ਕਿਸਾਨਾਂ ਨੂੰ ਸਬਜ਼ੀ ਬੀਜ ਦੀਆਂ ਮਿੰਨੀ ਕਿੱਟਾਂ ਵੰਡੀਆਂ ਕਿਸਾਨਾਂ ਨੂੰ ਸਬਜੀ ਬੀਜ ਦੀਆਂ ਮਿੰਨੀ ਕਿੱਟਾਂ ਵੰਡੀਆਂ
Publish Date: Tue, 15 Sep 2026 06:31 PM (IST)
Updated Date: Tue, 15 Sep 2026 06:32 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਸੰਤੁਲਿਤ ਖੁਰਾਕ ਵਿਚ ਫ਼ਲਾਂ ਅਤੇ ਸਬਜ਼ੀਆਂ ਦਾ ਖਾਸ ਮਹੱਤਵ ਹੈ। ਘਰ ਦੀ ਲੋੜ ਅਨੁਸਾਰ ਘਰੇਲੂ ਬਗੀਚੀ ਤਹਿਤ ਸਬਜ਼ੀਆਂ ਦੀ ਕੈਮੀਕਲ ਖਾਦਾਂ ਅਤੇ ਦਵਾਈਆਂ ਰਹਿਤ ਕਾਸ਼ਤ ਕਰਨੀ ਚਾਹੀਦੀ ਹੈ। ਇਸ ਨਾਲ ਇੱਕ ਤਾਂ ਖਰਚਾ ਘਟੇਗਾ ਅਤੇ ਨਾਲ ਹੀ ਸ਼ੁੱਧ ਅਤੇ ਤਾਜ਼ੀ ਸਬਜ਼ੀ ਦਾ ਸੇਵਨ ਕਰ ਕੇ ਸਿਹਤ ਤੰਦਰੁਸਤ ਰੱਖੀ ਜਾ ਸਕਦੀ ਹੈ। ਕਿਉਂਕਿ ਸਬਜ਼ੀਆਂ ਤੋਂ ਖੁਰਾਕੀ ਤੱਤ ਭਰਪੂਰ ਮਾਤਰਾ ਵਿਚ ਮਿਲਦੇ ਹਨ। ਡਾ. ਰਾਜੇਸ਼ ਕੁਮਾਰ ਸਹਾਇਕ ਡਾਇਰੈਕਟਰ ਬਾਗਬਾਨੀ ਨੇ ਜ਼ਿਲ੍ਹੇ ਵਿਚ ਘਰੇਲੂ ਬਗੀਚੀ ਸਕੀਮ ਨੂੰ ਉਤਸ਼ਾਹਿਤ ਕਰਨ ਲਈ ਸਰਦੀ ਰੁੱਤ ਦੀ ਸਬਜ਼ੀ ਬੀਜ ਦੀਆਂ ਮਿੰਨੀ ਕਿੱਟਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਬਜ਼ੀਆਂ ਵਿਚ ਭਰਪੂਰ ਮਾਤਰਾ ਵਿਚ ਵਿਟਾਮਿਨ, ਖਣਿਜ, ਲੂਣ ਅਤੇ ਰੇਸ਼ੇ ਪਾਏ ਜਾਂਦੇ ਹਨ ਜੋ ਕਿ ਮਨੁੱਖੀ ਸਰੀਰ ਵਿਚ ਬਿਮਾਰੀਆਂ ਪ੍ਰਤੀ ਲੜਣ ਦੀ ਸ਼ਕਤੀ ਨੂੰ ਵਧਾਉਂਦੀਆਂ ਹਨ। ਪਰਿਵਾਰ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਸਬਜ਼ੀਆਂ ਨੂੰ ਘਰਾਂ ਵਿਚ ਪਈ ਖਾਲੀ ਥਾਂ ਜਾਂ ਖੇਤਾਂ ਵਿਚ ਉਗਾਇਆ ਜਾ ਸਕਦਾ ਹੈ। ਇਸ ਸਾਲ ਦੌਰਾਨ ਬਾਗਬਾਨੀ ਵਿਭਾਗ ਵੱਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ ਸਤੰਬਰ-ਅਕਤੂਬਰ ਮਹੀਨੇ ਦੌਰਾਨ 2000 ਸਬਜ਼ੀ ਬੀਜ ਕਿੱਟਾਂ ਦਿੱਤੀਆਂ ਜਾ ਰਹੀਆਂ ਹਨ। ਇਨ੍ਹਾਂ ਕਿੱਟਾਂ ਵਿਚ 9 ਕਿਸਮ ਦੇ ਸਬਜ਼ੀ ਬੀਜ ਜਿਨ੍ਹਾਂ ਵਿਚ ਮੂਲੀ, ਗਾਜਰ, ਸ਼ਲਗਮ, ਮਟਰ, ਪਾਲਕ, ਮੇਥੀ, ਧਨੀਆਂ, ਬਰੌਕਲੀ, ਚੀਨੀ ਸਰੋਂ ਹਨ ਜਿਨ੍ਹਾਂ ਦੀ ਇਸ ਸਮੇਂ ਦੌਰਾਨ ਬਿਜਾਈ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਨੈਸ਼ਨਲ ਇੰਸਟੀਚਿਊਟ ਆਫ ਨਿਊਟਰੀਸ਼ਨ ਹੈਦਰਾਬਾਦ ਅਨੁਸਾਰ ਸੰਤੁਲਿਤ ਖੁਰਾਕ ਵਿਚ ਹਰ ਵਿਅਕਤੀ ਨੂੰ ਪ੍ਰਤੀ ਦਿਨ 380 ਗ੍ਰਾਮ ਸਬਜ਼ੀਆਂ ਅਤੇ 100 ਗ੍ਰਾਮ ਫਲਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇੱਕ ਸਬਜ਼ੀ ਬੀਜ ਦੀ ਮਿੰਨੀ ਕਿੱਟ ਦੀ ਕੀਮਤ 90 ਰੁਪਏ ਹੈ। ਇਹ ਸਬਜ਼ੀ ਬੀਜ ਮਿੰਨੀ ਕਿੱਟ ਬਾਗਬਾਨੀ ਵਿਭਾਗ ਦੇ ਮੁੱਖ ਦਫਤਰ ਜਾਂ ਬਲਾਕਾਂ ਦੇ ਦਫਤਰਾਂ ਤੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।