ਪਰਵਾਸੀ ਮਜ਼ਦੂਰਾਂ ਨੇ ਕੀਤੀ ਸੁਰੱਖਿਆ ਦੀ ਮੰਗ ਪਰਵਾਸੀ ਮਜ਼ਦੂਰਾਂ ਨੇ ਕੀਤੀ ਸੁਰੱਖਿਆ ਦੀ ਮੰਗ
Publish Date: Thu, 17 Sep 2026 07:16 PM (IST)
Updated Date: Thu, 17 Sep 2026 07:17 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਪਰਵਾਸੀ ਮਜ਼ਦੂਰਾਂ ਦੀਆਂ ਜਥੇਬੰਦੀਆਂ ਵੱਲੋਂ ਮੁੱਖ ਮੰਤਰੀ ਪੰਜਾਬ ਦੇ ਨਾਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪ ਕੇ ਪਰਵਾਸੀ ਮਜ਼ਦੂਰਾਂ ਦੀ ਸੁਰੱਖਿਆ ਦੀ ਮੰਗ ਕੀਤੀ ਹੈ। ਮੰਗ ਪੱਤਰ ਰਾਹੀਂ ਉਨ੍ਹਾਂ ਕਿਹਾ ਕਿ ਪਰਵਾਸੀਆਂ ਵਿਰੁੱਧ ਯੋਜਨਾਬੱਧ ਢੰਗ ਨਾਲ ਨਫ਼ਰਤ ਫੈਲਾਈ ਜਾ ਰਹੀ ਹੈ। ਪਰਵਾਸੀਆਂ ਨੂੰ ਪੰਜਾਬ ਵਿਚੋਂ ਬਾਹਰ ਕੱਢਣ, ਉਨ੍ਹਾਂ ਦੇ ਕਾਰੋਬਾਰ ਬੰਦ ਕਰਵਾਉਣ ਦੀ ਕੁਝ ਲੋਕਾਂ ਵੱਲੋਂ ਸੋਸ਼ਲ ਮੀਡੀਆ ਉੱਤੇ ਮੁਹਿੰਮ ਛੇੜੀ ਹੋਈ ਹੈ। ਇਹ ਮੁਹਿੰਮ ਚਲਾਉਣ ਵਾਲੇ ਵਿਅਕਤੀ ਪਰਵਾਸੀਆਂ ਅਤੇ ਪੰਜਾਬੀਆਂ ਦਰਮਿਆਨ ਜਹਿਰ ਘੋਲਣ ਦਾ ਕੰਮ ਕਰ ਰਹੇ ਹਨ। ਪੰਜਾਬ ਅੰਦਰ ਪੰਜਾਬੀਆਂ ਅਤੇ ਪਰਵਾਸੀਆਂ ਦੀ ਕਈ ਦਹਾਕਿਆਂ ਤੋਂ ਕਾਰੋਬਾਰੀ ਅਤੇ ਸਮਾਜਿਕ ਸਾਂਝ ਚਲੀ ਆ ਰਹੀ ਹੈ, ਜੋ ਹੋਰ ਗੂੜ੍ਹੀ ਹੋਣੀ ਚਾਹੀਦੀ ਹੈ। ਪੰਜਾਬ ਦੀ ਤਰੱਕੀ ਵਿਚ ਪਰਵਾਸੀਆਂ ਨੇ ਵੀ ਆਪਣੀ ਕਿਰਤ ਸ਼ਕਤੀ ਦਾ ਵੱਡਾ ਹਿੱਸਾ ਪਾਇਆ ਹੈ ਅਤੇ ਅੱਗੇ ਤੋਂ ਵੀ ਪਾਉਂਦੇ ਰਹਿਣਗੇ। ਕੁਝ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਮਤੇ ਪਾ ਕੇ ਪਰਵਾਸੀਆਂ ਦੇ ਆਧਾਰ ਕਾਰਡ, ਰਾਸ਼ਨ ਕਾਰਡ, ਵੋਟਰ ਕਾਰਡ ਨਾ ਬਣਨ ਦੇਣ ਦੇ ਐਲਾਨ ਕੀਤੇ ਜਾ ਰਹੇ ਹਨ। ਸੋਸ਼ਲ ਮੀਡੀਆ ਉੱਤੇ ਪਰਵਾਸੀਆਂ ਵਿਰੁੱਧ ਭੰਡੀ ਪ੍ਰਚਾਰ ਕਰਦਿਆਂ ਉਨ੍ਹਾਂ ਨੂੰ ਰਿਹਾਇਸ਼ੀ ਪਲਾਟ, ਮਕਾਨ ਨਾ ਖ਼੍ਰੀਦਣ ਦੇਣ ਦੇ ਸੱਦੇ ਦੇਣ ਸਮੇਤ ਉਨ੍ਹਾਂ ਦੇ ਮਾਣ ਸਨਮਾਨ ਨੂੰ ਸੱਟ ਮਾਰਦੀਆਂ ਪੋਸਟਾਂ ਪੋਸਟ ਕੀਤੀਆਂ ਜਾ ਰਹੀਆਂ ਹਨ। ਭਾਰਤੀ ਸੰਵਿਧਾਨ ਅਨੁਸਾਰ ਦੇਸ਼ ਦਾ ਹਰ ਨਾਗਰਿਕ ਦੇਸ਼ ਦੇ ਕਿਸੇ ਵੀ ਹਿੱਸੇ ਵਿਚ ਜਾ ਕੇ ਕਾਰੋਬਾਰ ਕਰ ਸਕਦਾ ਹੈ ਅਤੇ ਰਹਿ ਸਕਦਾ ਹੈ। ਪੰਚਾਇਤਾਂ ਵੱਲੋਂ ਪਾਏ ਜਾ ਰਹੇ ਅਜਿਹੇ ਮਤੇ ਅਤੇ ਸੋਸ਼ਲ ਮੀਡੀਆ ਉੱਤੇ ਪਾਈਆਂ ਜਾ ਰਹੀਆਂ ਅਜਿਹੀਆਂ ਪੋਸਟਾਂ ਪਰਵਾਸੀਆਂ ਦੇ ਸੰਵਿਧਾਨਕ ਹੱਕਾਂ ਦੀ ਉਲੰਘਣਾ ਹਨ। ਉਨ੍ਹਾਂ ਪਰਵਾਸੀਆਂ ਦੀ ਜਾਨ ਅਤੇ ਮਾਲ ਦੀ ਸੁਰੱਖਿਆ ਯਕੀਨੀ ਬਣਾਉਣ, ਪਰਵਾਸੀਆਂ ਅਤੇ ਪੰਜਾਬੀਆਂ ਦੀ ਸਾਂਝ ਨੂੰ ਢਾਹ ਲਾਉਣ ਦੀਆਂ ਸਾਜਿਸ਼ਾਂ ਰਚਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰਨ, ਪਰਵਾਸੀ ਮਜ਼ਦੂਰਾਂ ਵਿਰੁੱਧ ਮਤੇ ਪਾ ਰਹੀਆਂ ਪੰਚਾਇਤਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕਰਨ, ਸੋਸ਼ਲ ਮੀਡੀਆ ਉੱਤੇ ਪਰਵਾਸੀਆਂ ਵਿਰੁੱਧ ਗ਼ਲਤ ਪ੍ਰਚਾਰ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਪਰਵਾਸੀ ਮਜ਼ਦੂਰਾਂ ਦੇ ਸੰਗਠਨਾਂ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ, ਕਿਸਾਨ-ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਦੀਆਂ ਸਾਂਝੀਆਂ ਮੀਟਿੰਗਾਂ ਸਾਰੇ ਜ਼ਿਲ੍ਹਿਆਂ ਵਿਚ ਪ੍ਰਸ਼ਾਸਨ ਦੀ ਅਗਵਾਈ ਵਿਚ ਬੁਲਾਏ ਜਾਣ ਦੀ ਮੰਗ ਕੀਤੀ ਹੈ। ਇਹ ਮੰਗ ਪੱਤਰ ਪਰਵਾਸੀ ਮਜ਼ਦੂਰ ਯੂਨੀਅਨ, ਰੇਹੜੀ ਵਰਕਰ ਯੂਨੀਅਨ, ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਅਤੇ ਜੁਗਾੜੂ ਰੇਹੜਾ ਯੂਨੀਅਨ ਜਥੇਬੰਦੀਆਂ ਵੱਲੋਂ ਦਿੱਤਾ ਗਿਆ। ਇਸ ਮੌਕੇ ਪਰਵੀਨ ਕੁਮਾਰ ਨਿਰਾਲਾ, ਹਰੇ ਰਾਮ, ਹਰੀ ਲਾਲ, ਬਬਲੂ ਸਲੋਹ, ਕਿਸ਼ੋਰ, ਰਾਜੂ, ਸਰਵੇਸ਼ ਗੁਪਤਾ ਪਰਵਾਸੀ ਆਗੂ ਸ਼ਾਮਲ ਸਨ।