- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
'ਸਟਾਪ ਐਪੀਲੈਪਸੀ ਪ੍ਰੋਜੈਕਟ' ਤਹਿਤ ਆਸ਼ਾ ਵਰਕਰਾਂ ਨਾਲ ਕੀਤੀ ਮੀਟਿੰਗ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਮਿਰਗੀ ਸਬੰਧੀ ਸਮਾਜ ਵਿਚ ਫੈਲੇ ਭਰਮਾਂ ਅਤੇ ਅੰਧ-ਵਿਸ਼ਵਾਸਾਂ ਨੂੰ ਦੂਰ ਕਰਨ ਦੇ ਉਦੇਸ਼ ਨਾਲ ਸਿਵਲ ਸਰਜਨ ਦਫ਼ਤਰ ਵਿਖੇ ਡੀਐੱਮਸੀ ਲੁਧਿਆਣਾ ਦੀ ਟੀਮ ਵੱਲੋਂ ਜ਼ਿਲ੍ਹਾ ਸਿਹਤ ਵਿਭਾਗ ਦੇ ਸਹਿਯੋਗ ਨਾਲ ‘ਸਟਾਪ ਐਪੀਲੈਪਸੀ ਪ੍ਰੋਜੈਕਟ’ ਤਹਿਤ ਆਸ਼ਾ ਵਰਕਰਾਂ ਨਾਲ ਮੀਟਿੰਗ ਕਰ ਕੇ ਮਿਰਗੀ ਸਬੰਧੀ ਜਾਗਰੂਕਤਾ, ਮਰੀਜ਼ਾਂ ਦੀ ਪਛਾਣ ਅਤੇ ਰੈਫਰਲ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਬਾਰੇ ਜਾਣਕਾਰੀ ਦਿੱਤੀ। ਸਿਵਲ ਸਰਜਨ ਡਾ. ਅਮਨ ਸੂਦ ਨੇ ਦੱਸਿਆ ਕਿ ਮਿਰਗੀ ਦਾ ਹਰ ਮਰੀਜ਼ ਸਨਮਾਨ ਅਤੇ ਬਿਹਤਰ ਇਲਾਜ ਦਾ ਹੱਕਦਾਰ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਮਰੀਜ਼ਾਂ ਦੀ ਸਮੇਂ ਸਿਰ ਪਛਾਣ, ਮੁਫ਼ਤ ਇਲਾਜ, ਮਾਹਿਰ ਡਾਕਟਰੀ ਸਲਾਹ ਅਤੇ ਨਿਰੰਤਰ ਫਾਲੋਅੱਪ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਉਨ੍ਹਾਂ ਪ੍ਰੋਜੈਕਟ ਦੀ ਸਫਲ ਕਾਰਗੁਜ਼ਾਰੀ ਲਈ ਡੀਐੱਮਸੀ ਲੁਧਿਆਣਾ ਦੀ ਟੀਮ ਦੀ ਸ਼ਲਾਘਾ ਕਰਦਿਆਂ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਡੀਐੱਮਸੀ ਲੁਧਿਆਣਾ ਦੀ ਟੀਮ ਮੈਂਬਰ ਡਾ. ਨਿਸ਼ੂ ਸ਼ਰਮਾ ਨੇ ਦੱਸਿਆ ਕਿ ਸਹੀ ਇਲਾਜ ਨਾਲ ਲਗਭਗ 70 ਫ਼ੀਸਦੀ ਮਰੀਜ਼ਾਂ ਵਿਚ ਦੌਰੇ ਕਾਬੂ ਕੀਤੇ ਜਾ ਸਕਦੇ ਹਨ। ਉਨ੍ਹਾਂ ਮਰੀਜ਼ਾਂ ਨੂੰ ਡਾਕਟਰ ਦੀ ਸਲਾਹ ਅਨੁਸਾਰ ਦਵਾਈਆਂ ਨਿਯਮਿਤ ਲੈਣ ਦੀ ਅਪੀਲ ਕੀਤੀ। ਸਿਵਲ ਸਰਜਨ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਮਿਰਗੀ ਸੰਬੰਧੀ ਭਰਮਾਂ ਤੋਂ ਦੂਰ ਰਹਿਣ, ਮਰੀਜ਼ਾਂ ਨਾਲ ਵਿਤਕਰਾ ਨਾ ਕਰਨ ਅਤੇ ਉਨ੍ਹਾਂ ਨੂੰ ਸਮੇਂ ਸਿਰ ਡਾਕਟਰੀ ਇਲਾਜ ਲਈ ਉਤਸ਼ਾਹਿਤ ਕਰਨ। ਇਸ ਮੌਕੇ ਡੀਐੱਮਸੀ ਲੁਧਿਆਣਾ ਦੀ ਟੀਮ ਮੈਂਬਰ ਬੱਬਲਜੀਤ ਸਿੰਘ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਹਾਜ਼ਰ ਸਨ।