ਦੂਜੇ ਨਸ਼ਿਆਂ ਦੀ ਤਰਾਂ ਤੰਬਾਕੂ ਵੀ ਜਾਨਲੇਵਾ : ਕਮਲਜੀਤ ਕੌਰ ਦੂਜੇ ਨਸ਼ਿਆਂ ਦੀ ਤਰਾਂ ਤੰਬਾਕੂ ਵੀ ਜਾਨਲੇਵਾ ਹੈ-ਕਮਲਜੀਤ ਕੌਰ
Publish Date: Sun, 15 Nov 2026 04:15 PM (IST)
Updated Date: Mon, 16 Nov 2026 04:01 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਰੈੱਡ ਕਰਾਸ ਨਸ਼ਾ ਪੀੜ੍ਹਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਿੰਡ ਸੂਰਾਪੁਰ ਵਿਖੇ ਨਸ਼ਾ ਮੁਕਤ ਭਾਰਤ ਅਭਿਆਨ“ਤਹਿਤ ਜਾਗਰੂਕਤਾ ਕੈਂਪ ਲਗਾਇਆ। ਇਸ ਕੈਂਪ ਦੀ ਪ੍ਰਧਾਨਗੀ ਪ੍ਰਿੰ. ਪਰਮਜੀਤ ਸਿੰਘ ਨੇ ਕੀਤੀ। ਇਸ ਮੌਕੇ ਕਮਲਜੀਤ ਕੌਰ ਕੌਂਸਲਰ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਦੇਖਣ ਵਿਚ ਆਇਆ ਹੈ ਕਿ ਸਕੂਲ ਦੇ ਵਿਦਿਆਰਥੀ ਛੋਟੀ ਉਮਰ ਵਿਚ ਹੀ ਬੀੜੀ, ਸਿਗਰਟ, ਵਰਗੇ ਨਸ਼ਿਆ ਦੀ ਵਰਤੋਂ ਕਰਨ ਲੱਗ ਜਾਦੇਂ ਹਨ। ਹੌਲੀ ਹੌਲੀ ਉਹ ਵੱਡੇ ਹੈਰੋਇਨ ਵਰਗੇ ਨਸ਼ਿਆਂ ਦੀ ਦਲਦਲ ਵਿਚ ਫਸ ਜਾਦੇਂ ਹਨ। ਉਨ੍ਹਾਂ ਕਿਹਾ ਕਿ ਤੰਬਾਕੂ ਦਾ ਸੇਵਨ ਚਾਹੇ ਸਿਗਰਟ, ਬੀੜੀ, ਗੁਟਕਾ ਜਾਂ ਚਬਾਉਣ ਵਾਲਾ ਤੰਬਾਕੂ ਹੋਵੇ, ਸਰੀਰ ਲਈ ਬਹੁਤ ਜ਼ਿਆਦਾ ਖਤਰਨਾਕ ਅਤੇ ਜਾਨਲੇਵਾ ਹੈ। ਤੰਬਾਕੂ ਨਾਲ ਫੇਫੜਿਆਂ ਦਾ ਕੈਂਸਰ, ਮੂੰਹ ਦਾ ਕੈਂਸਰ, ਗਲੇ ਅਤੇ ਜੀਭ ਦਾ ਕੈਂਸਰ ਹੋਣ ਦਾ ਗੰਭੀਰ ਖਤਰਾ ਹੁੰਦਾ ਹੈ। ਚਬਾਉਣ ਵਾਲਾ ਤੰਬਾਕੂ ਸਿੱਧੇ ਮੂੰਹ ਦੇ ਸੈੱਲਾਂ ਨੂੰ ਨੁਕਸਾਨ ਪਹੁੰਚਾ ਕੇ ਜ਼ਖ਼ਮ ਪੈਦਾ ਕਰਦਾ ਹੈ ਜੋ ਬਾਅਦ ਵਿੱਚ ਕੈਂਸਰ ਦਾ ਰੂਪ ਲੈ ਲੈਂਦੇ ਹਨ। ਤੰਬਾਕੂ ਦੀ ਵਰਤੋਂ ਬਲੱਡ ਪ੍ਰੈਸ਼ਰ ਨੂੰ ਵਧਾਉਂਦਾ ਹੈ ਅਤੇ ਦਿਲ ਦੇ ਦੌਰੇ ਦਾ ਖਤਰਾ ਕਈ ਗੁਣਾ ਵਧਾ ਦਿੰਦਾ। ਫੇਫੜੇ ਕਮਜ਼ੋਰ ਹੋ ਜਾਂਦੇ ਹਨ, ਸਾਹ ਚੜ੍ਹਨ ਦੀ ਸਮੱਸਿਆ ਅਤੇ ਦਮਾ ਵਰਗੀਆਂ ਬਿਮਾਰੀਆਂ ਹੋ ਜਾਂਦੀਆਂ ਹਨ। ਉਨਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਤੁਸੀ ਕਦੇ ਵੀ ਤੰਬਾਕੂ ਅਤੇ ਨਸ਼ੀਲੀ ਵਸਤੂ ਦੀ ਵਰਤੋਂ ਨਹੀਂ ਕਰਨੀ ਅਤੇ ਹੋਰਨਾਂ ਲੋਕਾਂ ਨੂੰ ਵੀ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਨਸ਼ੇ ਦਾ ਆਦੀ ਹੈ, ਉਹ ਆਪਣੀ ਇੱਛਾ ਅਨੁਸਾਰ ਇੱਕ ਮਹੀਨਾ ਨਸ਼ਾ ਮੁਕਤੀ ਕੇਂਦਰ ਵਿਖੇ ਦਾਖਿਲ ਹੋ ਕੇ ਮੁਫਤ ਇਲਾਜ ਕਰਵਾ ਸਕਦਾ ਹੈ। ਇਸ ਮੌਕੇ ਪ੍ਰਿੰ. ਪਰਮਜੀਤ ਸਿੰਘ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਵਿਦਿਆਰਥੀਆਂ ਨੂੰ ਨਸ਼ੇ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਅਤੇ ਰੈੱਡ ਕਰਾਸ ਟੀਮ ਦਾ ਧੰਨਵਾਦ ਕੀਤਾ ਅਤੇ ਸਨਮਾਨਿਤ ਕੀਤਾ। ਇਸ ਮੌਕੇ ਸਟਾਫ ਮੈਂਬਰ ਕੁਲਦੀਪ ਕੌਰ ਮਾਨ, ਅਮਰੀਕ ਸਿੰਘ, ਮਨਪ੍ਰੀਤ ਸਿੰਘ, ਪਰਵੀਨ ਕੁਮਾਰੀ, ਕੁਲਦੀਪ ਸਿੰਘ, ਗੁਲਸ਼ਨ ਸ਼ਰਮਾ, ਰਜਿੰਦਰਪਾਲ ਕੌਰ, ਹਰਦਿਆਲ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਮੌਜੂਦ ਸਨ। ਇਸ ਮੌਕੇ ਪਰਵੇਸ਼ ਕੁਮਾਰ, ਅਧਿਆਪਕਾ ਗੁਰਬਖਸ਼ ਕੌਰ ਨੇ ਨਸ਼ੇ ਤੋਂ ਦੂਰ ਰਹਿਣ ਲਈ ਵਿਚਾਰ ਪੇਸ਼ ਕੀਤੇ।।ਇਸ ਮੌਕੇ ਮੀਨਾ ਰਾਣੀ, ਸੁਨੀਤਾ ਦੇਵੀ, ਟਵਿੰਕਲ, ਸ਼ਭਲਾ ਰਾਣੀ, ਅਮਨਦੀਪ ਕੌਰ ਭੱਟੀ, ਸੁਖਵੀਰ ਕੌਰ, ਸਮੂਹ ਸਟਾਫ ਅਤੇ ਵਿਦਿਆਰਥੀ ਹਾਜਿਰ ਸਨ।