ਸ. ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਵਸ ਮਨਾਇਆ ਸ. ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਵਸ ਮਨਾਇਆ
Publish Date: Tue, 17 Nov 2026 05:03 PM (IST)
Updated Date: Tue, 17 Nov 2026 05:06 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਰੈੱਡ ਕਰਾਸ ਨਸ਼ਾ ਪੀੜਤਾਂ ਲਈ ਏਕੀਕ੍ਰਿਤ ਮੁੜ ਵਸੇਵਾ ਕੇਂਦਰ ਵਿਖੇ ਸ. ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਵਸ ਮਨਾਇਆ। ਪ੍ਰੋਜੈਕਟ ਡਾਇਰੈਕਟਰ ਚਮਨ ਸਿੰਘ ਨੇ ਦੱਸਿਆ ਕਿ ਕਰਤਾਰ ਸਿੰਘ ਸਰਾਭਾ ਦਾ ਜਨਮ ਪਿੰਡ ਸਰਾਭਾ ਲੁਧਿਆਣਾ ਵਿਖੇ 24 ਮਈ 1896 ਨੂੰ ਮੰਗਲ ਸਿੰਘ ਅਤੇ ਸਾਹਿਬ ਕੌਰ ਦੇ ਘਰ ਹੋਇਆ।। ਮੁੱਢਲੀ ਵਿੱਦਿਆ ਤੋਂ ਬਾਅਦ ਲੁਧਿਆਣਾ ਅਤੇ ਉੜੀਸਾ ਵੀ ਆਪਣੇ ਚਾਚੇ ਕੋਲ ਪੜ੍ਹਨ ਗਏ। ਛੋਟੀ ਉਮਰ ਵਿਚ ਹੀ ਪਿਤਾ ਦਾ ਸਾਇਆ ਉਠ ਜਾਣ ਤੇ ਦਾਦੇ ਨੇ ਦੇਖਭਾਲ ਕੀਤੀ। 1912 ਵਿਚ ਅਮਰੀਕਾ ਵਿਖੇ ਉਚੇਰੀ ਪੜ੍ਹਾਈ ਲਈ ਉਥੇ ਦੇਖਿਆ ਕਿ ਭਾਰਤੀਆਂ ਨਾਲ ਬਹੁਤ ਬੁਰਾ ਸਲੂਕ ਕੀਤਾ ਜਾਂਦਾ ਸੀ, ਜਿਸ ਨੇ ਉਸ ਨੂੰ ਹਿਲਾ ਕੇ ਰੱਖ ਦਿੱਤਾ। ਇੰਨੇ ਨੂੰ ਉਨ੍ਹਾਂ ਦਾ ਮੇਲ ਲਾਲਾ ਹਰਦਿਆਲ ਅਤੇ ਸੋਹਣ ਸਿੰਘ ਭਕਨਾ ਨਾਲ ਹੋਇਆ ਅਤੇ ਗਦਰ ਪਾਰਟੀ ਦੇ ਮੈਂਬਰ ਬਣ ਗਏ ਅਤੇ ਸਰਗਰਮੀ ਨਾਲ ਹਿੱਸਾ ਲੈਣ ਲੱਗੇ। ਉਨ੍ਹਾਂ ਨੇ ਗਦਰ ਪਾਰਟੀ ਮੋਹਰੀ ਕਤਾਰ ਵਿਚ ਕੰਮ ਕੀਤਾ। ਦੂਜੇ ਵਿਸ਼ਵ ਯੁੱਧ ਨੂੰ ਮੁੱਖ ਰੱਖਦਿਆਂ ਅਤੇ ਭਾਰਤ ਦੀ ਆਜ਼ਾਦੀ ਢੁਕਵਾਂ ਸਮਾਂ ਮੰਨਦੇ ਹੋਏ 1914 ਵਿਚ ਭਾਰਤ ਆਏ ਤੇ ਮੁਖਬਰਾਂ ਨੇ ਫੜਾ ਦਿੱਤਾ ਤੇ ਫਾਂਸੀ ਦੀ ਸਜ਼ਾ ਹੋਈ। ਅੱਜ ਦੇ ਦਿਨ 1915 ਨੂੰ ਸੈਂਟਰਲ ਜੇਲ ਲਾਹੌਰ ਵਿਚ ਫਾਂਸੀ ਦਿੱਤੀ। ਉਨ੍ਹਾਂ ਦੱਸਿਆ ਕਿ 19 ਸਾਲ 5 ਮਹੀਨੇ ਦੇ ਨੌਜਵਾਨ ਦੀ ਸੋਚ ਨਾਲ ਅੱਜ ਦੇ ਨੌਜਵਾਨ ਕਿਉਂ ਨਹੀਂ ਜੁੜ ਰਹੇ, ਕਿਉਂ ਅੱਜ ਵੀ ਆਜ਼ਾਦ ਭਾਰਤ ਵਿਚ ਕਈ ਕਿਸਮ ਦੀਆਂ ਗੁਲਾਮੀ ਹਨ। ਅੱਜ ਵੱਡੀ ਗਿਣਤੀ ਵਿਚ ਨੌਜਵਾਨ ਨਸ਼ੇ ਦੇ ਗੁਲਾਮ ਹਨ। ਆਰਥਿਕ ਕਾਣੀ ਵੰਡ, ਬੇਰੁਜ਼ਗਾਰੀ, ਧਾਰਮਿਕ ਕੱਟੜਤਾ, ਜਾਤੀਵਾਦ, ਮਹਿੰਗਾਈ ਆਦਿ ਮੁੱਦੇ ਮੂੰਹ ਅੱਡੀ ਖੜੇ ਹਨ। ਇਨ੍ਹਾਂ ਨੂੰ ਨੀਤੀਬੱਧ ਬਣਾਉਣ ਲਈ ਨੌਜਵਾਨ ਵਰਗ ਦੀ ਜਿੰਮੇਵਾਰੀ ਹੈ। ਇਸ ਮੌਕੇ ਕਮਲਜੀਤ ਕੌਰ ਨੇ ਉਨ੍ਹਾਂ ਦੇ ਬਚਪਨ, ਪਰਿਵਾਰ ਅਤੇ ਗਦਰ ਲਹਿਰ ਵਿਚ ਨਿਭਾਈ ਭੂਮਿਕਾ ਬਾਰੇ ਚਰਚਾ ਕੀਤੀ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀਆਂ ਜੀਵਨੀਆਂ ਪੜ੍ਹਨ। ਇਸ ਮੌਕੇ ਕੁਲਵੰਤ ਸਿੰਘ, ਮਨਜੀਤ ਸਿੰਘ, ਦਿਨੇਸ਼ ਕੁਮਾਰ, ਕਮਲਾ ਰਾਣੀ, ਕੋਮਲ ਪ੍ਰੀਤ, ਪਰਵੀਨ ਕੁਮਾਰੀ ਆਦਿ ਹਾਜ਼ਰ ਸਨ।