- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਕੀ ਹਾਲਤ 'ਚ ਸੂਏ 'ਚ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ

- ਮ੍ਰਿਤਕ ਦੇ ਭਰਾ ਨੇ ਪੁਲਿਸ ਤੋਂ ਲਗਾਈ ਬਣਦੀ ਜਾਂਚ ਕਰ ਕੇ ਇਨਸਾਫ਼ ਦਿਵਾਉਣ ਦੀ ਗੁਹਾਰ
- ਪਿੰਡ ਰਟੈਂਡਾਂ ਦੇ ਸੂਏ ’ਚ ਸ਼ਰਾਬ ਪੀ ਕੇ ਡਿੱਗਣ ਕਾਰਨ ਚਾਰ ਤੋਂ ਵੱਧ ਹੋਈਆਂ ਮੌਤਾਂ : ਕ੍ਰਿਸ਼ਨਾ
ਪ੍ਰਦੀਪ ਭਨੋਟ, ਪੰਜਾਬੀ ਜਾਗਰਣ
ਨਵਾਂਸ਼ਹਿਰ : ਪਿੰਡ ਰਟੈਂਡਾ ’ਚੋਂ ਲੰਘਦੇ ਇਕ ਸੂਏ ਵਿਚੋਂ ਇਕ ਵਿਅਕਤੀ ਦੀ ਸ਼ੱਕੀ ਹਾਲਤ ਵਿਚ ਲਾਸ਼ ਮਿਲਣ ’ਤੇ ਪਿੰਡ ਵਿਚ ਸਨਸਨੀ ਫੈਲ ਗਈ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਇਸ ਮਾਮਲੇ ਦੀ ਜਾਂਚ ਕਰ ਕੇ ਪਰਿਵਾਰ ਨੂੰ ਇਨਸਾਫ ਦਿਵਾਉਣ ਦੀ ਪੁਰਜ਼ੋਰ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਪਿੰਡ ਵਿਚ ਚਾਰ ਮੌਤਾਂ ਹੋ ਚੁੱਕੀਆਂ ਹਨ। ਜਿਆਦਾਤਰ ਮੌਤਾਂ ਸ਼ਰਾਬ ਪੀ ਕੇ ਸੂਏ ਵਿਚ ਡਿੱਗਣ ਕਾਰਨ ਹੋਈਆਂ ਜਾਪ ਰਹੀਆਂ ਹਨ। ਉਨ੍ਹਾਂ ਪੁਲਿਸ ਤੋਂ ਇਸ ਮਾਮਲੇ ਵਿਚ ਬਣਦੀ ਜਾਂਚ ਕਰਕੇ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਵੀ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਮ੍ਰਿਤਕ ਦੀ ਪਹਿਚਾਣ ਪਿੰਡ ਰਟੈਂਡਾ ਦੇ ਲਖਵਿੰਦਰ ਵਜੋਂ ਹੋਈ ਹੈ। ਜਿਸ ਦੀ ਉਮਰ 30 ਤੋਂ 31 ਸਾਲ ਜਾਪਦੀ ਹੈ। ਉਹ ਆਪਣੇ ਘਰ ਤੋਂ ਸ਼ਰਾਬ ਦੇ ਠੇਕੇ ਤੇ ਸ਼ਰਾਬ ਲੈਣ ਗਿਆ ਸੀ। ਪਰ ਸਾਰੀ ਰਾਤ ਵਾਪਸ ਘਰ ਨਹੀਂ ਆਇਆ। ਉਧਰ ਸ਼ਰਾਬ ਦੇ ਠੇਕੇ ਤੇ ਕੰਮ ਕਰਦੇ ਕਾਰਿੰਦੇ ਗੁਰਮੇਲ ਰਾਮ ਨੇ ਦੱਸਿਆ ਕਿ ਉਸ ਦਾ ਪਿੰਡ ਵੀ ਰਟੈਂਡਾ ਹੀ ਹੈ। ਸਵੇਰੇ ਲਖਵਿੰਦਰ ਸ਼ਰਾਬ ਦਾ ਅਧਿਆ ਲੈ ਕੇ ਗਿਆ ਸੀ ਅਤੇ ਦੇਰ ਸ਼ਾਮ ਵੀ ਉਹ ਦੋਬਾਰਾ ਅਧਿਆ ਸ਼ਰਾਬ ਲੈਣ ਆਇਆ ਸੀ। ਉਨ੍ਹਾਂ ਦੱਸਿਆ ਕਿ ਰਾਤ ਨੂੰ ਉਹ 10 ਵਜੇ ਦੇ ਕਰੀਬ ਸ਼ਰਾਬ ਦਾ ਠੇਕਾ ਬੰਦ ਕਰਕੇ ਆਪਣੇ ਘਰ ਰੋਟੀ ਖਾਣ ਲਈ ਜਾ ਰਹੇ ਸੀ ਤਾਂ ਉਨ੍ਹਾਂ ਨੇ ਲਖਵਿੰਦਰ ਜੋ ਕਿ ਸਾਇਕਲ ਤੇ ਸ਼ਰਾਬ ਲੈਣ ਆਇਆ ਸੀ ਉਸ ਨੂੰ ਆਖਿਆ ਕਿ ਉਹ ਹੁਣ ਘਰ ਚਲਾ ਜਾਵੇ। ਤਾਂ ਲਖਵਿੰਦਰ ਨੇ ਕਿਹਾ ਕਿ ਉਹ ਸ਼ਰਾਬ ਪੀ ਕੇ ਘਰ ਚਲਾ ਜਾਵੇਗਾ। ਜਿਸ ਤੋਂ ਬਾਅਦ ਕਾਰਿੰਦਾ ਆਪਣੇ ਘਰ ਚਲਾ ਗਿਆ ਪਰ ਉਨ੍ਹਾਂ ਦੇ ਘਰ ਰਿਸ਼ਤੇਦਾਰ ਆਉਣ ਕਾਰਨ ਉਹ ਦੇਰੀ ਨਾਲ ਦੋਬਾਰਾ ਸ਼ਰਾਬ ਦੇ ਠੇਕੇ ਦੇ ਸੌਣ ਆਇਆ। ਜ਼ਿਕਰਯੋਗ ਹੈ ਕਿ ਸੂਏ ਦੇ ਬਣੀ ਪੁਲੀ ਤੇ ਸੇਫਟੀ ਗਾਰਡ ਜਾਂ ਲੋਹੇ ਦੇ ਐਂਗਲ ਨਹੀਂ ਲਗੇ ਹਨ। ਜਿਸ ਕਾਰਨ ਸ਼ਰਾਬ ਦੇ ਨਸ਼ੇ ਵਿਚ ਧੁੱਤ ਵਿਅਕਤੀ ਜਾਣੇ ਅਨਜਾਨੇ ਤਿੰਨ ਫੁੱਟ ਡੂੰਘੇ ਅਤੇ ਚੌੜੇ ਸੂਏ ਵਿਚ ਡਿੱਗ ਜਾਂਦੇ ਹਨ। ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ। ਅਜਿਹਾ ਹੀ ਕੁੱਝ ਲਖਵਿੰਦਰ ਦੇ ਨਾਲ ਵਾਪਰਨ ਦੀ ਆਸ਼ੰਕਾ ਵੀ ਜਤਾਈ ਜਾ ਰਹੀ ਹੈ। ਮ੍ਰਿਤਕ ਦੇ ਮਾਪਿਆਂ ਨੇ ਦੱਸਿਆ ਕਿ ਲਖਵਿੰਦਰ ਜਿਸ ਦੀ ਉਮਰ 30 ਤੋਂ 31 ਸਾਲ ਸੀ ਉਹ ਅਣਵਿਆਹਿਆ ਸੀ। ਉਹ ਦੇਰ ਸ਼ਾਮ ਆਪਣੇ ਘਰ ਤੋਂ ਰਾਤ 9 ਵਜੇ ਸ਼ਰਾਬ ਲੈਣ ਚੱਲਿਆ ਗਿਆ ਸੀ। ਘਰੋਂ ਗਿਆ ਫਿਰ ਮੁੜ ਕੇ ਨਹੀਂ ਆਇਆ। 