ਪਿੰਡ ਮਹਾਲੋਂ 'ਚ ਗੈਸ ਸਿਲੰਡਰ ਲੈਣ ਲਈ ਲੱਗੀਆਂ ਲੰਬੀਆਂ ਲਾਈਨਾਂ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ
ਭਾਵੇਂ ਜ਼ਿਲ੍ਹਾ ਮੈਜਿਸਟ੍ਰੇਟ ਗੁਲਪ੍ਰੀਤ ਸਿੰਘ ਔਲਖ ਵੱਲੋਂ ਜ਼ਿਲ੍ਹੇ ’ਚ ਐਲਪੀਜੀ, ਪੈਟ੍ਰੋਲ ਅਤੇ ਡੀਜ਼ਲ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਕਿੱਲਤ ਨਾ ਹੋਣ ਦੇ ਬਿਆਨ ਦਿੱਤੇ ਜਾ ਰਹੇ ਹਨ ਅਤੇ ਲੋਕਾਂ ਨੂੰ ਘਰਾਂ ਤੱਕ ਘਰੇਲੂ ਗੈਸ ਸਿਲੰਡਰ ਪਹੁੰਚਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਅੱਜ ਮਹਾਲੋਂ ਵਿਖੇ 100 ਤੋਂ ਵੱਧ ਲੋਕਾਂ ਦੇ ਗੈਸ ਸਿਲੰਡਰ ਲੈਣ ਲਈ ਲਗੀਆਂ ਲੰਬੀਆਂ ਕਤਾਰਾਂ ਨੇ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਗੈਸ ਏਜੰਸੀ ਮਾਲਕਾਂ ਦੀ ਕਾਰਗੁਜ਼ਾਰੀ ’ਤੇ ਸਵਾਲੀਆ ਨਿਸ਼ਾਨ ਲਗਾ ਦਿੱਤੇ ਹਨ। ਸਥਾਨਕ ਲੋਕਾਂ ਨੇ ਦੱਸਿਆ ਕਿ ਘਰੇਲੂ ਗੈਸ ਸਿਲੰਡਰ ਲੈਣ ਲਈ ਲੋਕਾਂ ਨੂੰ ਸਵੇਰੇ ਤੋਂ ਹੀ ਲੰਬੀਆਂ ਕਤਾਰਾਂ ਲਗਾ ਕੇ ਗੱਡੀ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਜਦੋਂਕਿ ਗੱਡੀ 10 ਵਜੇ ਤੋਂ ਬਾਅਦ ਆਉਂਦੀ ਹੈ। ਲੋਕਾਂ ਨੇ ਕਿਹਾ ਕਿ ਘਰੇਲੂ ਗੈਸ ਸਿਲੰਡਰ ਬੁਕਿੰਗ ਕਰਨ ਵਿਚ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਉਂਕਿ ਜ਼ਿਆਦਾਤਰ ਸਮਾਂ ਲਾਈਨਾਂ ਬਿਜੀ ਅਤੇ ਰੂਟ ਦੀ ਲਾਈਨਾਂ ਵਿਅਸਤ ਹੋਣ ਕਾਰਨ ਬੁਕਿੰਗ ਦਾ ਕੰਮ ਅਤੇ ਓਟੀਪੀ ਪ੍ਰਾਪਤ ਕਰਨ ਵਿਚ ਭਾਰੀ ਦਿੱਕਤ ਆਉਂਦੀ ਹੈ। ਲੋਕਾਂ ਨੇ ਦੱਸਿਆ ਕਿ ਗੈਸ ਸਿਲੰਡਰ ਪ੍ਰਾਪਤ ਕਰਨ ਲਈ ਪਹਿਲਾ ਓਟੀਪੀ ਦਾ ਆਉਣਾ, ਫਿਰ ਸਿਲੰਡਰ ਦੀ ਪਰਚੀ ਦਾ ਆਉਣ ਤੇ ਹੀ ਗੈਸ ਸਿਲੰਡਰ ਦੇਣ ਦੀ ਹਾਮੀ ਭਰਦੇ ਹਨ। ਜੇਕਰ ਇੰਨ੍ਹਾਂ ਵਿਚੋਂ ਇਕ ਵੀ ਚੀਜ ਘੱਟਦੀ ਹੈ ਤਾਂ ਸਿਲੰਡਰ ਨਹੀਂ ਮਿਲਦਾ। ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਲੋਕਾਂ ਨੇ ਕਿਹਾ ਕਿ ਕਿਸੇ ਨੂੰ ਈ ਕੇਵਾਈਸੀ ਅਤੇ ਕਿਸੇ ਨੂੰ ਹੋਰ ਕਿਸੇ ਬਹਾਨੇ ਪਰੇਸ਼ਾਨ ਕਰਨ ਦੇ ਹਾਲਾਤ ਵੀ ਬਣਦੇ ਜਾ ਰਹੇ ਹਨ। ਜਿਸ ਕਾਰਨ ਲੋਕਾਂ ਦੀ ਪਰੇਸ਼ਾਨੀ ਵੱਧਦੀ ਜਾ ਰਹੀ ਹੈ। ਲੋਕਾਂ ਨੇ ਕਿਹਾ ਕਿ ਇਸ ਔਖੀ ਘੜੀ ਵਿਚ ਘਰੇਲੂ ਗੈਸ ਸਿਲੰਡਰ ਕੰਪਨੀ ਵਾਲਿਆਂ ਨੂੰ ਆਫ ਲਾਈਨ ਮੋਡ ਤੇ ਵੀ ਬੁਕਿੰਗ ਦੀ ਸਹੁਲਤ ਦੇਣੀ ਚਾਹੀਦੀ ਹੈ। ਤਾਂ ਜੋ ਲੋਕਾਂ ਨੂੰ ਆਸਾਨੀ ਨਾਲ ਗੈਸ ਸਿਲੰਡਰ ਪ੍ਰਾਪਤ ਹੋ ਸਕੇ। ਇਹੇ ਨਹੀਂ ਲੰਬੀਆਂ ਕਤਾਰਾਂ ਵਿਚ ਖੜੇ ਹੋ ਕੇ ਆਪਣੀ ਵਾਰੀ ਦੀ ਉਡੀਕ ਕਰ ਰਹੇ ਲੋਕਾਂ ਨੂੰ ਘਰਾਂ ਤੱਕ ਗੈਸ ਸਿਲੰਡਰ ਪੁੱਜਦਾ ਕਰਨ ਲਈ ਵੀ ਗੈਸ ਏਜੰਸੀਆਂ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾਣ। ਤਾਂ ਜੋ ਅੱਤ ਦੀ ਗਰਮੀ ਵਿਚ ਸਵੇਰੇ ਤੋਂ ਲੈ ਕੇ ਬਾਅਦ ਦੁਪਹਿਰ ਤੱਕ ਪਰੇਸ਼ਾਨ ਹੁੰਦੇ ਲੋਕਾਂ ਨੂੰ ਰਾਹਤ ਮਿਲ ਸਕੇ। ਲੋਕਾਂ ਨੇ ਇਹ ਵੀ ਮੰਗ ਕੀਤੀ ਕਿ ਘਰੇਲੂ ਗੈਸ ਸਿਲੰਡਰ ਦੀ ਪ੍ਰਾਪਤੀ ਲਈ ਲਗਾਈ ਜਾ ਰਹੀ ਪਹਿਲਾ 21 ਦਿਨ ਫਿਰ 25 ਦਿਨ ਅਤੇ ਹੁਣ 45 ਦਿਨ ਦੀ ਸ਼ਰਤ ਵੀ ਖਤਮ ਕੀਤੀ ਜਾਵੇ। ਤਾਂ ਜੋ ਲੋਕ ਆਸਾਨੀ ਨਾਲ ਘਰੇਲੂ ਗੈਸ ਸਿਲੰਡਰ ਪ੍ਰਾਪਤ ਕਰ ਸਕਣ।
