ਸਿਵਲ ਹਸਪਤਾਲ ’ਚ ਮਮਤਾ ਦਿਵਸ ਮਨਾਇਆ ਸਿਵਲ ਹਸਪਤਾਲ ਨਵਾਂਸ਼ਹਿਰ 'ਚ ਮਮਤਾ ਦਿਵਸ ਮਨਾਇਆ
Publish Date: Wed, 14 Oct 2026 04:52 PM (IST)
Updated Date: Wed, 14 Oct 2026 04:54 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਸਿਵਲ ਸਰਜਨ ਡਾ. ਅਮਨ ਸੂਦ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਐੱਸਐੱਮਓ ਡਾ. ਅਜੈ ਬਸਰਾ ਦੀ ਅਗਵਾਈ ਹੇਠ ਮਮਤਾ ਦਿਵਸ ਮਨਾਇਆ ਗਿਆ। ਇਸ ਮੌਕੇ ਮਾਹਿਰ ਡਾਕਟਰਾਂ, ਐੱਲਐੱਚਵੀ ਗਗਨਦੀਪ ਕੌਰ, ਏਐੱਨਐੱਮ ਸੁਰੇਖਾ ਰਾਣੀ ਨੇ ਦੱਸਿਆ ਕਿ ਗਰਭਵਤੀ ਔਰਤਾਂ ਅਤੇ ਦੁੱਧ ਪਿਆਉਣ ਵਾਲੀਆਂ ਮਾਵਾਂ ਨੂੰ ਵਹਿਮਾਂ-ਭਰਮਾਂ ਨੂੰ ਛੱਡਦੇ ਹੋਏ, ਆਪਣੇ ਬੱਚਿਆਂ ਦੀ ਸਿਹਤ ਪ੍ਰਤੀ ਜਾਗਰੂਕ ਹੋਣ ਦੇ ਨਾਲ-ਨਾਲ ਪੋਸ਼ਟਿਕ ਖੁਰਾਕ ਨੂੰ ਆਪਣੇ ਰੋਜ਼ਾਨਾ ਖਾਣੇ ਦਾ ਅਹਿਮ ਹਿੱਸਾ ਬਣਾਉਣ ਲਈ ਜਾਗਰੂਕ ਕੀਤਾ। ਉਨ੍ਹਾਂ ਦੱਸਿਆ ਕਿ 0-6 ਮਹੀਨੇ ਵਿਚ ਬੱਚੇ ਲਈ ਮਾਂ ਦੇ ਦੁੱਧ ਦੀ ਬਹੁਤ ਮਹੱਤਤਾ ਹੈ। ਉਨ੍ਹਾਂ ਕਿਹਾ ਕਿ ਮਾਵਾਂ ਨੂੰ ਆਪਣੇ ਬੱਚੇ ਨੂੰ ਆਪਣਾ ਦੁੱਧ ਜ਼ਰੂਰ ਪਿਆਉਣਾ ਚਾਹੀਦਾ ਹੈ ਤਾਂ ਜੋ ਬੱਚਾ ਨਰੋਆ ਤੇ ਸਿਹਤਮੰਦ ਰਹਿ ਸਕੇ। ਇਸ ਮੌਕੇ ਬੱਚਿਆਂ ਤੇ ਗਰਭਵਤੀਆਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਟੀਕਾਕਰਨ ਕੀਤਾ। ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਪੋਸ਼ਣ, ਸਿਹਤਮੰਦ ਜੀਵਨਸ਼ੈਲੀ ਅਤੇ ਸਾਫ-ਸਫ਼ਾਈ ਦੀ ਮਹੱਤਤਾ ਬਾਰੇ ਜਾਗਰੂਕ ਵੀ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜੱਚਾ ਅਤੇ ਬੱਚਾ ਦੀ ਸਿਹਤਯਾਬੀ ਲਈ ਗਰਭਧਾਰਨ ਦੌਰਾਨ ਔਰਤਾਂ ਨੂੰ ਪੌਸ਼ਟਿਕ ਖੁਰਾਕ ਲੈਣ ਦੀ ਬਹੁਤ ਜ਼ਰੂਰਤ ਹੁੰਦੀ ਹੈ। ਉਨ੍ਹਾਂ ਗਰਭਵਤੀ ਔਰਤਾਂ ਨੂੰ ਗਰਭ ਅਵੱਸਥਾ ਦੌਰਾਨ ਖ਼ਤਰੇ ਦੇ ਚਿੰਨ੍ਹਾਂ ’ਤੇ ਧਿਆਨ ਦੇਣ, ਸੰਪੂਰਨ ਟੀਕਾਕਰਨ ਯਕੀਨੀ ਬਣਾਉਣ, ਚਾਰ ਏਐੱਨਸੀ ਚੈੱਕਅਪ ਕਰਵਾਉਣ, ਪੌਸ਼ਟਿਕ ਤੇ ਸੰਤੁਲਿਤ ਖੁਰਾਕ ਲੈਣ, 108 ਐਬੂਲੈਂਸ ਸੇਵਾ ਅਤੇ ਸੰਸਥਾਗਤ ਜਣੇਪਾ ਕਰਵਾਉਣ ਆਦਿ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮਮਤਾ ਦਿਵਸ ਹਰ ਬੁੱਧਵਾਰ ਨੂੰ ਮਨਾਇਆ ਜਾਂਦਾ ਹੈ, ਜਿਸ ਦੌਰਾਨ 11 ਜਾਨਲੇਵਾ ਬਿਮਾਰੀਆਂ ਤੋਂ ਬਚਾਅ ਲਈ ਬੱਚਿਆਂ ਨੂੰ ਟੀਕੇ ਲਗਾਏ ਜਾਂਦੇ ਹਨ। ਨਾਲ ਹੀ ਗਰਭਵਤੀਆਂ ਦਾ ਟੀਕਾਕਰਨ ਵੀ ਕੀਤਾ ਜਾਂਦਾ ਹੈ। ਜੱਚਾ-ਬੱਚਾ ਮੌਤ ਦਰ ਘਟਾਉਣ ਲਈ ਸੰਪੂਰਨ ਟੀਕਾਕਰਨ ਯਕੀਨੀ ਬਣਾਉਣਾ ਜ਼ਰੂਰੀ ਹੈ। ਸਿਹਤ ਵਿਭਾਗ ਦਾ ਮਕਸਦ ਜੱਚਾ ਅਤੇ ਬੱਚਾ ਮੌਤ ਦਰ ਨੂੰ ਘੱਟ ਕਰਨਾ ਹੈ। ਇਸ ਲਈ ਗਰਭਵਤੀ ਔਰਤਾਂ ਅਤੇ ਨਵਜੰਮੇ ਬੱਚਿਆਂ ਦਾ ਸਮੇਂ ਸਿਰ ਟੀਕਾਕਰਨ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਇਸ ਮੌਕੇ ਏਐਨਐਮ ਬਲਜੀਤ, ਆਸ਼ਾ ਵਰਕਰ ਕੁਲਵਿੰਦਰ, ਅਵਤਾਰ, ਚਰਨਜੀਤ ਸਮੇਤ ਹੋਰ ਔਰਤਾਂ ਹਾਜ਼ਰ ਸਨ।