ਕਰਿਆਨਾ ਤੇ ਪਟਾਕਿਆਂ ਦੀ ਦੁਕਾਨ ’ਚ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ ਬਲਾਚੌਰ 'ਚ ਕਰਿਆਨਾ ਤੇ ਪਟਾਕਿਆਂ ਦੀ ਦੁਕਾਨ 'ਚ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ
Publish Date: Sat, 05 Sep 2026 03:48 PM (IST)
Updated Date: Sat, 05 Sep 2026 03:49 PM (IST)
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ ਬਲਾਚੌਰ : ਬਲਾਚੌਰ ਸ਼ਹਿਰ ਦੇ ਭੱਦੀ ਰੋਡ ’ਤੇ ਇੱਕ ਕਰਿਆਨਾ ਅਤੇ ਪਟਾਕਿਆਂ ਦੀ ਹੋਲ ਸੇਲ ਦੁਕਾਨ ਨੂੰ ਅੱਗ ਲੱਗਣ ਕਾਰਨ ਦੁਕਾਨਦਾਰ ਦਾ ਵੱਡਾ ਨੁਕਸਾਨ ਹੋਇਆ ਹੈ। ਗੁਰੂ ਨਾਨਕ ਹਸਪਤਾਲ ਭੱਦੀ ਰੋਡ ਬਲਾਚੌਰ ਨਜ਼ਦੀਕ ਕਰਿਆਨਾ ਤੇ ਪਟਾਕਿਆਂ ਦੀ ਹੋਲ ਸੇਲ ਦੁਕਾਨ ਸਵੇਰੇ ਹੀ ਅੱਗ ਦੀ ਲਪੇਟ ਵਿਚ ਆ ਗਈ ਅਤੇ ਵੇਖਦੇ ਹੀ ਵੇਖਦੇ ਪੂਰੀ ਦੁਕਾਨ ਅੱਗ ਦੇ ਇੱਕ ਵੱਡੇ ਭਾਂਬੜ ਵਿਚ ਤਬਦੀਲ ਹੋ ਗਈ। ਅੱਗ ਨਾਲ ਦੁਕਾਨ ਵਿਚ ਪਿਆ ਕਰਿਆਨਾ ਸਾਮਾਨ ਅਤੇ ਪਟਾਕੇ ਰਾਖ ਹੋ ਗਏ ਅਤੇ ਦੁਕਾਨ ਦੀ ਲੱਕੜ ਦੇ ਬਾਲਿਆਂ ਵਾਲੀ ਛੱਤ ਢਹਿ-ਢੇਰੀ ਹੋ ਕੇ ਹੇਠਾਂ ਡਿੱਗ ਪਈ। ਅੱਗ ਨਾਲ ਅਣਗਿਣਤ ਪਟਾਕੇ ਤੇ ਆਤਿਸ਼ਬਾਜੀਆਂ ਦੁਕਾਨ ਦੀ ਛੱਤ ਰਾਹੀਂ ਬਾਹਰ ਨਿਕਲ ਕੇ ਇਧਰ-ਉਧਰ ਡਿੱਗ ਰਹੀਆਂ ਸਨ। ਅੱਗ ਦੇ ਧੂੰਏਂ ਦੇ ਇੱਕ ਵੱਡੇ ਗੁਬਾਰ ਨੇ ਦੁਕਾਨ ਨੂੰ ਪੂਰੀ ਤਰ੍ਹਾਂ ਨਾਲ ਘੇਰ ਲਿਆ। ਇਕੱਠੇ ਹੋਏ ਲੋਕਾਂ ਤੇ ਦੁਕਾਨ ਮਾਲਕ ਵੱਲੋਂ ਅੱਗ ’ਤੇ ਕਾਬੂ ਪਾਉਣ ਦੀ ਕਾਫੀ ਕੋਸ਼ਿਸ਼ ਕੀਤੀ, ਪਰ ਬੇਕਾਬੂ ਹੋਈ ਅੱਗ ਅੱਗੇ ਕਿਸੇ ਦੀ ਪੇਸ਼ ਨਾ ਗਈ। ਅੱਗ ਨੂੰ ਕਾਬੂ ਕਰਨ ਲਈ ਫਾਇਰ ਬ੍ਰਿਗੇਡ ਨੂੰ ਬੁਲਾਇਆ ਪਰ ਜਦ ਤੱਕ ਫਾਇਰ ਬ੍ਰਿਗੇਡ ਪੁੱਜੀ ਸਭ ਕੁਝ ਸੜ ਕੇ ਸੁਆਹ ਹੋ ਚੁੱਕਾ ਸੀ। ਅੱਗ ਲੱਗਣ ਨਾਲ ਦੁਕਾਨਦਾਰ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ। ਇਸ ਦੁਕਾਨ ਤੋਂ ਥੋੜੀ ਦੂਰੀ ਉੱਪਰ ਹੋਰ ਵੀ ਦੁਕਾਨਾਂ ਸਨ ਪਰ ਉਨ੍ਹਾਂ ਸਭਨਾਂ ਦਾ ਬਚਾ ਰਿਹਾ। ਖ਼ਬਰ ਲਿਖੇ ਜਾਣ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।