ਮਾਨਸਿਕ ਤੰਦਰੁਸਤੀ ਨਾਲ ਹੀ ਨਸ਼ਾ ਮੁਕਤੀ ਦੀ ਰਾਹ ਹੁੰਦੀ ਹੈ ਆਸਾਨ : ਡਾ. ਰਮਨਦੀਪ ਕੁਮਾਰ ਮਾਨਸਿਕ ਤੰਦਰੁਸਤੀ ਨਾਲ ਹੀ ਨਸ਼ਾ ਮੁਕਤੀ ਦੀ ਰਾਹ ਹੁੰਦੀ ਹੈ ਆਸਾਨ- ਡਾ. ਰਮਨਦੀਪ ਕੁਮਾਰ
Publish Date: Sun, 11 Oct 2026 04:19 PM (IST)
Updated Date: Sun, 11 Oct 2026 04:20 PM (IST)
ਰਮੇਸ਼ ਸ਼ਰਮਾ, ਪੰਜਾਬੀ ਜਾਗਰਣ ਨਵਾਂਸ਼ਹਿਰ : ਸਿਵਲ ਸਰਜਨ ਡਾ. ਅਮਨ ਸੂਦ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਪ੍ਰੀਤ ਸਿੰਘ ਦੀ ਯੋਗ ਅਗਵਾਈ ਹੇਠ ਸਰਕਾਰੀ ਨਸ਼ਾ ਮੁਕਤੀ ਕੇਂਦਰ ਨਵਾਂਸ਼ਹਿਰ ਵਿਖੇ ਨਸ਼ਾ ਪੀੜਤ ਵਿਅਕਤੀਆਂ ਦੀ ਮਾਨਸਿਕ ਤੇ ਭਾਵਨਾਤਮਕ ਸਿਹਤ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਵਿਸ਼ਵ ਮਾਨਸਿਕ ਸਿਹਤ ਦਿਵਸ ਮਨਾਇਆ। ਇਸ ਸਾਲ ਵਿਸ਼ਵ ਮਾਨਸਿਕ ਸਿਹਤ ਦਿਵਸ ਦਾ ਥੀਮ ਜੀਵਨ ਦੇ ਤਜ਼ਰਬਿਆਂ ਨੂੰ ਸੁਣਿਆ ਜਾਵੇ : ਅਸਲ ਆਵਾਜ਼ਾਂ, ਅਸਲ ਬਦਲਾਅ ਹੈ। ਇਸ ਥੀਮ ਦਾ ਮੁੱਖ ਉਦੇਸ਼ ਮਾਨਸਿਕ ਸਿਹਤ ਸਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਲੋਕਾਂ ਦੇ ਅਸਲ ਤਜ਼ਰਬਿਆਂ ਨੂੰ ਸੁਣਨਾ, ਉਨ੍ਹਾਂ ਦੇ ਸੰਘਰਸ਼ਾਂ ਅਤੇ ਭਾਵਨਾਵਾਂ ਦਾ ਸਨਮਾਨ ਕਰਨਾ ਅਤੇ ਉਨ੍ਹਾਂ ਨੂੰ ਬਿਹਤਰ ਸਹਿਯੋਗ ਤੇ ਸਹਾਇਤਾ ਪ੍ਰਦਾਨ ਕਰਨ ਵਾਲੀਆਂ ਪ੍ਰਣਾਲੀਆਂ ਵਿੱਚ ਸਕਾਰਾਤਮਕ ਅਤੇ ਠੋਸ ਬਦਲਾਅ ਲਿਆਉਣਾ ਹੈ। ਇਸ ਮੌਕੇ ਨਸ਼ਾ ਰੋਗੀਆਂ ਦੀ ਸਿਰਜਣਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ, ਉਨ੍ਹਾਂ ਵਿੱਚ ਆਤਮ-ਵਿਸ਼ਵਾਸ ਵਧਾਉਣ ਅਤੇ ਸਕਾਰਾਤਮਕ ਸੋਚ ਨੂੰ ਪ੍ਰਫੁੱਲਤ ਕਰਨ ਲਈ ਪੋਸਟਰ ਮੇਕਿੰਗ ਸਰਗਰਮੀ ਕਰਵਾਈ ਗਈ। ਇਸ ਸਰਗਰਮੀ ਰਾਹੀਂ ਮਰੀਜ਼ਾਂ ਨੂੰ ਆਪਣੀਆਂ ਭਾਵਨਾਵਾਂ, ਵਿਚਾਰਾਂ ਅਤੇ ਜੀਵਨ ਪ੍ਰਤੀ ਨਜ਼ਰੀਏ ਨੂੰ ਰਚਨਾਤਮਕ ਢੰਗ ਨਾਲ ਪ੍ਰਗਟ ਕਰਨ ਦਾ ਮੌਕਾ ਦਿੱਤਾ ਗਿਆ। ਇਸ ਮੌਕੇ ਮੈਡੀਕਲ ਅਫ਼ਸਰ ਡਾ. ਰਮਨਦੀਪ ਕੁਮਾਰ ਨੇ ਨਸ਼ਾ ਰੋਗੀਆਂ ਨੂੰ ਨਸ਼ਾ ਛੱਡਣ ਅਤੇ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਨਸ਼ਾ ਮੁਕਤੀ ਦੀ ਪ੍ਰਕਿਰਿਆ ਵਿੱਚ ਮਾਨਸਿਕ ਸਿਹਤ ਦੀ ਅਹਿਮ ਭੂਮਿਕਾ ਹੈ। ਨਸ਼ੇ ਦੀ ਲਤ ਤੋਂ ਬਾਹਰ ਨਿਕਲਣ ਲਈ ਮਰੀਜ਼ਾਂ ਨੂੰ ਨਿਯਮਿਤ ਇਲਾਜ, ਮਾਹਿਰਾਂ ਦੀ ਸਲਾਹ, ਪਰਿਵਾਰਕ ਸਹਿਯੋਗ ਅਤੇ ਸਕਾਰਾਤਮਕ ਮਾਹੌਲ ਦੀ ਲੋੜ ਹੁੰਦੀ ਹੈ। ਉਨ੍ਹਾਂ ਨੇ ਮਰੀਜ਼ਾਂ ਨੂੰ ਆਪਣੀਆਂ ਸਮੱਸਿਆਵਾਂ ਬਿਨਾਂ ਕਿਸੇ ਝਿਜਕ ਦੇ ਸਿਹਤ ਮਾਹਿਰਾਂ ਨਾਲ ਸਾਂਝੀਆਂ ਕਰਨ ਅਤੇ ਇਲਾਜ ਪ੍ਰਤੀ ਨਿਰੰਤਰ ਵਚਨਬੱਧ ਰਹਿਣ ਦੀ ਅਪੀਲ ਕੀਤੀ। ਇਸ ਮੌਕੇ ਕਾਊਂਸਲਰ ਰੇਣੂਕਾ ਨੇ ਕਿਹਾ ਕਿ ਨਸ਼ਾ ਮੁਕਤੀ ਦੇ ਸਫ਼ਰ ਵਿੱਚ ਮਰੀਜ਼ਾਂ ਦੀ ਗੱਲ ਧਿਆਨ ਨਾਲ ਸੁਣਨਾ, ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝਣਾ ਅਤੇ ਉਨ੍ਹਾਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਸਹਿਯੋਗ ਦੇਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮਾਨਸਿਕ ਸਿਹਤ ਸਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਵਿਅਕਤੀਆਂ ਨੂੰ ਹਮਦਰਦੀ, ਸਨਮਾਨ ਅਤੇ ਸਹੀ ਮਾਰਗਦਰਸ਼ਨ ਦੀ ਲੋੜ ਹੁੰਦੀ ਹੈ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਮਰੀਜ਼ਾਂ ਦੇ ਤਜ਼ਰਬਿਆਂ ਨੂੰ ਸੁਣ ਕੇ ਅਤੇ ਉਨ੍ਹਾਂ ਦੀਆਂ ਲੋੜਾਂ ਨੂੰ ਸਮਝ ਕੇ ਹੀ ਉਨ੍ਹਾਂ ਲਈ ਬਿਹਤਰ ਸਹਾਇਤਾ ਪ੍ਰਣਾਲੀ ਵਿਕਸਿਤ ਕੀਤੀ ਜਾ ਸਕਦੀ ਹੈ। ਇਸ ਮੌਕੇ ਸਟਾਫ਼ ਨਰਸ ਪ੍ਰਿਆ ਕਮਲ, ਸੰਦੀਪ ਕੌਰ, ਅਮਨ ਅਤੇ ਰਮੇਸ਼ ਕੁਮਾਰ ਸਮੇਤ ਸਿਹਤ ਵਿਭਾਗ ਦੇ ਹੋਰ ਕਰਮਚਾਰੀ ਮੌਜੂਦ ਸਨ।