ਪੰਜਾਬ ਫੁੱਟਬਾਲ ਐਸੋਸੀਏਸ਼ਨ ਦੀ ਚੋਣ 'ਚ ਮਹਾਰਾਜ ਕੁਮਾਰ ਸੂਰਿਆਜੀਤ ਸਿੰਘ ਪ੍ਰਧਾਨ ਚੁਣੇ ਪੰਜਾਬ ਫੁੱਟਬਾਲ ਐਸੋਸੀਏਸ਼ਨ ਦੀ ਚੋਣ 'ਚ ਮਹਾਰਾਜ ਕੁਮਾਰ ਸੂਰਿਆਜੀਤ ਸਿੰਘ ਪ੍ਰਧਾਨ ਚੁਣੇ
Publish Date: Fri, 23 Oct 2026 06:00 PM (IST)
Updated Date: Fri, 23 Oct 2026 06:01 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਪੰਜਾਬ ਫੁੱਟਬਾਲ ਐਸੋਸੀਏਸ਼ਨ ਦੀ ਇੱਕ ਵਿਸ਼ੇਸ਼ ਮੀਟਿੰਗ ਸਮੀਰ ਥਾਪੜ ਦੀ ਅਗਵਾਈ ਹੇਠ ਹੋਈ। ਜਿਸ ਦੌਰਾਨ ਰਿਟਰਨਿੰਗ ਅਫ਼ਸਰ ਅਵਤਾਰ ਸਿੰਘ ਭੁੱਲਰ ਸਾਬਕਾ ਐਡੀਸ਼ਨਲ ਡਿਪਟੀ ਕਮਿਸ਼ਨਰ ਦੀ ਨਿਗਰਾਨੀ ਹੇਠ ਐਸੋਸੀਏਸ਼ਨ ਦੀ ਚੋਣ ਕਰਵਾਈ। ਐਲਾਨੇ ਚੋਣ ਨਤੀਜਿਆਂ ਅਨੁਸਾਰ ਮਹਾਰਾਜ ਕੁਮਾਰ ਸੂਰਿਆਜੀਤ ਸਿੰਘ 42 ਵੋਟਾਂ ਵਿਚੋਂ 32 ਵੋਟਾਂ ਹਾਸਲ ਕਰਕੇ ਪ੍ਰਧਾਨ ਚੁਣੇ ਗਏ, ਜਦਕਿ ਉਨ੍ਹਾਂ ਦੇ ਵਿਰੋਧੀ ਦਲਬੀਰ ਸਿੰਘ ਨੂੰ 10 ਵੋਟਾਂ ਮਿਲੀਆਂ। ਇੱਥੇ ਵਰਨਣਯੋਗ ਹੈ ਕਿ ਨਵੇਂ ਚੁਣੇ ਗਏ ਪ੍ਰਧਾਨ ਮਹਾਰਾਜ ਕੁਮਾਰ ਸੂਰਿਆਜੀਤ ਸਿੰਘ, ਕਪੂਰਥਲਾ ਰਿਆਸਤ ਦੇ ਮਹਾਰਾਜਾ ਜਗਤਜੀਤ ਸਿੰਘ ਦੇ ਪਰਿਵਾਰ ਨਾਲ ਸੰਬੰਧਤ ਹਨ। ਉਨ੍ਹਾਂ ਦੀ ਚੋਣ ਨੂੰ ਪੰਜਾਬ ਫੁੱਟਬਾਲ ਐਸੋਸੀਏਸ਼ਨ ਦੀ ਨਵੀਂ ਅਗਵਾਈ ਦੇ ਗਠਨ ਵਜੋਂ ਦੇਖਿਆ ਜਾ ਰਿਹਾ ਹੈ। ਰਿਟਰਨਿੰਗ ਅਫ਼ਸਰ ਵੱਲੋਂ ਐਲਾਨੇ ਨਤੀਜਿਆਂ ਅਨੁਸਾਰ ਜਰਨੈਲ ਸਿੰਘ ਪੱਲੀ ਝਿੱਕੀ, ਚਰਨਜੀਤ ਕੌਰ ਅਤੇ ਕੁਲਜੀਤ ਸਿੰਘ ਨੂੰ ਵਾਈਸ ਪ੍ਰੈਜ਼ੀਡੈਂਟਾਂ ਵਜੋਂ ਚੁਣਿਆ। ਇਸੇ ਤਰ੍ਹਾਂ ਮੁਹੰਮਦ ਖਾਲਿਦ ਨੂੰ ਖ਼ਜ਼ਾਨਚੀ, ਜਦਕਿ ਮਨਮੋਹਨ ਸਿੰਘ ਅਤੇ ਪ੍ਰਦੀਪ ਕੁਮਾਰ ਨੂੰ ਜੁਆਇੰਟ ਸੈਕਟਰੀ ਚੁਣਿਆ ਗਿਆ। ਐਸੋਸੀਏਸ਼ਨ ਦੀ ਐਗਜ਼ੀਕਿਊਟਿਵ ਕਮੇਟੀ ਲਈ ਅੱਠ ਮੈਂਬਰਾਂ ਦੀ ਚੋਣ ਕੀਤੀ। ਜਿਨ੍ਹਾਂ ਵਿਚ ਹਰਜੀਤ ਸਿੰਘ, ਮਨੀ ਸ਼ਰਮਾ, ਰਿਸ਼ੀਪਾਲ ਖਹਿਰਾ, ਪ੍ਰਵੀਨ ਕੁਮਾਰ, ਸ਼ਰਨਜੀਤ ਕੌਰ, ਅਨਵਰ ਅਤੇ ਸੁਖਵਿੰਦਰ ਕੌਰ ਦੇ ਨਾਮ ਸ਼ਾਮਲ ਹਨ। ਇਸ ਮੌਕੇ ਪੰਜਾਬ ਦੇ 19 ਜ਼ਿਲ੍ਹਿਆਂ ਵਿਚੋਂ ਦੋ-ਦੋ ਨੁਮਾਇੰਦੇ ਹਾਜ਼ਰ ਸਨ, ਜਿਨ੍ਹਾਂ ਦੀ ਮੌਜੂਦਗੀ ਵਿਚ ਚੋਣ ਪ੍ਰਕਿਰਿਆ ਨੇਪਰੇ ਚਾੜ੍ਹੀ ਗਈ। ਸਟੇਟ ਪਲੇਅਰਜ਼ ਐਸੋਸੀਏਸ਼ਨ ਦੇ ਅਹੁਦੇਦਾਰ ਵੀ ਸਰਬਸੰਮਤੀ ਨਾਲ ਚੁਣੇ ਗਏ। ਇਸ ਮੌਕੇ ਰਿਟਰਨਿੰਗ ਅਫ਼ਸਰ ਅਵਤਾਰ ਸਿੰਘ ਭੁੱਲਰ ਨੇ ਸਟੇਟ ਪਲੇਅਰਜ਼ ਐਸੋਸੀਏਸ਼ਨ ਦੀ ਐਗਜ਼ੀਕਿਊਟਿਵ ਕਮੇਟੀ ਅਤੇ ਬੋਰਡ ਦੇ ਅਹੁਦੇਦਾਰਾਂ ਦੀ ਸਰਵਸੰਮਤੀ ਨਾਲ ਹੋਈ ਚੋਣ ਬਾਰੇ ਵੀ ਜਾਣਕਾਰੀ ਦਿੱਤੀ। ਸਟੇਟ ਪਲੇਅਰਜ਼ ਐਸੋਸੀਏਸ਼ਨ ਵੱਲੋਂ ਪੰਜਾਬ ਫੁੱਟਬਾਲ ਐਸੋਸੀਏਸ਼ਨ ਦੀ ਐਗਜ਼ੀਕਿਊਟਿਵ ਕਮੇਟੀ ਵਿਚ ਪੁਰਸ਼ ਵਰਗ ਵਿੱਚੋਂ ਅਨਵਰ ਅਤੇ ਮਹਿਲਾ ਵਰਗ ਵਿੱਚੋਂ ਸੁਖਵਿੰਦਰ ਕੌਰ ਨੂੰ ਨੁਮਾਇੰਦਿਆਂ ਵਜੋਂ ਚੁਣਿਆ ਗਿਆ। ਇਸੇ ਤਰ੍ਹਾਂ ਸਟੇਟ ਪਲੇਅਰਜ਼ ਐਸੋਸੀਏਸ਼ਨ ਬੋਰਡ ਦੇ ਚੇਅਰਪਰਸਨ ਵਜੋਂ ਅਨਵਰ, ਸੈਕਟਰੀ ਵਜੋਂ ਹਰਪ੍ਰੀਤ ਸਿੰਘ ਅਤੇ ਖ਼ਜ਼ਾਨਚੀ ਵਜੋਂ ਮਨਜੀਤ ਸਿੰਘ ਦੀ ਚੋਣ ਕੀਤੀ। ਬੋਰਡ ਦੇ ਮੈਂਬਰਾਂ ਵਜੋਂ ਸ਼ਹਿਨਾਜ਼ ਸਿੰਘ, ਬਲਦੀਪ ਸਿੰਘ, ਮੇਜਰ ਸਿੰਘ ਅਤੇ ਅਮਰਵੰਤ ਸਿੰਘ ਚੁਣੇ ਗਏ। ਰਿਟਰਨਿੰਗ ਅਫ਼ਸਰ ਅਵਤਾਰ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਨਿਯੁਕਤੀਆਂ ਚਾਰ ਸਾਲਾਂ ਲਈ ਕੀਤੀਆਂ ਗਈਆਂ ਹਨ, ਜੋ 20 ਅਕਤੂਬਰ 2030 ਤੱਕ ਲਾਗੂ ਰਹਿਣਗੀਆਂ। ਇਸ ਮੌਕੇ ਬਾਵਾ ਸਿੰਘ ਸਾਬਕਾ ਬੀਡੀਪੀਓ ਸਹਾਇਕ ਰਿਟਰਨਿੰਗ ਅਫ਼ਸਰ, ਪਾਲ ਰਾਮ ਸਾਬਕਾ ਨਾਇਬ ਤਹਿਸੀਲਦਾਰ-ਕਮ-ਐਗਜ਼ੀਕਿਊਟਿਵ ਮੈਜਿਸਟ੍ਰੇਟ ਸਹਾਇਕ ਰਿਟਰਨਿੰਗ ਅਫ਼ਸਰ, ਆਰਸੀ ਦੇਸ਼ਵਾਲ ਏਆਈਐੱਫਐੱਫ ਅਬਜ਼ਰਵਰ ਅਤੇ ਸੰਦੀਪ ਸ਼ਰਮਾ ਪੀਓਏ ਅਬਜ਼ਰਵਰ ਵਜੋਂ ਹਾਜ਼ਰ ਸਨ।