
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

'ਮਿਸ਼ਨ ਕਲੀਨ ਪੰਜਾਬ' ਨਾਲ ਬਲਾਚੌਰ ਦੀ ਸੁੰਦਰਤਾ 'ਚ ਆਵੇਗਾ ਬਦਲਾਅ-ਵਿਧਾਇਕ

ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ : ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਸਾਫ਼-ਸੁਥਰਾ ਬਣਾਉਣ ਲਈ 29 ਅਗਸਤ ਤੋਂ 7 ਸਤੰਬਰ ਤੱਕ ਮਿਸ਼ਨ ਕਲੀਨ ਪੰਜਾਬ ਤਹਿਤ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਬਲਾਚੌਰ ਦੀ ਵਿਧਾਇਕਾ ਸੰਤੋਸ਼ ਕਟਾਰੀਆ ਵੱਲੋਂ ਮੇਨ ਚੌਕ ਗੜ੍ਹਸ਼ੰਕਰ ਰੋਡ ਬਲਾਚੌਰ ਵਿਖੇ ਸਫ਼ਾਈ ਮੁਹਿੰਮ ਚਲਾਈ ਗਈ ਅਤੇ ਸ਼ਹਿਰ ਦੇ ਅੰਦਰੂਨੀ ਹਿੱਸਿਆਂ ਵਿਚ ਸਫਾਈ ਮੁਹਿੰਮ ਵਿੱਢੀ ਗਈ। ਵਿਧਾਇਕ ਹਲਕਾ ਸੰਤੋਸ਼ ਕਟਾਰੀਆ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸ਼ਹਿਰਾਂ ਨੂੰ ਦੇਸ਼ ਦੇ ਸਭ ਤੋਂ ਸਾਫ-ਸੁਥਰੇ ਅਤੇ ਸੁੰਦਰ ਸ਼ਹਿਰਾਂ ਵਿਚ ਤਬਦੀਲ ਕਰਨ ਲਈ ਵੱਡੇ ਪੱਧਰ ’ਤੇ ਸਫ਼ਾਈ ਮੁਹਿੰਮ ਦਾ ਆਗਾਜ਼ ਕੀਤਾ ਹੈ। ਇਸ ਮੁਹਿੰਮ ਦਾ ਮੁੱਖ ਉਦੇਸ਼ ਪੰਜਾਬ ਦੇ ਹਰ ਛੋਟੇ ਵੱਡੇ ਸ਼ਹਿਰ ਨੂੰ ਸਫ਼ਾਈ ਦਾ ਮਾਡਲ ਬਣਾਉਣਾ ਹੈ, ਤਾਂ ਜੋ ਸੂਬੇ ਦੇ ਨਾਗਰਿਕਾਂ ਨੂੰ ਸਾਫ-ਸੁਥਰਾ ਅਤੇ ਤੰਦਰੁਸਤ ਵਾਤਾਵਰਣ ਮਿਲ ਸਕੇ। ਇਸ ਪਹਿਲ ਨਾਲ ਪੰਜਾਬ ਨੂੰ ਦੇਸ਼ ਦੇ ਸਫ਼ਾਈ ਮਾਡਲ ਵਜੋਂ ਪੇਸ਼ ਕਰਨ ਦਾ ਟੀਚਾ ਰੱਖਿਆ ਗਿਆ ਹੈ।
ਇਸ ਮੌਕੇ ਨਗਰ ਕੌਂਸਲ ਦੇ ਕਰਮਚਾਰੀਆਂ ਵੱਲੋਂ ਸਾਫ਼-ਸਫਾਈ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਵਿਚ ਪੰਜਾਬ ਦੀਆਂ ਸਾਰੀਆਂ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਦੇ ਅਧੀਨ ਪੈਂਦੇ ਸਾਰੇ ਇਲਾਕਿਆਂ ਦੀ ਸਾਫ-ਸਫ਼ਾਈ ਦਾ ਕੰਮ ਮੁੱਖ ਤੌਰ ’ਤੇ ਦੇਖਿਆ ਜਾ ਰਿਹਾ ਹੈ। ਸੋ ਇਸ ਕੰਮ ਨੂੰ ਮੱਦੇਨਜ਼ਰ ਰੱਖਦੇ ਹੋਏ ਇਸ ਮੁਹਿੰਮ ਦੀ ਸ਼ੁਰੂਆਤ ਬਲਾਚੌਰ ਸ਼ਹਿਰ ਤੋਂ ਸ਼ੁਰੂ ਕੀਤੀ ਗਈ ਹੈ। ਇਹ ਸਫ਼ਾਈ ਮੁਹਿੰਮ 10 ਦਿਨ ਚਲਾਈ ਜਾਵੇਗੀ ਅਤੇ ਇਸ ਤੋਂ ਬਾਅਦ ਵੀ ਲਗਾਤਾਰ ਸਫ਼ਾਈ ਮੁਹਿੰਮ ਚੱਲੇਗੀ। ਇਸ ਦੌਰਾਨ ਕੂੜਾ ਕਰਕਟ ਸੁੱਟਣ ਵਾਲੇ ਸਥਾਨਾਂ ਦਾ ਮੁੱਖ ਤੌਰ ’ਤੇ ਨਿਰੀਖਣ ਕੀਤਾ ਜਾਵੇਗਾ। ਇਸ ਸਫ਼ਾਈ ਮੁਹਿੰਮ ਤੋਂ ਬਾਅਦ ਵੀ ਇਹ ਯਕੀਨੀ ਬਣਾਇਆ ਜਾਵੇਗਾ ਕਿ ਇਨ੍ਹਾਂ ਸਥਾਨਾਂ ’ਤੇ ਦੁਬਾਰਾ ਕੂੜਾ ਕਰਕਟ ਨਾ ਸੁੱਟਿਆ ਜਾਵੇ। ਉਨ੍ਹਾਂ ਕਿਹਾ ਕਿ ਸਫਾਈ ਕਰਮਚਾਰੀ ਇਸ ਮੁਹਿੰਮ ਦਾ ਕੇਂਦਰੀ ਹਿੱਸਾ ਹਨ ਅਤੇ ਉਨ੍ਹਾਂ ਦੀ ਭੂਮਿਕਾ ਬਹੁਤ ਮਹੱਤਵ ਪੂਰਨ ਹੈ। ਉਨ੍ਹਾਂ ਸ਼ਹਿਰ ਵਾਸੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਬਲਾਚੌਰ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਲਈ ਵੱਧ ਤੋਂ ਵੱਧ ਸਹਿਯੋਗ ਕਰਨ।