- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਘਮੋਰ ਦੇ ਛੱਪੜ ਦੇ ਮਾਮਲੇ 'ਚ ਜਸਵੀਰ ਸਿੰਘ ਗੜੀ ਨੂੰ ਦਿੱਤਾ ਮੰਗ ਪੱਤਰ

ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ : ਸਬ ਡਵੀਜ਼ਨ ਬਲਾਚੌਰ ਵਿਚ ਪੈਂਦੇ ਪਿੰਡ ਘਮੋਰ ਦੀ ਐੱਸਸੀ ਬਸਤੀ ਦੇ ਗੰਦੇ ਪਾਣੀ ਦੇ ਨਿਕਾਸ ਦਾ ਮੁੱਦਾ ਤਹਿਸੀਲ ਪੱਧਰ ਤੋਂ ਜ਼ਿਲ੍ਹਾ ਪੱਧਰ ਦਾ ਸਫਰ ਤੈਅ ਕਰਦਾ ਹੋਇਆ ਹੁਣ ਚੰਡੀਗੜ੍ਹ ਐੱਸਸੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਕੋਲ ਜਾ ਪੁੱਜਾ ਹੈ। ਜਿੱਥੇ ਕਿ ਮੁਹੱਲਾ ਵਾਸੀਆਂ ਨੂੰ ਇਨਸਾਫ ਦੀ ਆਸ ਬੱਝੀ ਹੈ। ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਅਕਸਰ ਹੀ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਗਲੀ ਛੱਪੜ ਦਾ ਰੂਪ ਧਾਰਨ ਕਰ ਲੈਦੀ ਹੈ, ਇੱਥੋ ਤੱਕ ਕਿ ਓਵਰਫਲੋਅ ਗੰਦਾ ਪਾਣੀ ਘਰਾਂ ਅੰਦਰ ਵੀ ਦਾਖਲ ਹੋ ਜਾਂਦਾ ਹੈ। ਜਿਸ ਕਾਰਨ ਮੁਹੱਲਾ ਵਾਸੀ ਨਰਕ ਤੋਂ ਭੈੜੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਹਨ। ਪਿੰਡ ਵਾਸੀ ਰਵਿੰਦਰ ਸਿੰਘ, ਜਤਿੰਦਰ ਸਿੰਘ ਅਤੇ ਜਗਦੀਸ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਇਹ ਮਾਮਲਾ ਹੁਣ ਜਸਵੀਰ ਸਿੰਘ ਗੜੀ ਚੇਅਰਮੈਨ ਅਨੁਸੂਚਿਤ ਜਾਤੀਆਂ ਕਮਿਸ਼ਨਰ ਪੰਜਾਬ ਚੰਡੀਗੜ੍ਹ ਕੋਲ ਲਿਜਾਇਆ ਗਿਆ ਹੈ। ਜਿਨ੍ਹਾਂ ਨੇ ਸਾਨੂੰ ਗੰਦੇ ਪਾਣੀ ਦੀ ਇਸ ਸਮੱਸਿਆ ਦੇ ਹੱਲ ਦਾ ਭਰੋਸਾ ਦਿੱਤਾ ਹੈ।
