- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਹਾਇਕ ਕਮਿਸ਼ਨਰ (ਜ) ਦੀ ਅਗਵਾਈ ਚ ਏਵੀਵਾਈਏਵਾਈ ਯੋਜਨਾ ਸਬੰਧੀ ਕੀਤੀ ਮੀਟਿੰਗ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਰਮਨਜੀਤ ਸਹਾਇਕ ਕਮਿਸ਼ਨਰ (ਜਨਰਲ) ਦੀ ਅਗਵਾਈ ਵਿਚ ਅਟਲ ਵਯੁ ਅਭਿਉਦੈ ਯੋਜਨਾ (ਏਵੀਵਾਈਏਵਾਈ) ਯੋਜਨਾ ਤਹਿਤ ਜ਼ਿਲ੍ਹੇ ਵਿਚ ਬਜ਼ੁਰਗ ਨਾਗਰਿਕਾਂ ਦੀ ਭਲਾਈ ਹਿੱਤ ਕੀਤੇ ਜਾਣ ਵਾਲੇ ਕੰਮਾਂ ਅਤੇ ਜ਼ਿਲ੍ਹੇ ਵਿਚ ਵੱਖ-ਵੱਖ ਤਰ੍ਹਾਂ ਦੀਆਂ ਸਰਗਰਮੀਆਂ ਕਰਵਾਉਣ ਦੇ ਸਬੰਧ ਵਿਚ ਨਰੇਸ਼ ਕੁਮਾਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਵੱਲੋਂ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਕਾਰਜਕਾਰੀ ਏਜੰਸੀਆਂ ਦੇ ਮੁਖੀ ਅਤੇ ਸਵੈ-ਸੇਵੀ ਸੰਸਥਾਵਾਂ ਦੇ ਪ੍ਰਤੀਨਿਧੀਆਂ ਦੇ ਨਾਲ ਮੀਟਿੰਗ ਕਰਵਾਈ। ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਵੱਲੋਂ ਇਹ ਧਿਆਨ ਵਿਚ ਲਿਆਂਦਾ ਕਿ ਮਹਿਕਮਾ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਬਜ਼ੁਰਗਾਂ ਦੀ ਸਿਹਤ ਸੰਭਾਲ, ਉਨ੍ਹਾਂ ਨੂੰ ਮੈਡੀਕਲ ਸੇਵਾਵਾਂ ਮੁਹੱਈਆ ਕਰਵਾਉਣ, ਉਨ੍ਹਾਂ ਦਾ ਆਰਥਿਕ ਪੱਧਰ ਉੱਚਾ ਚੁੱਕਣ ਲਈ ਉਨ੍ਹਾਂ ਨੂੰ ਆਰਥਿਕ ਸਰਗਰਮੀਆਂ ਵਿਚ ਸ਼ਾਮਲ ਕਰਨ ਸਬੰਧੀ ਸਰਗਰਮੀਆਂ ਕੀਤੀਆਂ ਜਾਣੀਆਂ ਹਨ। ਇਨ੍ਹਾਂ ਸਰਗਰਮੀਆਂ ਦੇ ਰੂਪ ਵਿਚ ਜ਼ਿਲ੍ਹਾ ਪੱਧਰ ’ਤੇ ਸਿਹਤ ਵਿਭਾਗ ਵੱਲੋਂ ਕੈਂਪਾਂ ਦੌਰਾਨ ਬਜ਼ੁਰਗ ਨਾਗਰਿਕਾਂ ਦੀ ਕੈਟਰੈਕਟ ਸਰਜਰੀ ਕਰਵਾਉਣ ਲਈ ਅਸੈੱਸਮੈਂਟ ਕੈਂਪ ਲਗਾ ਕੇ ਅਸੈੱਸਮੈਂਟ ਕਰਵਾਈ ਜਾਵੇਗੀ। ਉਸ ਦੇ ਉਪਰੰਤ ਆਪ੍ਰੇਸ਼ਨ ਤੋਂ ਪਹਿਲਾਂ ਅਤੇ ਬਾਅਦ ਵਿਚ ਹੋਣ ਵਾਲਾ ਸਾਰਾ ਖਰਚਾ ਸਰਕਾਰ ਵੱਲੋਂ ਦਿੱਤਾ ਜਾਵੇਗਾ। ਬਜ਼ੁਰਗ ਨਾਗਰਿਕਾਂ ਦੇ ਨਾਲ ਸਬੰਧਿਤ ਹੋਰ ਸੇਵਾਵਾਂ ਵਿਚ ਆਯੂਸ਼ ਵਿਭਾਗ ਵੱਲੋਂ ਜ਼ਿਲ੍ਹਾ ਪੱਧਰ ’ਤੇ ਯੋਗ ਸਾਧਕਾਂ ਰਾਹੀਂ ਯੋਗਾ ਕੈਂਪ ਲਗਵਾਉਣੇ, ਬਜ਼ੁਰਗਾਂ ਲਈ ਕੁਰਸੀਆਂ ਬੁਣਨ, ਟੋਕਰੀਆਂ ਬੁਣਨ ਅਤੇ ਕੱਪੜਾ ਬਣਾਉਣ ਦੇ ਸਬੰਧ ਵਿਚ, ਬ੍ਰਿਧ ਆਸ਼ਰਮਾਂ, ਪੰਚਾਇਤ ਭਵਨਾਂ, ਕਮਿਊਨਿਟੀ ਸੈਂਟਰਜ਼ ਅਤੇ ਹੋਰ ਪਬਲਿਕ ਥਾਂਵਾਂ ਤੇ ਇਸ ਦੀ ਟ੍ਰੇਨਿੰਗ ਆਦਿ ਦਾ ਪ੍ਰਬੰਧ ਕਰਨਾ, ਬਜ਼ੁਰਗ ਨਾਗਰਿਕਾਂ ਨੂੰ ਕਾਨੂੰਨੀ ਸੇਵਾਂਵਾਂ ਸੇਵਾਵਾਂ ਸਬੰਧੀ ਜਾਣਕਾਰੀ ਦੇਣਾ ਪੱਧਰ ਅਤੇ ਬਲਾਕ ਅਤੇ ਜ਼ਿਲ੍ਹਾ ਪੱਧਰ ਤੇ ਸੀਨੀਅਰ ਸਿਟੀਜ਼ਨ ਦੀ ਭਲਾਈ ਹਿੱਤ ਜਾਗਰੂਕਤਾ ਕੈਂਪ ਲਗਾਉਣੇ ਅਤੇ ਡਿਜੀਟਲ ਅਤੇ ਵਿੱਤੀ ਸਾਖਰਤਾ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਉਣ ਵਰਗੀਆਂ ਸਰਗਰਮੀਆਂ ਕੀਤੀਆਂ ਜਾਣੀਆਂ ਹਨ। ਮੀਟਿੰਗ ਵਿਚ ਦਫਤਰ ਸਿਵਲ ਸਰਜਨ ਵੱਲੋਂ ਆਪਣੇ ਪੱਧਰ ’ਤੇ ਬਜ਼ੁਰਗਾਂ ਨਾਗਰਿਕਾਂ ਦੀ ਕੈਟਰੈਕਟ ਸਰਜਰੀ ਕਰਨ ਦੇ ਸਬੰਧ ਵਿਚ ਬਲਾਕ ਪੱਧਰ ’ਤੇ ਲਗਾਏ ਜਾਣ ਵਾਲੇ ਕੈਂਪਾਂ ਦਾ ਵੇਰਵਾ ਤਿਆਰ ਕਰਨ ਲਈ ਕਿਹਾ। ਰਮਨਜੀਤ ਸਹਾਇਕ ਕਮਿਸ਼ਨਰ (ਜਨਰਲ) ਵੱਲੋਂ ਜ਼ਿਲ੍ਹੇ ਦੇ ਸਮੂਹ ਜ਼ਿੰਮੇਵਾਰ ਅਧਿਕਾਰੀਆਂ ਨੂੰ ਹਰ ਤਰ੍ਹਾਂ ਦੀਆਂ ਸਰਗਰਮੀਆਂ ਨੂੰ ਕਰਨ ਦੇ ਸਬੰਧ ਵਿਚ ਦਫ਼ਤਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਨੂੰ ਪੂਰਾ ਸਹਿਯੋਗ ਦੇਣ ਲਈ ਕਿਹਾ। ਮੀਟਿੰਗ ਵਿਚ ਜ਼ਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਅਤੇ ਸੈਕੰਡਰੀ ਦਫ਼ਤਰ ਸਿਵਲ ਸਰਜ਼ਨ ਦੇ ਅਧਿਕਾਰੀ, ਜ਼ਿਲ੍ਹਾ ਪ੍ਰੋਗਰਾਮ ਅਫਸਰ, ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਐੱਲਡੀਐੱਮ, ਸਵੈ-ਸੇਵੀ ਸੰਸਥਾ ਦੇ ਰੂਪ ਵਿਚ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਹਿੱਸਾ ਲਿਆ ਗਿਆ।