12 ਵਜ ਤੱਕ ਉਹ ਉਸ ਨੂੰ ਦੇਖਦੇ ਰਹੇ ਪਰ ਉਹ ਨਹੀਂ ਆਇਆ। ਉਨ੍ਹਾਂ ਦੱਸਿਆ ਕਿ ਸਵੇਰੇ 7 ਵਜੇ ਲਖਵਿੰਦਰ ਦੇ ਸੂਏ ਵਿਚ ਡਿੱਗਣ ਕਾਰਨ ਹੋਈ ਮੌਤ ਬਾਰੇ ਪਤਾ ਲੱਗਿਆ। ਜਦਕਿ ਉਸ ਦਾ ਸਾਇਕਲ ਉਥੇ ਖੜਾ, ਇਕ ਚੱਪਲ ਅਤੇ ਪਰਨਾ ਪਿਆ ਸੀ। ਉਧਰ ਮ੍ਰਿਤਕ ਦੇ ਭਰਾ ਸੰਦੀਪ ਕੁਮਾਰ ਰਟੈਂਡਾ ਨੇ ਦੱਸਿਆ ਕਿ ਉਸ ਦਾ ਭਰਾ ਲਖਵਿੰਦਰ ਘਰੋਂ ਸ਼ਰਾਬ ਦਾ ਪਾਇਆ ਲੈਣ ਗਿਆ ਸੀ ਪਰ ਉਹ ਘਰ ਵਾਪਸ ਨਹੀਂ ਆਇਆ। ਸਵੇਰੇ ਜਦੋਂ ਉਸ ਦੀ ਭਾਲ ਕੀਤੀ ਤਾਂ ਉਸ ਦੀ ਲਾਸ਼ ਸੂਏ ਵਿਚੋਂ ਮਿਲੀ ਹੈ। ਉਨ੍ਹਾਂ ਸ਼ਕ ਜਤਾਇਆ ਕਿ ਉਸ ਦੇ ਭਰਾ ਦਾ ਸਾਇਕਲ ਸੂਏ ਦੇ ਇਕ ਪਾਸੇ ਖੜਾ ਸੀ, ਜਦਕਿ ਉਸ ਦੀ ਲਾਸ਼ ਸੂਏ ਦੇ ਦੂਜੇ ਪਾਸੇ ਤੋਂ ਮਿਲੀ ਹੈ। ਉਨ੍ਹਾਂ ਕਿਹਾ ਕਿ ਸ਼ਰਾਬ ਦੇ ਠੇਕੇ ਤੇ ਲੱਗੇ ਸੀਸੀਟੀਵੀ ਕੈਮਰੇ ਦੀ ਜਦੋਂ ਉਨ੍ਹਾਂ ਫੂਟੇਜ ਦੇਖਣੀ ਚਾਹੀ ਤਾਂ ਕਾਰਿੰਦੇ ਨੇ ਇਹ ਆਖ ਕੇ ਪੱਲਾ ਝਾੜ ਲਿਆ ਹੈ ਕਿ ਸੀਸੀਟੀਵੀ ਕੈਮਰਾ ਬੰਦ ਪਿਆ ਹੈ। ਉਨ੍ਹਾਂ ਮੰਗ ਜਤਾਈ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ। ਲਖਵਿੰਦਰ ਬਾਰੇ ਇਹ ਪਤਾ ਕਰਕੇ ਦੱਸਿਆ ਜਾਵੇ ਕਿ ਉਸ ਨੂੰ ਕਿਸੇ ਨੇ ਮਾਰ ਕੇ ਨਾ ਸੁੱਟਿਆ ਜਾਂ ਉਹ ਆਪਣੇ ਆਪ ਸੂਏ ਵਿਚ ਡਿੱਗਿਆ ਹੈ। ਉਧਰ ਪਿੰਡ ਵਾਸੀ ਮਹਿਲਾ ਕ੍ਰਿਸ਼ਨਾ ਨੇ ਦੱਸਿਆ ਕਿ ਪਹਿਲਾ ਵੀ ਚਾਰ ਮੌਤਾਂ ਸੂਏ ਵਿਚ ਡਿੱਗਣ ਕਾਰਨ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਲੋਕ ਸ਼ਰਾਬ ਪੀਣ ਤੋਂ ਬਾਅਦ ਪੁਲੀ 'ਤੇ ਬੈਠ ਜਾਂਦੇ ਹਨ ਅਤੇ ਜਾਣੇ ਅਨਜਾਨੇ ਸੂਏ ਵਿਚ ਡਿੱਗ ਜਾਂਦੇ ਹਨ। ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ। ਉਨ੍ਹਾਂ ਮੰਗ ਕੀਤੀ ਕਿ ਸੂਏ ਦੇ ਨਾਲ ਖੋਲ੍ਹੇ ਗਏ ਸ਼ਰਾਬ ਦੇ ਠੇਕੇ ਨੂੰ ਇਥੋਂ ਬੰਦ ਕਰਵਾਇਆ ਜਾਵੇ ਤਾਂ ਜੋ ਹੋ ਰਹੀਆਂ ਮੌਤਾਂ ਰੋਕੀਆ ਜਾ ਸਕਣ।