ਮੁਕੰਦਪੁਰ ਚੌਕ ਦੀਆਂ ਸਮੱਸਿਆਵਾਂ ਦਾ ਹੋਇਆ ਪੱਕਾ ਹੱਲ ਮੁਕੰਦਪੁਰ ਚੌਂਕ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਸਮੱਸਿਆਵਾਂ ਦਾ ਹੋਇਆ ਪੱਕਾ ਹੱਲ
Publish Date: Sat, 05 Sep 2026 04:58 PM (IST)
Updated Date: Sat, 05 Sep 2026 05:01 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਸਥਾਨਕ ਸ਼ਹਿਰ ਦੇ ਮਹੱਤਵਪੂਰਨ ਅਤੇ ਭਾਰੀ ਆਵਾਜਾਈ ਵਾਲੇ ਮੁਕੰਦਪੁਰ ਚੌਕ ’ਤੇ ਮੁਕੰਦਪੁਰ ਰੋਡ ਅਤੇ ਬੰਗਾ ਮੇਨ ਰੋਡ ਨੂੰ ਜੋੜਨ ਵਾਲੀ ਪੁਲੀ ਦੀ ਮੁਰੰਮਤ ਦਾ ਕੰਮ ਲੰਬੇ ਸਮੇਂ ਤੋਂ ਚੁਣੌਤੀ ਬਣਿਆ ਹੋਇਆ ਸੀ। ਨੈਸ਼ਨਲ ਹਾਈਵੇ ਵਿਭਾਗ ਵੱਲੋਂ ਸਮੇਂ-ਸਮੇਂ ’ਤੇ ਇਸ ਦੀ ਮੁਰੰਮਤ ਕੀਤੀ ਜਾਂਦੀ ਰਹੀ, ਪਰ ਭਾਰੀ ਵਾਹਨਾਂ ਅਤੇ ਓਵਰਲੋਡ ਟਰਾਲੀਆਂ ਦੀ ਆਵਾਜਾਈ ਕਾਰਨ ਇਹ ਹਿੱਸਾ ਮੁੜ ਨੁਕਸਾਨ ਗ੍ਰਸਤ ਹੋ ਜਾਂਦਾ ਸੀ। ਇਸ ਕਾਰਨ ਰਾਹਗੀਰਾਂ, ਵਾਹਨ ਚਾਲਕਾਂ ਅਤੇ ਸ਼ਹਿਰ ਵਾਸੀਆਂ ਨੂੰ ਲਗਾਤਾਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਗੰਭੀਰ ਜਨਤਕ ਸਮੱਸਿਆ ਨੂੰ ਰੋਟਰੀ ਕਲੱਬ ਬੰਗਾ ਵੱਲੋਂ ਚੁਣੌਤੀ ਵਜੋਂ ਲੈਂਦਿਆਂ ਇਸ ਦੇ ਸਥਾਈ ਹੱਲ ਲਈ ਪਹਿਲ ਕੀਤੀ। ਕਲੱਬ ਦੇ ਪ੍ਰਧਾਨ ਨੇ ਦੱਸਿਆ ਕਿ ਕਲੱਬ ਦੇ ਅਹੁਦੇਦਾਰਾਂ ਨੇ ਐੱਸਡੀਐੱਮ ਬੰਗਾ ਨਾਲ ਮੁਲਾਕਾਤ ਕਰ ਕੇ ਮੁਕੰਦਪੁਰ ਚੌਕ ਦੀ ਸਮੱਸਿਆ ਬਾਰੇ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਐੱਸਡੀਐੱਮ ਬੰਗਾ ਨੇ ਮਾਮਲੇ ਦੀ ਗੰਭੀਰਤਾ ਨੂੰ ਸਮਝਦਿਆਂ ਕਲੱਬ ਦੀ ਪਹਿਲ ਦਾ ਸਮਰਥਨ ਕੀਤਾ ਅਤੇ ਸਬੰਧਤ ਵਿਭਾਗਾਂ ਨਾਲ ਸਾਂਝੇ ਤੌਰ ’ਤੇ ਹੱਲ ਕੱਢਣ ਲਈ ਸਹਿਯੋਗ ਦਿੱਤਾ। ਇਸ ਉਪਰੰਤ ਰੋਟਰੀ ਕਲੱਬ ਬੰਗਾ ਦੀ ਪਹਿਲ ’ਤੇ ਡੀਐੱਸਪੀ ਬੰਗਾ, ਨੈਸ਼ਨਲ ਹਾਈਵੇ ਅਥਾਰਟੀ, ਲੋਕ ਨਿਰਮਾਣ ਵਿਭਾਗ, ਨਗਰ ਕੌਂਸਲ, ਟ੍ਰੈਫਿਕ ਪੁਲਿਸ ਅਤੇ ਰਸੋਖਾਨਾ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਪ੍ਰਬੰਧਕ ਕਮੇਟੀ ਦੇ ਨੁਮਾਇੰਦਿਆਂ ਨਾਲ ਕਈ ਮੀਟਿੰਗਾਂ ਕੀਤੀਆਂ। ਮੀਟਿੰਗਾਂ ਦੌਰਾਨ ਚੌਕ ਦੀ ਭੂਗੋਲਿਕ ਸਥਿਤੀ, ਵੱਖ-ਵੱਖ ਵਿਭਾਗਾਂ ਦੇ ਅਧਿਕਾਰ ਖੇਤਰ ਅਤੇ ਭਾਰੀ ਆਵਾਜਾਈ ਕਾਰਨ ਪੈਦਾ ਹੋਣ ਵਾਲੀਆਂ ਸਮੱਸਿਆਵਾਂ ’ਤੇ ਵਿਸਥਾਰ ਨਾਲ ਵਿਚਾਰ ਕੀਤਾ। ਕਲੱਬ ਵੱਲੋਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਿਰਫ਼ ਆਮ ਪੱਧਰ ਦੀ ਮੁਰੰਮਤ ਕਰਨ ਦੀ ਬਜਾਏ ਹੈਵੀ ਟ੍ਰੈਫਿਕ ਨੂੰ ਧਿਆਨ ਵਿਚ ਰੱਖਦਿਆਂ ਮਜ਼ਬੂਤ ਅਤੇ ਲੰਬੇ ਸਮੇਂ ਤੱਕ ਟਿਕਾਊ ਨਿਰਮਾਣ ਕੀਤਾ ਜਾਵੇ। ਇਸ ਲਈ ਉੱਚ ਗੁਣਵੱਤਾ ਵਾਲੇ ਅਤੇ ਵੱਧ ਮਜ਼ਬੂਤੀ ਵਾਲੇ ਕੰਕਰੀਟ ਦੀ ਵਰਤੋਂ ਕਰਨ ’ਤੇ ਸਹਿਮਤੀ ਬਣੀ। ਰਸੋਖਾਨਾ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਪ੍ਰਬੰਧਕ ਕਮੇਟੀ ਵੱਲੋਂ ਵੀ ਇਸ ਜਨਤਕ ਕੰਮ ਵਿਚ ਸਹਿਯੋਗ ਦਿੱਤਾ। ਸਾਰੇ ਸਬੰਧਿਤ ਵਿਭਾਗਾਂ ਅਤੇ ਸੰਸਥਾਵਾਂ ਦੇ ਸਾਂਝੇ ਸਹਿਯੋਗ ਨਾਲ ਮੁਰੰਮਤ ਦਾ ਕੰਮ 22 ਅਗਸਤ ਦੀ ਰਾਤ ਨੂੰ ਸ਼ੁਰੂ ਕਰ ਕੇ 23 ਅਗਸਤ ਦੀ ਰਾਤ ਤੱਕ ਮੁਕੰਮਲ ਕੀਤਾ। ਕੰਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਮੁਕੰਦਪੁਰ ਚੌਕ ਨੂੰ 22 ਅਗਸਤ ਤੋਂ 4 ਸਤੰਬਰ ਤੱਕ ਆਵਾਜਾਈ ਲਈ ਬੰਦ ਰੱਖਿਆ ਗਿਆ। ਹੁਣ 5 ਸਤੰਬਰ ਤੋਂ ਚੌਕ ਨੂੰ ਸਾਰੇ ਵਾਹਨਾਂ ਲਈ ਖੋਲ੍ਹ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਪ੍ਰਸ਼ਾਸਨ, ਵੱਖ-ਵੱਖ ਵਿਭਾਗ ਅਤੇ ਸਮਾਜਿਕ ਸੰਸਥਾਵਾਂ ਜਨਹਿੱਤ ਵਿੱਚ ਇਕੱਠੇ ਹੋ ਕੇ ਕੰਮ ਕਰਦੀਆਂ ਹਨ ਤਾਂ ਕਿਸੇ ਵੀ ਜਨਤਕ ਸਮੱਸਿਆ ਦਾ ਟਿਕਾਊ ਹੱਲ ਸੰਭਵ ਹੈ। ਰੋਟਰੀ ਕਲੱਬ ਬੰਗਾ ਦੀ ਇਸ ਪਹਿਲ ਨੂੰ ਸ਼ਹਿਰ ਵਾਸੀਆਂ ਵੱਲੋਂ ਜਨਹਿੱਤ ਵਿਚ ਇੱਕ ਸ਼ਲਾਘਾਯੋਗ ਕਦਮ ਦੱਸਿਆ ਜਾ ਰਿਹਾ ਹੈ।