ਅਮਰਦੀਪ ਕਾਲਜ 'ਚ 'ਲਾਇਬ੍ਰੇਰੀ ਦਿਵਸ' ਮਨਾਇਆ ਅਮਰਦੀਪ ਕਾਲਜ 'ਚ 'ਲਾਇਬ੍ਰੇਰੀਅਨ ਦਿਵਸ' ਮਨਾਇਆ
Publish Date: Mon, 24 Aug 2026 05:57 PM (IST)
Updated Date: Mon, 24 Aug 2026 05:57 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਨਵਾਂਸ਼ਹਿਰ : ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਚ ਪ੍ਰਿੰ. ਮਨਜੀਤ ਸਿੰਘ ਦੀ ਸਰਪ੍ਰਸਤੀ ਹੇਠ ਕਾਲਜ ਲਾਇਬ੍ਰੇਰੀ ਵੱਲੋਂ ਵਿਦਿਆਰਥੀਆਂ ਨੂੰ ਮਿਆਰੀ ਸਾਹਿਤ ਨੂੰ ਪੜ੍ਹਨ-ਲਿਖਣ ਤੇ ਅਧਿਐਨ ਕਰਨ ਦੀ ਰੁਚੀ ਨੂੰ ਪੈਦਾ ਕਰਨ ਲਈ ਲਾਇਬ੍ਰੇਰੀ ਦਿਵਸ ਮਨਾਇਆ ਗਿਆ। ਇਸ ਸਮੇਂ ਇੰਟਰਨੈੱਟ ਤੇ ਮੋਬਾਈਲ ਦੇ ਯੁੱਗ ਵਿਚ ਕਿਤਾਬਾਂ ਦੇ ਮਹੱਤਵ“ਵਿਸ਼ੇ ਉੱਪਰ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ, ਜਿਸ ਵਿਚ ਕਾਲਜ ਦੇ ਸਾਇੰਸ, ਆਰਟਸ, ਕਾਮਰਸ ਤੇ ਕੰਪਿਊਟਰ ਸਾਇੰਸ ਵਿਭਾਗ ਦੇ ਵਿਦਿਆਰਥੀਆਂ ਨੇ ਬੜੇ ਜੋਸ਼ ਨਾਲ ਹਿੱਸਾ ਲਿਆ। ਸ਼ਵੇਤਾ ਨੇ ਲਾਇਬ੍ਰੇਰੀ ਦੇ ਪਿਤਾਮਾ ਡਾ. ਐੱਸਆਰ ਰੰਗਾਨਾਥਨ ਦੇ ਜੀਵਨ ਤੇ ਲਾਇਬ੍ਰੇਰੀ ਦੀ ਹੋਂਦ ਨੂੰ ਪ੍ਰਫੁੱਲਿਤ ਕਰਨ ਦੇ ਸ਼ਲਾਘਾਯੋਗ ਉੱਦਮ ਬਾਰੇ ਰੌਸ਼ਨੀ ਪਾਈ। ਡਾ. ਨਿਰਦੋਸ਼ ਕੌਰ ਨੇ ਕਿਹਾ ਕਿ ਅੱਜ ਦੀ ਯੁਵਾ ਪੀੜ੍ਹੀ ਕਿਤਾਬਾਂ ਤੋਂ ਇੱਕ ਵਿੱਥ ਰੱਖਦੀ ਹੈ ਤੇ ਆਪਣੇ ਕੀਮਤੀ ਸਮੇਂ ਨੂੰ ਬਰਬਾਦ ਕਰਦੀ ਹੈ। ਇਸ ਲਈ ਸਾਨੂੰ ਆਪਣੇ ਵਿਦਿਆਰਥੀ ਜੀਵਨ ਚ ਅਨੁਸਾਸ਼ਨ ਤੇ ਚੰਗੀਆਂ ਕਿਤਾਬਾਂ ਨੂੰ ਪੜ੍ਹਨ ਦੀ ਰੁਚੀ ਪੈਦਾ ਕਰਨੀ ਚਾਹੀਦੀ ਹੈ। ਪ੍ਰਿੰ. ਮਨਜੀਤ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੇ ਦਿਵਸ ਆਪਣੇ-ਆਪ ਚ ਮਹੱਤਵ ਰੱਖਦੇ ਹਨ ਜੋ ਵਿਦਿਆਰਥੀ ਜੀਵਨ ਵਿਚ ਕਿਤਾਬਾਂ ਪੜ੍ਹਨ ਦੀ ਮੱਧਮ ਹੋ ਰਹੀ ਲੋਅ ਨੂੰ ਮੁੜ ਸੁਰਜੀਤ ਕਰਦੇ ਹਨ। ਉਨ੍ਹਾਂ ਲਾਇਬ੍ਰੇਰੀ ਵਿਭਾਗ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ। ਇਸ ਮੌਕੇ ਸਮੂਹ ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ।