ਸ਼ਹੀਦ ਬੱਬਰ ਕਰਮ ਸਿੰਘ ਤੇ ਸਾਥੀਆਂ ਦੇ ਸ਼ਹੀਦੀ ਸਮਾਗਮ ਸ਼ੁਰੂ ਸ਼ਹੀਦ ਬੱਬਰ ਕਰਮ ਸਿੰਘ ਅਤੇ ਸਾਥੀਆਂ ਦੇ ਸ਼ਹੀਦੀ ਸਮਾਗਮ ਸ਼ੁਰੂ
Publish Date: Sat, 29 Aug 2026 07:14 PM (IST)
Updated Date: Sat, 29 Aug 2026 07:16 PM (IST)
ਸੁਰਿੰਦਰ ਦੁੱਗਲ, ਪੰਜਾਬੀ ਜਾਗਰਣ ਜਾਡਲਾ : ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਬੱਬਰ ਅਕਾਲੀ ਲਹਿਰ ਦੇ ਨਾਇਕ ਅਤੇ ਬਬੇਲੀ ਸਾਕੇ ਦੇ ਅਮਰ ਸ਼ਹੀਦ ਬੱਬਰ ਕਰਮ ਸਿੰਘ ਐਡੀਟਰ ਦੌਲਤਪੁਰੀ ਅਤੇ ਉਨ੍ਹਾਂ ਦੇ ਸਾਥੀਆਂ ਬੱਬਰ ਉਦੈ ਸਿੰਘ ਰਾਮਗੜ੍ਹ ਝੁੰਗੀਆਂ, ਬੱਬਰ ਮਹਿੰਦਰ ਸਿੰਘ ਪੰਡੋਰੀ ਗੰਗਾ ਸਿੰਘ, ਬੱਬਰ ਬਿਸ਼ਨ ਸਿੰਘ ਮਾਂਗਟ ਅਤੇ ਸਮੁੱਚੀ ਬੱਬਰ ਅਕਾਲੀ ਲਹਿਰ ਦੇ ਸ਼ਹੀਦਾਂ ਦੀਆਂ ਸ਼ਹਾਦਤਾਂ ਨੂੰ ਸਮਰਪਿਤ ਸ਼ਹੀਦੀ ਸਮਾਗਮ 1 ਸਤੰਬਰ 2026 ਨੂੰ ਬੱਬਰ ਕਰਮ ਸਿੰਘ ਮੈਮੋਰੀਅਲ ਟਰੱਸਟ ਸਕੂਲ ਦੌਲਤਪੁਰ ਵਿਖੇ ਮਨਾਇਆ ਜਾ ਰਿਹਾ ਹੈ। ਇਹ ਸਮਾਗਮ ਬੱਬਰ ਕਰਮ ਸਿੰਘ ਯਾਦਗਾਰੀ ਟਰੱਸਟ ਦੌਲਤਪੁਰ ਵੱਲੋਂ ਐੱਨਆਰਆਈ ਵੀਰਾਂ, ਇਲਾਕਾ ਵਾਸੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਪੰਥ ਪ੍ਰਸਿੱਧ ਕੀਰਤਨੀਏ ਅਤੇ ਢਾਡੀ ਜਥੇ ਗੁਰਬਾਣੀ ਕੀਰਤਨ ਅਤੇ ਗੁਰੂ ਇਤਿਹਾਸ ਸਰਵਣ ਕਰਾਉਣਗੇ। ਇਸ ਤੋਂ ਇਲਾਵਾ ਸਮਾਜਿਕ ਅਤੇ ਰਾਜਨੀਤਿਕ ਬੁਲਾਰੇ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਬੱਬਰਾਂ ਨੂੰ ਨਿਰੋਲ ਸ਼ਰਧਾਂਜਲੀ ਅਰਪਣ ਕਰਨਗੇ। ਟਰੱਸਟ ਦੇ ਪ੍ਰਧਾਨ ਕੇਹਰ ਸਿੰਘ ਥਾਂਦੀ, ਐੱਮਡੀ ਜਸਪਾਲ ਸਿੰਘ ਜਾਡਲੀ, ਮੀਤ ਪ੍ਰਧਾਨ ਤਰਨਜੀਤ ਸਿੰਘ ਥਾਂਦੀ, ਟਰੱਸਟੀ ਜੋਗਾ ਸਿੰਘ ਥਾਂਦੀ, ਹਰਜਸਵਿੰਦਰ ਪਾਲ ਸਿੰਘ ਸੋਢੀ, ਸੀਨੀਅਰ ਵਾਈਸ ਪ੍ਰਧਾਨ ਰਾਜਿੰਦਰ ਸਿੰਘ ਪਾਵਨ, ਸਕੱਤਰ ਚੇਤਨਜੀਤ ਸਿੰਘ ਥਾਂਦੀ, ਸਕੂਲ ਦੇ ਡਾਇਰੈਕਟਰ ਕਿਰਪਾਲ ਸਿੰਘ, ਪ੍ਰਿੰਸੀਪਲ ਰਾਜ ਰਾਣੀ, ਵਾਈਸ ਪ੍ਰਿੰਸੀਪਲ ਰਮਨ ਭਾਟੀਆ ਨੇ ਦੱਸਿਆ ਕਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅੱਜ ਸ੍ਰੀ ਅਖੰਡ ਪਾਠ 30 ਅਗਸਤ ਨੂੰ ਆਰੰਭ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ 31 ਅਗਸਤ ਨੂੰ ਧਾਰਮਿਕ ਅਤੇ ਵਿੱਦਿਅਕ ਮੁਕਾਬਲੇ ਕਰਵਾਏ ਜਾਣਗੇ। ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਦੇ ਕੀਰਤਨ ਮੁਕਾਬਲੇ, ਕੁਇਜ਼ ਮੁਕਾਬਲੇ, ਭਾਸ਼ਣ ਮੁਕਾਬਲੇ, ਦਸਤਾਰ ਮੁਕਾਬਲੇ, ਪੇਂਟਿੰਗ ਮੁਕਾਬਲੇ ਕਰਵਾਏ ਜਾਣਗੇ। ਵੱਖ-ਵੱਖ ਮੁਕਾਬਲਿਆਂ ਦੇ ਜੇਤੂ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ। 1 ਸਤੰਬਰ ਨੂੰ ਢਾਡੀ ਗੁਰਪ੍ਰੀਤ ਸਿੰਘ ਲਾਂਡਰਾ ਵਾਲਿਆਂ ਵੱਲੋਂ ਬੱਬਰ ਸ਼ਹੀਦਾਂ ਦੀਆਂ ਵਾਰਾਂ ਦੀ ਆਡੀਓ ਵੀਡੀਓ ਰਿਲੀਜ਼ ਕੀਤੀ ਜਾਵੇਗੀ। ਇਸ ਸਮਾਗਮ ਵਿਚ ਵਿਸ਼ੇਸ਼ ਸਹਿਯੋਗ ਨਰਿੰਦਰ ਸਿੰਘ ਤਾਂਦੀ ਪੁੱਤਰ ਸਤਦੇਵ ਸਿੰਘ ਥਾਂਦੀ ਪ੍ਰਧਾਨ ਗੁਰਦੁਆਰਾ ਵੈਸਟ ਸੈਕਰਾਮੈਂਟੋ ਕੈਲੇਫੋਰਨੀਆ ਯੂਐੱਸਏ ਵੱਲੋਂ ਦਿੱਤਾ ਜਾ ਰਿਹਾ ਹੈ। 1 ਸਤੰਬਰ ਨੂੰ 9.30 ਵਜੇ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਸ਼ਰਧਾਂਜਲੀ ਸਮਾਗਮ ਕਰਵਾਏ ਜਾਣਗੇ। 10 ਵਜੇ ਸਜਾਏ ਜਾਣ ਵਾਲੇ ਧਾਰਮਿਕ ਦੀਵਾਨ ਵਿਚ ਕੀਰਤਨੀ ਅਤੇ ਢਾਡੀ ਜਥੇ ਸ਼ਿਰਕਤ ਕਰਨਗੇ। ਇਸ ਮੌਕੇ ਮੈਡੀਕਲ ਜਾਂਚ ਕੈਂਪ ਵੀ ਲਗਾਇਆ ਜਾਵੇਗਾ।