬਲਕਿ ਸ਼ਹਿਰ ਦੇ ਹਰ ਵਾਰਡ ਨੂੰ ਪੜਾਅਵਾਰ ਤਰੀਕੇ ਨਾਲ ਮੁਕੰਮਲ ਤੌਰ ’ਤੇ ਸਾਫ-ਸੁਥਰਾ ਬਣਾਉਣ ਲਈ ਇਹ ਲਗਾਤਾਰ ਜਾਰੀ ਰਹੇਗਾ। ਪ੍ਰਸ਼ਾਸਨ ਅਤੇ ਨਗਰ ਕੌਂਸਲ ਦੀ ਇਸ ਸਾਂਝੀ ਪਹਿਲਕਦਮੀ ਨਾਲ ਸ਼ਹਿਰ ਦੇ ਮੁੱਖ ਬਾਜ਼ਾਰਾਂ, ਰਿਹਾਇਸ਼ੀ ਇਲਾਕਿਆਂ ਅਤੇ ਮੁੱਖ ਮਾਰਗਾਂ ਦੀ ਦਿੱਖ ਸੁਧਰ ਰਹੀ ਹੈ, ਜਿਸ ਦੀ ਸ਼ਹਿਰ ਵਾਸੀਆਂ ਵੱਲੋਂ ਵੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।