ਸਕੂਲ ਆਫ਼ ਐਮੀਨੈਂਸ ’ਚ ਮੈਗਾ ਪੀਟੀਐੱਮ ਕਰਵਾਈ ਸਕੂਲ ਆਫ਼ ਐਮੀਨੈਂਸ ਵਿਖੇ ਮੈਗਾ ਪੀਟੀਐੱਮ ਕਰਵਾਈ
Publish Date: Sat, 10 Oct 2026 03:49 PM (IST)
Updated Date: Sat, 10 Oct 2026 03:50 PM (IST)
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ : ਸਕੂਲ ਆਫ਼ ਐਮੀਨੈਂਸ ਮਹਿੰਦੀਪੁਰ ਬਲਾਚੌਰ ਵਿਖੇ ਵਿਦਿਆਰਥੀਆਂ ਦੀ ਪੜ੍ਹਾਈ ਵਿਚ ਹੋਰ ਸੁਧਾਰ ਲਿਆਉਣ, ਸਕੂਲ ਤੇ ਮਾਪਿਆਂ ਵਿਚਕਾਰ ਆਪਸੀ ਤਾਲਮੇਲ ਨੂੰ ਮਜ਼ਬੂਤ ਕਰਨ ਅਤੇ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਇੱਕ ਪ੍ਰਭਾਵਸ਼ਾਲੀ ਮੈਗਾ ਮਾਪੇ-ਅਧਿਆਪਕ ਮਿਲਣੀ (ਪੀਟੀਐੱਮ) ਅਤੇ ਸਰਟੀਫਿਕੇਟ ਵੰਡ ਸਮਾਗਮ ਕਰਵਾਇਆ। ਇਸ ਮਿਲਣੀ ਵਿਚ ਵਿਦਿਆਰਥੀਆਂ ਦੇ ਮਾਪਿਆਂ ਨੇ ਵੱਡੀ ਗਿਣਤੀ ਅਤੇ ਭਾਰੀ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਸਮਾਗਮ ਦੌਰਾਨ ਅਧਿਆਪਕਾਂ ਵੱਲੋਂ ਮਾਪਿਆਂ ਨਾਲ ਸਤੰਬਰ ਮਹੀਨੇ ਦੀਆਂ ਪ੍ਰੀਖਿਆਵਾਂ ਦੇ ਨਤੀਜਿਆਂ, ਬੱਚਿਆਂ ਦੇ ਅਕਾਦਮਿਕ ਪੱਧਰ, ਸਕੂਲ ਵਿਚ ਹਾਜ਼ਰੀ, ਅਨੁਸ਼ਾਸਨ ਅਤੇ ਸਹਿ-ਸਿੱਖਿਆ ਸਰਗਰਮੀਆਂ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ। ਅਧਿਆਪਕਾਂ ਨੇ ਮਾਪਿਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਘਰ ਵਿਚ ਪੜ੍ਹਾਈ ਲਈ ਢੁੱਕਵਾਂ ਮਾਹੌਲ ਸਿਰਜਣ ਅਤੇ ਬੱਚਿਆਂ ਦੀਆਂ ਸਿੱਖਣ ਸਬੰਧੀ ਲੋੜਾਂ ਨੂੰ ਸਮਝਦਿਆਂ ਉਨ੍ਹਾਂ ਦੀ ਨਿਯਮਿਤ ਮੱਦਦ ਕਰਨ। ਮਾਪਿਆਂ ਨੇ ਵੀ ਇਸ ਮੌਕੇ ਆਪਣੇ ਕੀਮਤੀ ਸੁਝਾਅ ਸਾਂਝੇ ਕੀਤੇ। ਇਸ ਮੌਕੇ ਅੰਗਰੇਜ਼ੀ ਵਿਸ਼ੇ ਦੇ ਸੁਧਾਰ ਲਈ ਚਲਾਏ ਜਾ ਰਹੇ ਖ਼ਾਸ ਆਰਸੀਏ ਪ੍ਰੋਗਰਾਮ ਅਧੀਨ ਵੱਖ-ਵੱਖ ਲੈਵਲ ਸਫ਼ਲਤਾਪੂਰਵਕ ਪਾਸ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ’ਤੇ ਸਰਟੀਫਿਕੇਟ ਵੰਡੇ ਗਏ। ਇਸ ਮਿਲਣੀ ਦੌਰਾਨ ਵਿਸ਼ੇਸ਼ ਤੌਰ ’ਤੇ ਪਹੁੰਚੀ ਸਟੇਟ ਟੀਮ ਜਿਨ੍ਹਾਂ ਵਿਚ ਸਿਮਰਤ, ਜਸਵੀਰ ਪਾਲ ਸਿੰਘ ਬੀਐੱਮ, ਬਲਾਕ ਬਲਾਚੌਰ-2, ਅਸ਼ੋਕ ਮਹਿਤਾ ਅਤੇ ਲੈਕ. ਹਰਜਿੰਦਰ ਗਿੱਲ ਵੱਲੋਂ ਸਕੂਲ ਦਾ ਦੌਰਾ ਕੀਤਾ ਗਿਆ। ਟੀਮ ਨੇ ਸਕੂਲ ਦੀਆਂ ਸਿੱਖਿਆਤਮਕ ਗਤੀਵਿਧੀਆਂ, ਸਾਫ਼-ਸਫ਼ਾਈ ਦੇ ਬਿਹਤਰ ਪ੍ਰਬੰਧਾਂ ਅਤੇ ਮਿਡ-ਡੇ ਮੀਲ ਦੀ ਪੂਰੀ ਤਰ੍ਹਾਂ ਸ਼ਲਾਘਾ ਕੀਤੀ। - ਮਾਪਿਆਂ ਅਤੇ ਅਧਿਆਪਕਾਂ ਦਾ ਆਪਸੀ ਸਹਿਯੋਗ ਸਭ ਤੋਂ ਅਹਿਮ ਹੈ : ਪ੍ਰਿੰਸੀਪਲ ਸਕੂਲ ਦੇ ਕਾਰਜਕਾਰੀ ਪ੍ਰਿੰ. ਜਗਮੋਹਣ ਸਿੰਘ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਜਸਵਿੰਦਰ ਪਾਲ ਬੈਂਸ ਨੇ ਕਿਹਾ ਕਿ ਬੱਚਿਆਂ ਦੇ ਉੱਜਵਲ ਭਵਿੱਖ ਲਈ ਮਾਪਿਆਂ ਅਤੇ ਅਧਿਆਪਕਾਂ ਦਾ ਆਪਸੀ ਸਹਿਯੋਗ ਸਭ ਤੋਂ ਅਹਿਮ ਹੈ। ਉਨ੍ਹਾਂ ਕਿਹਾ ਕਿ ਜਦੋਂ ਸਕੂਲ ਅਤੇ ਮਾਪੇ ਮਿਲ ਕੇ ਬੱਚਿਆਂ ਦੀ ਪੜ੍ਹਾਈ, ਅਨੁਸ਼ਾਸਨ ਅਤੇ ਸ਼ਖ਼ਸੀਅਤ ਦੇ ਵਿਕਾਸ ਲਈ ਸਾਂਝੇ ਉਪਰਾਲੇ ਕਰਦੇ ਹਨ ਤਾਂ ਸਿੱਖਿਆ ਦੇ ਮਿਆਰ ਵਿਚ ਹੋਰ ਵੀ ਬਿਹਤਰ ਗੁਣਾਤਮਕ ਸੁਧਾਰ ਲਿਆਂਦਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮੈਗਾ ਪੀਟੀਐੱਮ ਦਾ ਮੁੱਖ ਮਕਸਦ ਮਾਪਿਆਂ ਨੂੰ ਬੱਚਿਆਂ ਦੀ ਪੜ੍ਹਾਈ ਵਿਚ ਸਰਗਰਮ ਭਾਈਵਾਲ ਬਣਾਉਣਾ ਹੈ। ਇਸ ਮੌਕੇ ਸਕੂਲ ਦਾ ਸਮੁੱਚਾ ਸਟਾਫ਼ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਹਾਜ਼ਰ ਸਨ।