ਰੇਹੜੀਆਂ, ਫੜ੍ਹੀਆਂ, ਦੁਕਾਨਾਂ ਤੇ ਹੋਰ ਹੀ ਘਰੇਲੂ ਗੈਸ ਸਿਲੰਡਰ ਦੀ ਵਰਤੋਂ ਰੋਕੀ ਜਾਵੇ
ਇਲਾਕੇ ਦੇ ਲੋਕਾਂ ਮੋਹਣ ਸਿੰਘ, ਪਰਮਜੀਤ ਸਿੰਘ, ਬਲਕਾਰ ਸਿੰਘ, ਹਰਜਾਪ ਸਿੰਘ, ਸੰਤੋਖ ਸਿੰਘ, ਮਨਮੋਹਨ ਸਿੰਘ ਨੇ ਦੱਸਿਆ ਕਿ ਭਾਵੇਂ ਘਰਾਂ ਵਿਚ ਗੈਸ ਸਿਲੰਡਰ ਪ੍ਰਾਪਤ ਕਰਨ ਲਈ ਲੋਕਾਂ ਨੂੰ ਲੰਬੀਆਂ ਕਤਾਰਾਂ ਵਿਚ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਪਰ ਇਹ ਸਮਝ ਨਹੀਂ ਆਉਂਦਾ ਕਿ ਘਰੇਲੂ ਗੈਸ ਸਿਲੰਡਰ ਰੇਹੜੀਆਂ, ਫੜ੍ਹੀਆਂ ਅਤੇ ਹਲਵਾਈਆਂ/ਦੁਕਾਨਾਂ ਵਾਲਿਆਂ ਨੂੰ ਕਿਵੇਂ ਆਸਾਨੀ ਨਾਲ ਮਿਲ ਰਹੇ ਹਨ। ਉਨ੍ਹਾਂ ਕਿਹਾ ਕਿ ਕਈ ਬਰਗਰ, ਕੁਲਚੇ, ਮਠਿਆਈਆਂ ਆਦਿ ਤਿਆਰ ਕਰਨ ਵਾਲੀਆਂ ਦੁਕਾਨਾਂ 'ਤੇ ਆਮ ਦਿਨਾਂ ਵਾਂਗ ਘਰੇਲੂ ਗੈਸ ਸਿਲੰਡਰ ਦੀ ਵਰਤੋਂ ਹੋ ਰਹੀ ਹੈ। ਜਦਕਿ ਇਸ ਨੂੰ ਰੋਕਣ ਲਈ ਤਾਇਨਾਤ ਅਫ਼ਸਰ ਅਤੇ ਮੁਲਾਜ਼ਮ ਫੀਲਡ ਵੀ ਨਜ਼ਰ ਨਹੀਂ ਆ ਰਹੇ ਹਨ। ਲੋਕਾਂ ਨੇ ਮੰਗ ਕੀਤੀ ਕਿ ਘਰੇਲੂ ਗੈਸ ਸਿਲੰਡਰ ਦੀ ਕਾਲਾਬਾਜ਼ਾਰੀ ਕਰਨ ਵਾਲਿਆਂ ਦੀ ਸ਼ਨਾਖਤ ਲਈ ਰੇਹੜੀਆਂ, ਫੜ੍ਹੀਆਂ ਅਤੇ ਦੁਕਾਨਾਂ ਤੇ ਸਪਲਾਈ ਹੋ ਰਹੀ ਘਰੇਲੂ ਗੈਸ ਦੀ ਰੋਕਥਾਮ ਦੇ ਨਾਲ ਨਾਲ ਇਸ ਕੰਮ ਵਿਚ ਲੱਗ ਕੇ ਮੋਟੀ ਕਮਾਈ ਕਰ ਰਹੇ ਗੈਸ ਏਜੰਸੀ ਦੇ ਕਰਿੰਦੇ ਅਤੇ ਮਾਲਕਾਂ ਖਿਲਾਫ਼ ਵੀ ਬਣਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਘਰੇਲੂ ਗੈਸ ਸਿਲੰਡਰ ਦੀ ਕਾਲਾ ਬਾਜ਼ਾਰੀ ਕਰ ਰਿਹਾ ਹੈ ਤਾਂ ਉਸ ਦੇ ਖਿਲਾਫ਼ ਵੀ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।