ਡਾ. ਉਜਾਗਰ ਸਿੰਘ ਸੂਰੀ ਦੀ ਪਹਿਲੀ ਬਰਸੀ ’ਤੇ ਮੈਡੀਕਲ ਜਾਂਚ ਕੈਂਪ ਲਗਾਇਆ ਡਾ. ਉਜਾਗਰ ਸਿੰਘ ਸੂਰੀ ਦੀ ਪਹਿਲੀ ਬਰਸੀ 'ਤੇ ਮੈਡੀਕਲ ਜਾਂਚ ਕੈਂਪ ਲਗਾਇਆ
Publish Date: Sun, 18 Oct 2026 05:56 PM (IST)
Updated Date: Sun, 18 Oct 2026 05:57 PM (IST)
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ ਬਲਾਚੌਰ : ਪ੍ਰਸਿੱਧ ਸਮਾਜ ਸੇਵੀ ਮਰਹੂਮ ਡਾ. ਉਜਾਗਰ ਸਿੰਘ ਸੂਰੀ ਦੀ ਪਹਿਲੀ ਸਾਲਾਨਾ ਬਰਸੀ ਗੁਰਦੁਆਰਾ ਸਿੰਘ ਸਭਾ ਮਹਿੰਦੀਪੁਰ ਵਿਖੇ ਸਮੂਹ ਪਰਿਵਾਰ, ਇਲਾਕਾ ਨਿਵਾਸੀਆਂ ਅਤੇ ਵੱਖ-ਵੱਖ ਰਾਜਨੀਤਿਕ ਤੇ ਸਮਾਜਿਕ ਸ਼ਖਸੀਅਤਾਂ ਵੱਲੋਂ ਸ਼ਰਧਾ, ਭਾਵਨਾ ਅਤੇ ਸਤਿਕਾਰ ਨਾਲ ਮਨਾਈ। ਸਮਾਗਮ ਦੀ ਸ਼ੁਰੂਆਤ ਧਾਰਮਿਕ ਮਰਿਆਦਾ ਅਨੁਸਾਰ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਹੋਈ। ਭੋਗ ਉਪਰੰਤ ਪੁੱਜੇ ਰਾਗੀ ਸਿੰਘਾਂ ਦੇ ਜਥਿਆਂ ਵੱਲੋਂ ਗੁਰਬਾਣੀ ਦਾ ਰਸਭਿੰਨਾ ਕੀਰਤਨ ਕਰਕੇ ਆਈਆਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਧਾਰਮਿਕ ਸਮਾਗਮ ਦੌਰਾਨ ਡਾ. ਸੂਰੀ ਵੱਲੋਂ ਆਪਣੇ ਜੀਵਨ ਕਾਲ ਦੌਰਾਨ ਕੀਤੇ ਗਏ ਨੇਕ ਕਾਰਜਾਂ ਅਤੇ ਮਨੁੱਖਤਾ ਦੀ ਸੇਵਾ ਨੂੰ ਯਾਦ ਕੀਤਾ। ਡਾ. ਉਜਾਗਰ ਸਿੰਘ ਸੂਰੀ ਦੀ ਸਮਾਜ ਸੇਵੀ ਸੋਚ ਨੂੰ ਅੱਗੇ ਵਧਾਉਂਦਿਆਂ ਉਨ੍ਹਾਂ ਦੀ ਪਤਨੀ ਕੁਲਵੰਤ ਕੌਰ ਸੂਰੀ, ਪੁੱਤਰ ਡਾ. ਭੁਪਿੰਦਰਜੀਤ ਸਿੰਘ ਸੂਰੀ ਅਤੇ ਨੂੰਹ ਡਾ. ਅਮਨਦੀਪ ਕੌਰ ਦੀ ਅਗਵਾਈ ਹੇਠ ਇੱਕ ਵਿਸ਼ਾਲ ਲੋਕ ਭਲਾਈ ਮੈਡੀਕਲ ਜਾਂਚ ਕੈਂਪ ਲਗਾਏ ਗਏ। ਕੈਂਪ ਵਿਚ ਮਾਹਰ ਡਾਕਟਰਾਂ ਦੀ ਟੀਮ ਵੱਲੋਂ ਮਰੀਜ਼ਾਂ ਦੀਆਂ ਅੱਖਾਂ ਦੀ ਮੁਫ਼ਤ ਜਾਂਚ ਕੀਤੀ ਅਤੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਤਕਸੀਮ ਕੀਤੀਆਂ। ਇਸ ਦੇ ਨਾਲ ਹੀ ਖ਼ੂਨਦਾਨ ਕੈਂਪ ਵਿਚ ਵੱਡੀ ਗਿਣਤੀ ਵਿਚ ਨੌਜਵਾਨਾਂ ਅਤੇ ਸਮਾਜ ਸੇਵੀਆਂ ਨੇ ਉਤਸ਼ਾਹ ਨਾਲ ਖ਼ੂਨਦਾਨ ਕਰ ਕੇ ਮਨੁੱਖੀ ਜਾਨਾਂ ਬਚਾਉਣ ਦਾ ਸੰਦੇਸ਼ ਦਿੱਤਾ। ਪਰਿਵਾਰਕ ਮੈਂਬਰਾਂ ਨੇ ਆਈਆਂ ਸਭ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਡਾ. ਸੂਰੀ ਵੱਲੋਂ ਪਾਏ ਪੂਰਨਿਆਂ ਤੇ ਭਵਿੱਖ ਵਿਚ ਵੀ ਸਮਾਜ ਸੇਵਾ ਦੇ ਕਾਰਜ ਜਾਰੀ ਰੱਖੇ ਜਾਣਗੇ। ਇਸ ਮੌਕੇ ਕਾਂਗਰਸੀ ਆਗੂ ਅਜੇ ਮੰਗੂਪੁਰ, ਐਡਵੋਕੇਟ ਨਾਨਕ ਸਿੰਘ ਜੰਡੀ, ਭਾਜਪਾ ਆਗੂ ਸੰਦੀਪ ਸੋਨੂੰ ਭਾਟੀਆ, ਆਪ ਦੇ ਜ਼ਿਲ੍ਹਾ ਪ੍ਰਧਾਨ ਤੇ ਪਲੈਨਿੰਗ ਬੋਰਡ ਦੇ ਚੇਅਰਮੈਨ ਸੰਜੀਵ ਚੇਚੀ, ਮੰਡੀ ਬੋਰਡ ਦੇ ਚੇਅਰਮੈਨ ਸੇਠੀ ਉਧਨੋਵਾਲ ਅਤੇ ਇਲਾਕਾ ਵਾਸੀ ਹਾਜ਼ਰ ਸਨ।