ਹਸਪਤਾਲ ਬਾਹਰ ਖੜ੍ਹੀ ਗੱਡੀ 'ਚੋਂ ਦਿਨ-ਦਿਹਾੜੇ ਵੱਡੀ ਚੋਰੀ, SSP ਕੋਠੀ ਦੇ ਨੇੜਿਓਂ ਲੱਖ ਦੇ ਕਰੀਬ ਨਗਦੀ ਤੇ ਸਾਮਾਨ ਉਡਾਇਆ
ਇਸੇ ਤਰ੍ਹਾਂ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸ਼ਕੀ ਅਣਪਛਾਤੇ ਨੌਜਵਾਨ ਦਾ ਸੀਸੀਟੀਵੀ ਫੂਟੇਜ ਵੀ ਪੁਲਿਸ ਨੂੰ ਸੌਂਪ ਦਿੱਤਾ ਗਿਆ ਹੈ। ਜਿਸ ਵਿਚ ਇਹ ਨੌਜਵਾਨ ਉਨ੍ਹਾਂ ਦਾ ਬੈਗ ਲੈ ਕੇ ਜਾਂਦਾ ਦਿਖਾਈ ਦੇ ਰਿਹਾ ਹੈ। ਸੁਖਵਿੰਦਰ ਕੌਰ ਨੇ ਸੋਸ਼ਲ ਮੀਡੀਆ ਤੇ ਦਿੱਤੀ ਜਾਣਕਾਰੀ ਵਿਚ ਦੱਸਿਆ ਕਿ ਉਹ ਆਪਣੇ ਪਤੀ ਅਤੇ ਬੇਟੇ ਦੇ ਨਾਲ ਕੇਅਰ ਵਿਸਤਾ ਹਸਪਤਾਲ ਵਿਖੇ ਆਪਣੀ ਦਵਾਈ ਲੈਣ ਲਈ ਆਈ ਸੀ
Publish Date: Thu, 04 Jun 2026 03:09 PM (IST)
Updated Date: Thu, 04 Jun 2026 03:16 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਨਵਾਂਸ਼ਹਿਰ ਆਈਟੀਆਈ ਮੈਦਾਨ ਜਿਥੇ ਐੱਸਐੱਸਪੀ ਦੀ ਰਿਹਾਇਸ਼ ਵੀ ਹੈ ਉਸ ਦੇ ਨੇੜੇ ਬਣੇ ਕੇਅਰ ਵਿਸਤਾ ਹਸਪਤਾਲ ਵਿਖੇ ਆਪਣੀ ਦਵਾਈ ਲੈਣ ਆਈ ਪਿੰਡ ਕਾਜਮਪੁਰ ਦੀ ਸੁਖਵਿੰਦਰ ਕੌਰ ਦੀ ਗਲੀ ਵਿਚ ਪਾਰਕ ਕੀਤੀ ਗੱਡੀ ਦਾ ਸ਼ੀਸ਼ਾ ਭੰਨ ਕੇ ਇਕ ਕਿੱਟ ਜਿਸ ਵਿਚ ਟੈਬਲੇਟ, 2 ਮੋਬਾਈਲ ਫੋਨ ਅਤੇ ਕਰੀਬ 90000 ਰੁਪਏ ਦੀ ਨਗਦੀ ਕੋਈ ਅਣਪਛਾਤੇ ਵਿਅਕਤੀ ਚੋਰੀ ਕਰਕੇ ਫਰਾਰ ਹੋ ਗਿਆ ਹੈ। ਸੁਖਵਿੰਦਰ ਕੌਰ ਦੱਸਿਆ ਕਿ ਇਸ ਚੋਰੀ ਦੀ ਵਾਰਦਾਤ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹੈ।
