ਨਗਰ ਕੌਂਸਲ ਨਵਾਂਸ਼ਹਿਰ ਦੀ ਪ੍ਰਧਾਨ ਤੇ ਮੀਤ ਪ੍ਰਧਾਨ ਦੀ ਚੋਣ ਮੀਟਿੰਗ ਮੁਲਤਵੀ ਨਗਰ ਕੌਂਸਲ ਨਵਾਂਸ਼ਹਿਰ ਦੀ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਚੋਣ ਮੀਟਿੰਗ ਮੁਲਤਵੀ
Publish Date: Thu, 30 Jul 2026 05:04 PM (IST)
Updated Date: Fri, 31 Jul 2026 04:05 AM (IST)
30ਐਨਐਸਆਰ27ਪੀ ਨਗਰ ਕੌਂਸਲ ਨਵਾਂਸ਼ਹਿਰ ਚ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਚੋਣ ਨਾ ਹੋਣ ਕਾਰਨ ਰੋਸ ਧਰਨਾ ਦਿੰਦੇ ਕਾਂਗਰਸੀ ਕੌਂਸਲਰ, ਸਾਬਕਾ ਵਿਧਾਇਕ ਅਤੇ ਹੋਰ ਸਮਰਥਕ। ਪੰਜਾਬੀ ਜਾਗਰਣ 30ਐਨਐਸਆਰ28ਪੀ29ਪੀ ਨਗਰ ਕੌਂਸਲ ਨਵਾਂਸ਼ਹਿਰ ਦੀ ਚੋਣ ਮੁਲਤਵੀ ਹੋਣ ਤੇ ਰੋਸ ਜਾਹਿਰ ਕਰਦੇ ਸਾਬਕਾ ਵਿਧਾਇਕ ਅੰਗਦ ਸਿੰਘ ਅਤੇ ਕਾਂਗਰਸੀ ਕੌਂਸਲਰ। ਪੰਜਾਬੀ ਜਾਗਰਣ 30ਐਨਐਸਆਰ30ਪੀ ਨਗਰ ਕੌਂਸਲ ਨਵਾਂਸ਼ਹਿਰ ਵਿਖੇ ਪੁਲਿਸ ਵੱਲੋਂ ਕੀਤੇ ਸਖਤ ਸੁਰਖਿਆ ਪ੍ਰਬੰਧ। ਪੰਜਾਬੀ ਜਾਗਰਣ * ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰਿਆਂ ਨਾਲ ਕਾਂਗਰਸੀ ਕੌਂਸਲਰਾਂ ਤੇ ਸਮਰਥਕਾਂ ਨੇ ਕੀਤਾ ਚੱਕਾ ਜਾਮ * ਦੂਜੀ ਧਿਰ ਚ ‘ਆਪ’, ਸ਼੍ਰੋਅਦ ਅਤੇ ਆਜ਼ਾਦ ਕੌਂਸਲਰਾਂ ਦੇ ਨਹੀਂ ਪਹੁੰਚਣ ’ਤੇ ਮੀਟਿੰਗ ਕੀਤੀ ਮੁਲਤਵੀ ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਨਵਾਂਸ਼ਹਿਰ ਦੀ ਐੱਸਡੀਐਮ-ਕਮ-ਕਨਵੀਨਰ ਅਨਮਜਯੋਤ ਕੌਰ ਦੀ ਸਿਹਤ ਨਾਸਾਜ ਹੋਣ ਕਾਰਨ ਐੱਸਡੀਐਮ ਬੰਗਾ ਵਿਪਨ ਭੰਡਾਰੀ ਤੇ ਹਾਈਕੋਰਟ ਦੇ ਵਕੀਲ ਹਰੀਸ਼ ਬਹਿਲ ਨਿਗਰਾਨ ਆਬਜ਼ਰਵਰ ਦੀ ਅਗਵਾਈ ਹੇਠ ਨਗਰ ਕੌਂਸਲ ਨਵਾਂਸ਼ਹਿਰ ਦੇ ਸਥਾਨਕ ਦਫਤਰ ਵਿਖੇ ਪ੍ਰਧਾਨ ਤੇ ਮੀਤ ਪ੍ਰਧਾਨ ਦੀ ਚੋਣ ਕਰਵਾਉਣ ਲਈ ਅੱਜ 3 ਵਜੇ ਸੱਦੀ ਗਈ ਮੀਟਿੰਗ ਚ ਇਕ ਧਿਰ ਵਜੋਂ ਕਾਂਗਰਸ ਦੇ 8 ਕੌਂਸਲਰਾਂ ਤੇ 1 ਆਜ਼ਾਦ ਕੌਂਸਲਰ ਦੇ ਆਉਣ ਅਤੇ ਇਕ ਧਿਰ ਦੇ ਜ਼ਿਆਦਾ ਸਮਰਥਕਾਂ ਦੇ ਆਉਣ ਕਾਰਨ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਦੇਖਦਿਆਂ ਇਸ ਚੋਣ ਨੂੰ ਅਗਲੀ ਮਿਤੀ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਨਗਰ ਕੌਂਸਲ ਦਫਤਰ ਨੇੜੇ ਕਾਂਗਰਸੀ ਸਮਰਥਕਾਂ ਦੀ ਭਾਰੀ ਭੀੜ ਨੂੰ ਦੇਖਦਿਆਂ ਅਤੇ ਮਾਹੌਲ ਦੇ ਤਨਾਅ ਪੂਰਣ ਹੋਣ ਦੀ ਸਥਿਤੀ ਨੂੰ ਦੇਖਦਿਆਂ ਅੱਜ ਸੱਦੀ ਗਈ ਨਗਰ ਕੌਂਸਲ ਨਵਾਂਸ਼ਹਿਰ ਦੀ ਮੀਟਿੰਗ ਵਿਚ ਦੂਜੀ ਧਿਰ ਚੋਂ 6 ਆਪ ਦੇ ਕੌਂਸਲਰਾਂ, 2 ਦੇ ਸ਼ਿਅਦ ਕੌਂਸਲਰਾਂ, 1 ਬਸਪਾ, 1 ਆਜ਼ਾਦ ਕੌਂਸਲਰਾਂ ਅਤੇ ਵਿਧਾਇਕ ਨਛੱਤਰ ਪਾਲ ਦੇ ਨਾ ਪੁਜਣ ਅਤੇ ਲਾਅ ਐਂਡ ਆਰਡਰ ਦੇ ਹਾਲਾਤਾਂ ਨੂੰ ਦੇਖਦਿਆਂ ਇਸ ਮੀਟਿੰਗ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਸਾਬਕਾ ਵਿਧਾਇਕ ਅੰਗਦ ਸਿੰਘ ਦੀ ਅਗਵਾਈ ਚ ਨਗਰ ਕੌਂਸਲ ਦਫਤਰ ਪੁੱਜੇ ਕਾਂਗਰਸੀ ਕੌਂਸਲਰਾਂ ਵੱਲੋਂ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਉਂਦਿਆਂ ਨਵਾਂਸ਼ਹਿਰ ਦੇ ਚੰਡੀਗੜ ਚੌਂਕ ਵਿਖੇ ਚੱਕਾ ਜਾਮ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਨਗਰ ਕੌਂਸਲ ਨਵਾਂਸ਼ਹਿਰ ਚ ਮੀਟਿੰਗ ਚ ਪਹੁੰਚਣ ਤੋਂ ਪਹਿਲਾ ਸਾਬਕਾ ਵਿਧਾਇਕ ਅੰਗਦ ਸਿੰਘ ਵੱਲੋਂ ਆਪਣੀ ਕੋਠੀ ਵਿਖੇ ਸਾਰੇ ਕਾਂਗਰਸੀ ਕੌਂਸਲਰਾਂ ਅਤੇ ਆਜ਼ਾਦ ਕੌਂਸਲਰ ਦਾ ਇਕੱਠ ਕਰਕੇ ਇਕ ਗੱਡੀਆਂ ਵਿਚ ਬੈਠ ਕੇ ਨਗਰ ਕੌਂਸਲ ਪੁੱਜਣ ਬਾਰੇ ਸੋਸ਼ਲ ਮੀਡੀਆ ਤੇ ਪੋਸਟ ਵਾਇਰਲ ਕੀਤੀ ਗਈ ਸੀ। ਜਿਸ ਵਿਚ ਉਨ੍ਹਾਂ ਸਮੂਹ ਸਮਰਥਕਾਂ ਦੇ ਨਗਰ ਕੌਂਸਲ ਦਫਤਰ ਪੁੱਜਣ ਦੀ ਅਪੀਲ ਵੀ ਕੀਤੀ ਗਈ ਸੀ। ਜਿਸ ਕਾਰਨ ਭਾਰੀ ਗਿਣਤੀ ਵਿਚ ਸਮਰਥਕ ਨਗਰ ਕੌਂਸਲ ਦਫਤਰ ਨਵਾਂਸ਼ਹਿਰ ਪੁੱਜੇ ਸਨ। ਜਿਸ ਕਾਰਨ ਅਮਨ ਕਾਨੂੰਨੀ ਦੀ ਸਥਿਤੀ ਨੂੰ ਵਿਗੜਦੀ ਦੇਖ ਐੱਸਡੀਐਮ ਬੰਗਾ ਨਗਰ ਕੌਂਸਲ ਨਵਾਂਸ਼ਹਿਰ ਦੇ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਚੋਣ ਨੂੰ ਅਗਲੇ ਸਮੇਂ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ---------------------- ਕਾਂਗਰਸੀ ਕੌਂਸਲਰਾਂ ਨੇ ਸਮਰਥਕਾਂ ਸਮੇਤ ਚੰਡੀਗੜ੍ਹ ਚੌਕ ਚ ਲਗਾਇਆ ਧਰਨਾ ਨਗਰ ਕੌਂਸਲ ਨਵਾਂਸ਼ਹਿਰ ਚ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਚੋਣ ਨਾ ਹੋਣ ਕਾਰਨ ਰੋਸ ਵਿਚ ਆਏ ਕਾਂਗਰਸੀ ਕੌਂਸਲਰਾਂ ਅਤੇ ਸਾਬਕਾ ਵਿਧਾਇਕ ਅੰਗਦ ਸਿੰਘ ਵੱਲੋਂ ਸਮਰਥਕਾਂ ਸਮੇਤ ਕਮੇਟੀ ਘਰ ਤੋਂ ਰੋਸ ਮਾਰਚ ਕਰਦਿਆਂ ਚੰਡੀਗੜ੍ਹ ਚੌਂਕ ਵਿਖੇ ਰੋਸ ਮਾਰਚ ਕਰਦਿਆਂ ਚੱਕਾ ਜਾਮ ਕਰ ਦਿੱਤਾ ਗਿਆ। ਇਸ ਮੌਕੇ ਕਾਂਗਰਸੀ ਕੌਂਸਲਰਾਂ ਅਤੇ ਸਮਰਥਕਾਂ ਵੱਲੋਂ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਉਂਦਿਆ ਨਗਰ ਕੌਂਸਲ ਚ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਚੋਣ ਵਿਚ ਕਰਵਾਈ ਜਾ ਰਹੀ ਦੇਰੀ ਦਾ ਵਿਰੋਧ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਾਣਯੋਗ ਹਾਈਕੋਰਟ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾ ਤਹਿਤ 10 ਦਿਨਾਂ ਦੇ ਵਿਚ ਵਿਚ ਇਹ ਚੋਣ ਮੁਕੰਮਲ ਕਰਵਾਉਣੀ ਚਾਹੀਦੀ ਹੈ। ਤਾਂ ਜੋ ਚੋਣ ਨਾ ਹੋਣ ਕਾਰਨ ਪ੍ਰਭਾਵਿਤ ਹੋ ਰਹੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ਤੇ ਕਰਵਾਇਆ ਜਾ ਸਕੇ। ਆਗੂਆਂ ਨੇ ਕਿਹਾ ਕਿ ਇਸ ਚੋਣ ਵਿਚ ਹੋ ਰਹੀ ਦੇਰੀ ਕਾਰਨ ਨਗਰ ਕੌਂਸਲ ਨਵਾਂਸ਼ਹਿਰ ਦੇ 19 ਵਾਰਡਾਂ ਵਿਚ ਹੋਣ ਵਾਲੇ ਵਿਕਾਸ ਕਾਰਜ ਵੀ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਵਾਰਡਾਂ ਵਿਚ ਖਸਤਾਹਾਲ ਸੜਕਾਂ, ਬੰਦ ਪਏ ਸੀਵਰੇਜ, ਕੂੜੇ ਦੇ ਢੇਰ ਸਮੇਤ ਹੋਰਨਾਂ ਸਫਾਈ ਕਾਰਜਾਂ ਨੂੰ ਕਰਵਾਉਣਾ ਵੀ ਔਖਾ ਹੁੰਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁਹੱਲੇ ਵਿਚ ਬੰਦ ਪਈਆਂ ਸਟਰੀਟ ਲਾਈਟਾਂ ਕਾਰਨ ਲੋਕਾਂ ਨੂੰ ਹਨ੍ਹੇੇਰੇ ਵਿਚ ਜਿਉਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਕਾਰਨ ਇਲਾਕੇ ਵਿਚ ਰਾਤ ਦੇ ਹਨ੍ਹੇਰੇ ਵਿਚ ਲੁੱਟ ਖੋਹ ਦੀਆਂ ਵਾਰਦਾਤਾਂ ਵੀ ਵੱਧਦੀਆਂ ਜਾ ਰਹੀਆਂ ਹਨ। ਲੋਕਾਂ ਦੀ ਮੰਗ ਹੈ ਕਿ ਨਗਰ ਕੌਂਸਲ ਦੇ ਪ੍ਰਧਾਨ, ਉਪ ਪ੍ਰਧਾਨ ਦੀ ਚੋਣ ਸਮੇਂ ਸਿਰ ਮੁਕੰਮਲ ਕਰਵਾਈ ਜਾਵੇ ਤਾਂ ਜੋ ਲੋਕਾਂ ਦੀਆਂ ਮੁਸ਼ਕਿਲਾਂ ਦਾ ਸਮੇਂ ਸਿਰ ਹਲ ਹੋ ਸਕੇ। ਮੀਟਿੰਗ ’ਚ ਹਾਜ਼ਰ ਹੋਣ ਵਾਲਿਆਂ ਦਾ ਵੇਰਵਾ ਨਗਰ ਕੌਂਸਲ ਨਵਾਂਸ਼ਹਿਰ ਦੀ ਚੋਣ ਲਈ ਕਾਂਗਰਸੀ ਕੌਂਸਲਰਾਂ ਵਿਚ ਵਾਰਡ ਨੰਬਰ 6 ਤੋਂ ਸੁਮਿਤ ਪਰਿਹਾਰ, 7 ਤੋਂ ਕੁਲਵੰਤ ਕੌਰ, 8 ਤੋਂ ਰੀਤੂ ਬਡਵਾਲ, 10 ਤੋਂ ਨਿਸ਼ੂ ਚੋਪੜਾ, 11 ਤੋਂ ਵਰਿੰਦਰ ਚੋਪੜਾ, 15 ਤੋਂ ਰਮਨ ਕੁਮਾਰ ਮਾਨ, 17 ਤੋਂ ਮਮਤਾ, 19 ਤੋਂ ਜਸਵੀਰ ਕੌਰ ਬਡਵਾਲ, 13 ਤੋਂ ਆਜ਼ਾਦ ਉਮੀਦਵਾਰ ਵਕੀਲ ਪਰਮਜੀਤ ਸਿੰਘ ਰਾਜਾ ਬਖਸ਼ੀ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਜੈ ਮੰਗੂਪੁਰ, ਜੋਗਿੰਦਰ ਸਿੰਘ ਛੋਕਰ, ਸਾਬਕਾ ਕੌਂਸਲਰ ਬਲਵਿੰਦਰ ਪਾਲ ਭੂੰਬਲਾ, ਸਾਬਕਾ ਕੌਂਸਲਰ ਪ੍ਰਵੀਨ ਭਾਟੀਆ, ਚਿੰਟੂ ਅਰੋੜਾ ਪ੍ਰਧਾਨ ਵਪਾਰ ਮੰਡਲ ਸਮੇਤ ਹੋਰ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ। ਪੁਲਿਸ ਨੇ ਕੀਤੇ ਸਖ਼ਤ ਸੁਰਖਿਆ ਪ੍ਰਬੰਧ ਉਧਰ ਨਗਰ ਕੌਂਸਲ ਨਵਾਂਸ਼ਹਿਰ ਦੇ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਚੋਣ ਨੂੰ ਲੈ ਕੇ ਐੱਸਐੱਸਪੀ ਤੁਸ਼ਾਰ ਗੁਪਤਾ, ਐੱਸਪੀ ਸਰਬਜੀਤ ਸਿੰਘ ਬਾਹੀਆ ਤੇ ਡੀਐੱਸਪੀ ਪੰਕਜ ਸ਼ਰਮਾ ਦੀ ਅਗਵਾਈ ਚ ਪੁਲਿਸ ਥਾਣਾ ਸਿਟੀ ਨਵਾਂਸ਼ਹਿਰ, ਪੁਲਿਸ ਥਾਣਾ ਸਦਰ ਨਵਾਂਸ਼ਹਿਰ ਦੇ ਐੱਸਐੱਚਓ ਨੇ ਸਮੇਤ ਪੁਲਿਸ ਪਾਰਟੀ ਸੁਰਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਲਈ ਯੋਗ ਪ੍ਰਬੰਧ ਕਰਵਾਏ ਅਤੇ ਆਪਣੀ ਬਣਦੀ ਡਿਉਟੀ ਨਿਭਾਈ ਗਈ। ਇਸੇ ਤਰ੍ਹਾਂ ਕਾਂਗਰਸੀ ਕੌਂਸਲਰਾਂ ਅਤੇ ਸਮਰਥਕਾਂ ਵੱਲੋਂ ਚੰਡੀਗੜ੍ਹ ਚੌਂਕ ਵਿਖੇ ਲਗਾਏ ਰੋਸ ਧਰਨੇ ਦੌਰਾਨ ਪੁਲਿਸ ਵੱਲੋਂ ਸੁਰਖਿਆ ਅਤੇ ਟ੍ਰੈਫਿਕ ਪ੍ਰਬੰਧਾਂ ਨੂੰ ਸੁਚਾਰੂ ਬਣਾਉਣ ਲਈ ਬਣਦੇ ਉਪਰਾਲੇ ਕੀਤੇ ਗਏ। --------------------- ਨਹੀਂ ਪੁੱਜੇ ਵਿਧਾਇਕ ਸਮੇਤ ਆਪ ਦੇ 6, ਸ਼ਿਅਦ ਦੇ 2, ਬਸਪਾ ਦਾ 1 ਅਤੇ 1 ਆਜ਼ਾਦ ਕੌਂਸਲਰ ਨਗਰ ਕੌਂਸਲ ਨਵਾਂਸ਼ਹਿਰ ਦੀ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਚੋਣ ਲਈ ਐੱਸਡੀਐਮ ਵੱਲੋਂ ਜਾਰੀ ਕੇਤੇ ਸੱਦਾ ਪੱਤਰ ਚ ਪੁੱਜਣ ਲਈ ਨਵਾਂਸ਼ਹਿਰ ਦੇ ਵਿਧਾਇਕ ਨਛੱਤਰ ਪਾਲ, ਵਾਰਡ ਨੰਬਰ 1 ਤੋਂ ਕੌਂਸਲਰ ਬਲਵਿੰਦਰ ਕੁਮਾਰ, 2 ਤੋਂ ਕੌਂਸਲਰ ਜਸਕਰਨ ਜੇਜੀ, 3 ਤੋਂ ਪਰਮ ਸਿੰਘ ਖਾਲਸਾ, 4 ਤੋਂ ਮਹਿੰਦਰ ਕੌਰ ਖ਼ਾਲਸਾ, 5 ਤੋਂ ਸ਼ਿਵ ਕੁਮਾਰ, 9 ਤੋਂ ਦਵਿੰਦਰ ਕੁਮਾਰ, 12 ਤੋਂ ਇੰਦਰਪ੍ਰੀਤ ਪਾਠਕ, 14 ਤੋਂ ਸੁਨੀਤਾ ਗਿੱਲ, 16 ਤੋਂ ਸੁਮਨ ਲਾਲ, 18 ਤੋਂ ਪੁਸ਼ਪਾ ਦੇਵੀ, ਨੂੰ ਵੀ ਸੱਦਾ ਪੱਤਰ ਭੇਜਿਆ ਗਿਆ ਸੀ ਪਰ ਉਹ ਮੀਟਿੰਗ ਵਿਚ ਨਹੀਂ ਪੁੱਜੇ। ਇਸ ਬਾਰੇ ਜਦੋਂ ਉਨ੍ਹਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਸੰਪਰਕ ਨਹੀਂ ਹੋ ਸਕਿਆ।