ਮਾਨਸਿਕ ਰੋਗੀ ਟੈਲੀ-ਮਾਨਸ ਹੈਲਪਲਾਈਨ ਦਾ ਲੈਣ ਲਾਹਾ : ਸਿਵਲ ਸਰਜਨ
ਮਾਨਸਿਕ ਰੋਗੀ ਟੈਲੀ-ਮਾਨਸ ਹੈਲਪਲਾਈਨ ਦਾ ਲਾਭ ਲੈਣ-ਸਿਵਲ ਸਰਜਨ
Publish Date: Wed, 25 Feb 2026 03:41 PM (IST)
Updated Date: Thu, 26 Feb 2026 04:01 AM (IST)

ਇਹ ਪ੍ਰਾਜੈਕਟ ਦਿਮਾਗੀ ਰੋਗਾਂ ਦੇ ਹਰ ਤਰ੍ਹਾਂ ਦੇ ਮਰੀਜ਼ਾਂ ਲਈ ਵੱਡਾ ਉਪਰਾਲਾ ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੀ ਯੋਗ ਰਹਿਨੁਮਾਈ ਹੇਠ ਜ਼ਿਲ੍ਹਾ ਸਿਹਤ ਵਿਭਾਗ ਜ਼ਿਲ੍ਹੇ ਅੰਦਰ ਮਾਨਸਿਕ ਰੋਗਾਂ ਦੇ ਬਿਹਤਰ ਇਲਾਜ ਪ੍ਰਬੰਧ ਲਈ ਯਤਨਸ਼ੀਲ ਹੈ। ਇਸ ਲਈ ਸਿਵਲ ਸਰਜਨ ਨੇ ਮਾਨਸਿਕ ਰੋਗਾਂ ਤੋਂ ਪੀੜਤ ਵਿਅਕਤੀਆਂ ਜਾਂ ਉਨ੍ਹਾਂ ਦੇ ਸਾਕ-ਸੰਬੰਧੀਆਂ ਨੂੰ ਟੈਲੀ-ਮਾਨਸ ਹੈਲਪਲਾਈਨ ਦਾ ਲਾਭ ਲੈਣ ਦੀ ਮੁੜ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮਾਨਸਿਕ ਰੋਗਾਂ ਤੋਂ ਪੀੜਤ ਲੋਕਾਂ ਲਈ ਇਹ ਹੈਲਪਲਾਈਨ ਬੇਹੱਦ ਫ਼ਾਇਦੇਮੰਦ ਸਾਬਤ ਹੋ ਰਹੀ ਹੈ।।ਟੋਲ ਫ੍ਰੀ ਹੈਲਪਲਾਈਨ ਨੰਬਰ 1800-89-14416 ਜਾਂ 14416 ਰਾਹੀਂ ਘਰ ਬੈਠੇ ਹੀ ਟੈਲੀ-ਮਾਨਸ ਸੇਵਾਵਾਂ ਲਈਆਂ ਜਾ ਸਕਦੀਆਂ ਹਨ। ਕਾਲਰ ਦੀ ਸਾਰੀ ਜਾਣਕਾਰੀ ਗੁਪਤ ਰੱਖੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਮਾਨਸਿਕ ਸਿਹਤ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਮਾਨਸਿਕ ਤੰਦਰੁਸਤੀ ਵਿਚ ਵਾਧਾ ਕਰਨ ਲਈ ਸਰਕਾਰ ਨੇ 2022 ਨੂੰ ਟੈਲੀ-ਮਾਨਸ ਪ੍ਰਾਜੈਕਟ ਸ਼ੁਰੂ ਕੀਤਾ ਸੀ। ਟੈਲੀ-ਮਾਨਸ ਟੋਲ ਫ੍ਰੀ ਹੈਲਪਲਾਈਨ ਹੈ ਜੋ ਪੂਰੇ ਭਾਰਤ ਵਿਚ ਹਰ ਸਮੇਂ ਮੁਫ਼ਤ ਮਾਨਸਿਕ ਸਿਹਤ ਸਲਾਹ ਪ੍ਰਦਾਨ ਕਰਦੀ ਹੈ। ਉਨ੍ਹਾਂ ਦੱਸਿਆ ਕਿ ਟੈਲੀ-ਮਾਨਸ ਰਾਹੀਂ ਮਰੀਜ਼ ਮਾਨਸਿਕ ਸਿਹਤ ਸੰਬੰਧੀ ਚਿੰਤਾਵਾਂ ਦੇ ਹੱਲ ਲਈ ਮਨੋਚਿਕਿਤਸਕਾਂ, ਮਨੋਵਿਗਿਆਨੀਆਂ, ਸਲਾਹਕਾਰਾਂ, ਸਮਾਜ ਸੇਵਕਾਂ ਆਦਿ ਨਾਲ ਜੁੜ ਸਕਦੇ ਹਨ। ਇਹ ਸੇਵਾ 20 ਤੋਂ ਵੱਧ ਭਾਸ਼ਾਵਾਂ ਵਿਚ ਉਪਲਬੱਧ ਹੈ। ਉਨ੍ਹਾਂ ਦੱਸਿਆ ਕਿ ਇਹ ਪ੍ਰਾਜੈਕਟ ਦਿਮਾਗੀ ਰੋਗਾਂ ਦੇ ਹਰ ਤਰ੍ਹਾਂ ਦੇ ਮਰੀਜ਼ਾਂ ਲਈ ਵੱਡਾ ਉਪਰਾਲਾ ਹੈ। ਇਸ ਹੈਲਪਲਾਈਨ ਰਾਹੀਂ ਘਰ ਬੈਠੇ ਦਿਮਾਗੀ ਰੋਗੀ ਸਲਾਹ ਅਤੇ ਦਵਾਈ ਬਾਰੇ ਪੁੱਛ ਸਕਦੇ ਹਨ ਤੇ ਮਰੀਜ਼ ਡਾਕਟਰ ਕੋਲ ਆਨਲਾਈਨ ਬੁਕਿੰਗ ਕਰਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਟੈਲੀ-ਮਾਨਸ ਦੀ ਆਪਣੀ ਮੋਬਾਈਲ ਐਪ ਹੈ। ਜਿਸ ਵਿਚ ਕਈ ਤਰ੍ਹਾਂ ਦੇ ਮੁੱਦਿਆਂ ਜਿਵੇਂ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ, ਚਿੰਤਾ, ਪ੍ਰੀਖਿਆ ਤਣਾਅ, ਡਿਪਰੈਸ਼ਨ, ਇਕੱਲਤਾ, ਸੰਕਟ ਪ੍ਰਬੰਧਨ ਅਤੇ ਪਰਿਵਾਰਕ ਮੁੱਦਿਆਂ ਬਾਰੇ ਸਲਾਹ-ਮਸ਼ਵਰਾ ਫ਼ੋਨ ਤੇ ਪ੍ਰਦਾਨ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਟੈਲੀ-ਮਾਨਸ ਦੀ ਮਹੱਤਵ ਪੂਰਨ ਵਿਸ਼ੇਸ਼ਤਾ ਇਸ ਦੀ ਪੂਰੀ ਗੁਪਤਤਾ ਹੈ। ਕਾਲ ਕਰਨ ਵਾਲੇ ਵਿਅਕਤੀ ਦੀ ਪਛਾਣ ਅਤੇ ਜਾਣਕਾਰੀ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਰੱਖਿਆ ਜਾਂਦਾ ਹੈ, ਜਿਸ ਨਾਲ ਲੋਕ ਬਿਨਾਂ ਕਿਸੇ ਡਰ ਜਾਂ ਝਿਜਕ ਦੇ ਆਪਣੀ ਸਮੱਸਿਆ ਖੁੱਲ੍ਹ ਕੇ ਸਾਂਝੀ ਕਰ ਸਕਦੇ ਹਨ। ਇਹ ਸੇਵਾ ਖ਼ਾਸ ਤੌਰ ਤੇ ਪਿੰਡਾਂ ਅਤੇ ਦੂਰ-ਦੁਰੇਡੇ ਇਲਾਕਿਆਂ ਵਿਚ ਵਸਦੇ ਲੋਕਾਂ ਲਈ ਬਹੁਤ ਲਾਭਦਾਇਕ ਸਾਬਤ ਹੋ ਰਹੀ ਹੈ, ਜਿੱਥੇ ਮਾਨਸਿਕ ਸਿਹਤ ਸੰਬੰਧੀ ਗਿਆਨ ਦੀ ਘਾਟ ਹੁੰਦੀ ਹੈ। ਟੈਲੀ-ਮਾਨਸ ਰਾਹੀਂ ਹੁਣ ਭੂਗੋਲਿਕ ਦੂਰੀ ਮਾਨਸਿਕ ਸਿਹਤ ਸੇਵਾਵਾਂ ਵਿਚ ਰੁਕਾਵਟ ਨਹੀਂ ਰਹੀ। ਟੈਲੀ-ਮਾਨਸ ਨੌਜਵਾਨਾਂ, ਵਿਦਿਆਰਥੀਆਂ, ਕੰਮਕਾਜੀ ਵਰਗ, ਔਰਤਾਂ, ਬਜ਼ੁਰਗਾਂ ਅਤੇ ਸੰਵੇਦਨਸ਼ੀਲ ਵਰਗਾਂ ਲਈ ਸੁਰੱਖਿਅਤ ਸਹਾਰਾ ਬਣ ਕੇ ਉੱਭਰੀ ਹੈ।