ਇਸੇ ਤਰ੍ਹਾਂ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸ਼ਕੀ ਅਣਪਛਾਤੇ ਨੌਜਵਾਨ ਦਾ ਸੀਸੀਟੀਵੀ ਫੂਟੇਜ ਵੀ ਪੁਲਿਸ ਨੂੰ ਸੌਂਪ ਦਿੱਤਾ ਗਿਆ ਹੈ। ਜਿਸ ਵਿਚ ਇਹ ਨੌਜਵਾਨ ਉਨ੍ਹਾਂ ਦਾ ਬੈਗ ਲੈ ਕੇ ਜਾਂਦਾ ਦਿਖਾਈ ਦੇ ਰਿਹਾ ਹੈ। ਸੁਖਵਿੰਦਰ ਕੌਰ ਨੇ ਸੋਸ਼ਲ ਮੀਡੀਆ ਤੇ ਦਿੱਤੀ ਜਾਣਕਾਰੀ ਵਿਚ ਦੱਸਿਆ ਕਿ ਉਹ ਆਪਣੇ ਪਤੀ ਅਤੇ ਬੇਟੇ ਦੇ ਨਾਲ ਕੇਅਰ ਵਿਸਤਾ ਹਸਪਤਾਲ ਵਿਖੇ ਆਪਣੀ ਦਵਾਈ ਲੈਣ ਲਈ ਆਈ ਸੀ। ਉਸ ਦਾ ਪਤੀ ਅਤੇ ਬੇਟਾ ਗੱਡੀ ਨੂੰ ਹਸਪਤਾਲ ਦੇ ਨੇੜੇ ਹੀ ਗਲੀ ਵਿਚ ਪਾਰਕ ਕਰਕੇ ਹਸਪਤਾਲ ਵਿਚ ਆ ਗਏ ਸਨ। ਜਦੋਂ ਉਹ ਆਪਣੀ ਦਵਾਈ ਲੈ ਕੇ ਵਾਪਸ ਗੱਡੀ ਕੋਲ ਪੁੱਜੇ ਤਾਂ ਦੇਖਿਆ ਕਿ ਗੱਡੀ ਦਾ ਡਰਾਇਵਰ ਸਾਈਡ ਦਾ ਪਿਛਲਾ ਸ਼ੀਸ਼ਾ ਭੰਨਿਆ ਹੋਇਆ ਸੀ ਅਤੇ ਗੱਡੀ ਵਿਚ ਰੱਖੀ ਕਿੱਟ ਜਿਸ ਵਿਚ ਉਨ੍ਹਾਂ ਦੇ ਬੇਟੇ ਦਾ ਟੈਬਲੈਟ, ਇਕ ਰੀਅਲਮੀ ਅਤੇ 1 ਸੈਮਸੰਗ ਦਾ ਮੋਬਾਇਲ ਫੋਨ ਅਤੇ 90,000 ਰੁਪਏ ਦੀ ਨਗਦੀ ਪਈ ਸੀ।
ਉਥੋਂ ਚੋਰੀ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਜਦੋਂ ਗਲੀ ਵਿਚ ਲਗਾਏ ਸੀਸੀਟੀਵੀ ਕੈਮਰੇ ਦੀ ਫੁਟੇਜ ਵੇਖੀ ਗਈ ਤਾਂ ਇਕ ਅਣਪਛਾਤਾ ਨੌਜਵਾਨ ਉਸ ਕਿੱਟ ਅਤੇ ਸਮਾਨ ਨੂੰ ਲਿਜਾਉਂਦਾ ਸਾਫ ਦਿਖਾਈ ਦਿੱਤਾ। ਸੁਖਵਿੰਦਰ ਕੌਰ ਨੇ ਦੱਸਿਆ ਕਿ ਇਸ ਦੀ ਜਾਣਕਾਰੀ ਪੁਲਿਸ ਥਾਣਾ ਸਿਟੀ ਨਵਾਂਸ਼ਹਿਰ ਨੂੰ ਦੇ ਦਿੱਤੀ ਗਈ ਹੈ। ਇਸਦੇ ਨਾਲ ਨਾਲ ਸੀਸੀਟੀਵੀ ਫੂਟੇਜ ਵੀ ਦੇ ਦਿੱਤੀ ਗਈ ਹੈ। ਉਨ੍ਹਾਂ ਪੁਲਿਸ ਤੋਂ ਅਣਪਛਾਤੇ ਵਿਅਕਤੀ ਨੂੰ ਛੇਤੀ ਤੋਂ ਛੇਤੀ ਕਾਬੂ ਕਰਕੇ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਪੁਰਜੋਰ ਮੰਗ ਵੀ ਕੀਤੀ। ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਇਸ ਨੌਜਵਾਨ ਦੀ ਪਛਾਣ ਕਰਕੇ ਪੁਲਿਸ ਨੂੰ ਇਸ ਦੀ ਜਾਣਕਾਰੀ ਦੇਣ ਦੀ ਵੀ ਅਪੀਲ ਕੀਤੀ ਤਾਂ ਜੋ ਉਨ੍ਹਾਂ ਦਾ ਕੀਮਤੀ ਸਮਾਨ ਅਤੇ ਪੈਸੇ ਵਾਪਸ ਮਿਲ ਸਕਣ।