ਲੋਕਾਂ ਨੇ ਦੱਸਿਆ ਕਿ ਖਸਰਾ ਨੰਬਰ 45 ਜੋ ਰਿਕਾਰਡ ਮਾਲ ਅਨੁਸਾਰ ਮਾਲਕੀ ਪੰਚਾਇਤ ਦੇਹ, ਕਿਸਮ ਛੱਪੜ ਹੈ। ਜਿਸ ਸਮੇਂ ਤੋਂ ਪਿੰਡ ਅਬਾਦ ਹੋਇਆ ਹੈ, ਇਸੇ ਜਗ੍ਹਾ ਛੱਪੜ ਸੀ, ਜਿਸ ਵਿਚ ਮੁਹੱਲਾ ਵਾਸੀਆਂ ਦੇ ਘਰਾਂ ਦਾ ਗੰਦਾ ਪਾਣੀ ਨਾਲੀਆਂ ਰਾਹੀਂ ਅਤੇ ਬਰਸਾਤੀ ਪਾਣੀ ਦਾ ਨਿਕਾਸ ਛੱਪੜ ਵਿਚ ਹੋ ਜਾਂਦਾ ਸੀ। ਜਿਸ ਕਰ ਕੇ ਗੰਦਗੀ ਨਹੀਂ ਫੈਲਦੀ ਸੀ। ਜਦੋਂ ਕਰੀਬ 2015-16 ਦੌਰਾਨ ਨਵੀਂ ਜਨਰਲ ਗ੍ਰਾਮ ਪੰਚਾਇਤ ਹੋਂਦ ਵਿਚ ਆਈ ਤਾਂ ਉਸ ਵੱਲੋਂ ਸਾਡੇ ਮੁਹੱਲੇ ਦੇ ਲੋਕਾਂ ਦੀਆਂ ਗਲੀਆਂ-ਨਾਲੀਆਂ ਵਿਚ ਗੰਦਗੀ ਫੈਲਾਉਣ, ਸਾਨੂੰ ਮੁਹੱਲਾ ਵਾਸੀਆਂ ਨੂੰ ਗੰਦਗੀ ਵਿਚ ਜਿਊਣ ਅਤੇ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਬਣਾਉਣ ਲਈ ਆਪਣੇ ਅਸਰ-ਰਸੂਖ ਨਾਲ ਉਪਰੋਕਤ ਛੱਪੜ ਵਾਲੀ ਜਗ੍ਹਾ ਨੂੰ ਨਾਲ ਲੱਗਦੇ ਮੰਦਿਰ ਨੂੰ ਤਲਾਬ ਬਣਾਉਣ ਦੇ ਮੰਤਵ ਨਾਲ ਦੇ ਕੇ ਮੰਦਿਰ ਕਮੇਟੀ ਦਾ ਕਬਜ਼ਾ ਕਰਵਾ ਦਿੱਤਾ ਅਤੇ ਸਾਡੇ ਮੁਹੱਲਾ ਵਾਸੀਆਂ ਦੇ ਗੰਦੇ ਪਾਣੀ ਦਾ ਨਿਕਾਸ ਰੋਕ ਦਿੱਤਾ।
ਉਨ੍ਹਾਂ ਆਖਿਆ ਕਿ ਇਸ ਧਾਰਮਿਕ ਅਸਥਾਨ ਪ੍ਰਤੀ ਸਾਡਾ ਬਹੁਤ ਸਤਿਕਾਰ ਹੈ ਪਰ ਜੋ ਛੱਪੜ ਵਿਚ ਪਾਣੀ ਦਾ ਨਿਕਾਸ ਰੋਕ ਦਿੱਤਾ ਹੈ, ਉਸ ਨਾਲ ਸਾਡੇ ਘਰਾਂ ਅਤੇ ਬਰਸਾਤ ਦੇ ਪਾਣੀ ਦਾ ਨਿਕਾਸ ਰੁਕ ਗਿਆ, ਨਾਲੀਆਂ ਦਾ ਗੰਦਾ ਪਾਣੀ ਓਵਰਫਲੋਅ ਹੋ ਕੇ ਗਲੀਆਂ ਵਿਚ ਫੈਲ ਚੁੱਕਾ ਹੈ ਅਤੇ ਗਲੀਆਂ ਵਿਚੋਂ ਓਵਰਫਲੋਅ ਹੋ ਕੇ ਘਰਾਂ ਅੰਦਰ ਦਾਖਲ ਹੋ ਕੇ ਗੰਦਗੀ ਫੈਲਾਅ ਰਿਹਾ ਹੈ। ਜਿਸ ਕਾਰਨ ਸਾਨੂੰ ਮੁਹੱਲਾ ਵਾਸੀਆਂ ਨੂੰ ਬਿਮਾਰੀਆਂ ਦਾ ਸ਼ਿਕਾਰ ਬਣਾਏ ਜਾਣ ਲਈ ਨਰਕ ਤੋਂ ਜ਼ਿਆਦਾ ਗੰਦਗੀ ਵਿਚ ਰਹਿਣ ਲਈ ਮਜਬੂਰ ਕਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਗੰਦਾ ਪਾਣੀ ਹਮੇਸ਼ਾ ਹੀ ਗਲੀ ਵਿਚ ਖੜ੍ਹਾ ਰਹਿੰਦਾ ਹੈ, ਬਦਬੂ ਮਾਰਦਾ ਹੈ, ਮੱਛਰ ਮੱਖੀਆਂ ਦੀ ਭਰਮਾਰ ਪੈਦਾ ਕਰ ਰਿਹਾ ਹੈ। ਜਿਸ ਨਾਲ ਸਾਨੂੰ ਬਹੁਤ ਹੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਾਡੇ ਵੱਲੋਂ ਤਹਿਸੀਲ ਪੱਧਰ ਅਤੇ ਫਿਰ ਜ਼ਿਲ੍ਹਾ ਪੱਧਰ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਕੋਲ ਇਸ ਸਮੱਸਿਆ ਦੇ ਯੋਗ ਹੱਲ ਲਈ ਗੁਹਾਰ ਲਾਈ ਪਰ ਹੁਣ ਤੱਕ ਕੋਈ ਵੀ ਸੁਣਵਾਈ ਨਾ ਹੋਣ ਕਾਰਨ ਉਨ੍ਹਾਂ ਇਸ ਨਰਕ ਭਰੇ ਮਾਹੌਲ ਤੋਂ ਨਿਜ਼ਾਤ ਦਵਾਏ ਜਾਣ ਲਈ ਚੇਅਰਮੈਨ ਜਸਵੀਰ ਸਿੰਘ ਗੜੀ ਕੋਲ ਗੁਹਾਰ ਲਾਈ ਹੈ।
ਇਸ ਸਬੰਧੀ ਜਦੋਂ ਜਸਵੀਰ ਸਿੰਘ ਗੜ੍ਹੀ ਚੇਅਰਮੈਨ ਅਨੁਸੂਚਿਤ ਜਾਤੀ ਕਮਿਸ਼ਨਰ ਪੰਜਾਬ ਚੰਡੀਗੜ੍ਹ ਨਾਲ ਗੱਲ ਕੀਤੀ ਤਾਂ ਉਨ੍ਹਾਂ ਆਖਿਆ ਕਿ ਪਿੰਡ ਘਮੌਰ ਦੇ ਵਸਨੀਕਾਂ ਵੱਲੋਂ ਪਾਣੀ ਦੀ ਸਮੱਸਿਆ ਸਬੰਧੀ ਜੋ ਬੇਨਤੀ ਪੱਤਰ ਦਿੱਤਾ ਹੈ ਉਸ ਦੀ ਢੁੱਕਵੀ ਪੜਤਾਲ ਹੋਵੇਗੀ ਅਤੇ ਪੜਤਾਲ ਦੌਰਾਨ ਜੋ ਸਹੀ ਤੱਥ ਸਾਹਮਣੇ ਆਉਣਗੇ। ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਅਤੇ ਮੁਹੱਲਾ ਵਾਸੀਆਂ ਦੀ ਗੰਦੇ ਪਾਣੀ ਦੀ ਸਮੱਸਿਆ ਦਾ ਪਹਿਲ ਦੇ ਆਧਾਰ ’ਤੇ ਹੱਲ ਜ਼ਰੂਰ ਕੀਤਾ ਜਾਵੇਗਾ।