- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰਦਿਆਂ ਦੀ ਗੰਭੀਰ ਬਿਮਾਰੀ ਅਤੇ ਹਾਰਟ ਅਟੈਕ ਨਾਲ ਜੂਝ ਰਹੀ 67 ਸਾਲਾ ਔਰਤ ਦੀ ਜਾਨ ਬਚਾਈ-ਡਾ. ਵਿਵੇਕ ਗੁੰਬਰ

ਨਰਿੰਦਰ ਮਾਹੀ, ਪੰਜਾਬੀ ਜਾਗਰਣ
ਬੰਗਾ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮੈਡੀਕਲ ਵਿਭਾਗ ਦੇ ਮੁਖੀ ਡਾ. ਵਿਵੇਕ ਗੁੰਬਰ ਵੱਲੋਂ ਗੁਰਦੇ ਖਰਾਬ (ਕਰੋਨਿਕ ਕਿਡਨੀ ਡਿਸੀਜ) ਤੇ ਹਾਰਟ ਅਟੈਕ (ਮਾਇਓਕਾਰਡੀਅਲ ਇਨਫਾਕਸ਼ਨ) ਕਰ ਕੇ ਫੇਫੜਿਆਂ ਦੀ ਸੋਜਿਸ਼ (ਪਲਮੋਨੇਰੀ ਅਡੀਮਾ) ਕਾਰਨ ਸਰੀਰ ਅੰਦਰ ਕਾਰਬਨਡਾਈਆਕਸਾਈਡ ਗੈਸ ਦੀ ਨਿਯਤ ਮਾਤਰਾ ਤੋਂ ਜਿਆਦਾ ਵਧਣ ਕਰ ਕੇ ਦਿਲ ਦੀ ਕਾਰਜ ਪ੍ਰਣਾਲੀ ’ਤੇ ਪਏ ਬੁਰੇ ਪ੍ਰਭਾਵਾਂ ਨਾਲ ਪੀੜਤ 67 ਸਾਲਾ ਔਰਤ ਮਰੀਜ਼ ਦੀ ਜਾਨ ਬਚਾਈ ਹੈ। ਡਾ. ਵਿਵੇਕ ਗੁੰਬਰ ਨੇ ਦੱਸਿਆ ਕਿ ਮਰੀਜ਼ ਬਹੁਤ ਮਾੜੀ ਹਾਲਤ ਵਿਚ ਹਸਪਤਾਲ ’ਚ ਇਲਾਜ ਲਈ ਲਿਆਂਦੀ ਗਈ। ਹਾਰਟ ਅਟੈਕ ਕਾਰਨ ਮਰੀਜ਼ ਨੀਮ-ਬੇਹੋਸ਼ ਹੋ ਚੁੱਕਾ ਸੀ। ਹਸਪਤਾਲ ਵਿੱਚ ਦਾਖਲੇ ਤੋਂ ਕੁਝ ਸਮੇਂ ਬਾਅਦ ਹੀ ਮਰੀਜ਼ ਦੇ ਦਿਲ ਦੀ ਧੜਕਣ ਅਚਾਨਕ ਬੰਦ ਹੋ ਗਈ ਸੀ, ਫੌਰੀ ਤੌਰ 'ਤੇ ਆਈਸੀਯੂ ਵਿਚ ਡਾਕਟਰਾਂ ਦੀ ਟੀਮ ਨੇ ਮਰੀਜ਼ ਦੀ ਰੁਕੀ ਹੋਈ ਧੜਕਣ ਨੂੰ ਦੁਬਾਰਾ ਚਾਲੂ ਕਰਨ ਲਈ ਵਰਤੀ ਜਾਂਦੀ ਖਾਸ ਤਕਨੀਕ ਸੀਪੀਆਰ (ਦਿਲ ਦਾ ਮਸਾਜ) ਕਰਨਾ ਸ਼ੁਰੂ ਕਰ ਦਿੱਤਾ ਸੀ। ਸਹੀ ਦਿਸ਼ਾ ਵਿਚ ਸੀਪੀਆਰ ਕਰਨ ਅਤੇ ਖਾਸ ਦਵਾਈਆਂ ਦੀ ਮਦਦ ਨਾਲ ਕਾਫੀ ਮੁਸ਼ੱਕਤ ਤੋਂ ਬਾਅਦ ਉਕਤ ਟੀਮ ਮਰੀਜ਼ ਦਾ ਰੁਕਿਆ ਹੋਇਆ ਦਿਲ ਦੁਬਾਰਾ ਚਾਲੂ ਕਰਨ ਵਿਚ ਕਾਮਯਾਬ ਹੋ ਗਏ।
ਮਰੀਜ਼ ਨੂੰ ਸਾਹ ਦੇਣ ਲਈ ਸਾਹ ਨਲੀ ਵਿੱਚ ਇੰਡੋਟਰੈਕਲ ਟਿਊਬ ਪਾ ਕੇ ਵੈਂਟੀਲੇਟਰ ਦੀ ਮਦਦ ਲਈ ਗਈ। ਜਿਸ ਨਾਲ ਮਰੀਜ਼ ਦੀ ਹਾਲਤ ਵਿਚ ਸੁਧਾਰ ਹੋਣ ਲੱਗਾ। ਡਾ. ਵਿਵੇਕ ਗੁੰਬਰ ਦੀ ਅਗਵਾਈ ਵਿਚ ਇਸ ਮਰੀਜ਼ ਦਾ ਪਹਿਲੇ ਦਸ ਦਿਨ ਆਈਸੀਯੂ ਵਿਚ ਵੈਂਟੀਲੇਟਰ, ਇੰਡੋਟਰੈਕਲ ਟਿਊਬ ਅਤੇ ਹੋਰ ਆਧੁਨਿਕ ਮੈਡੀਕਲ ਯੰਤਰਾਂ ਦੀ ਸਹਾਇਤਾ ਨਾਲ ਮਿਆਰੀ ਇਲਾਜ ਤੇ ਨਰਸਿੰਗ ਕੇਅਰ ਕਰਨ ਉਪਰੰਤ ਤਿੰਨ ਦਿਨ ਵਿਸ਼ੇਸ਼ ਐੱਚਡੀਯੂ ਵਾਰਡ ਵਿਚ ਕੀਤੇ ਇਲਾਜ ਉਪਰੰਤ ਮਰੀਜ਼ ਬਿਲਕੁਲ ਤੰਦਰੁਸਤ ਹੈ। ਇਸ ਮੌਕੇ ਮਰੀਜ਼ ਦੇ ਪਰਿਵਾਰ ਵੱਲੋਂ ਉਨ੍ਹਾਂ ਦੇ ਮਰੀਜ਼ ਦਾ ਵਧੀਆ ਇਲਾਜ ਕਰ ਕੇ ਜਾਨ ਬਚਾਉਣ ਲਈ ਡਾ. ਵਿਵੇਕ ਗੁੰਬਰ, ਸਮੂਹ ਮੈਡੀਕਲ ਅਫਸਰਾਂ ਅਤੇ ਨਰਸਿੰਗ ਸਟਾਫ਼ ਦਾ ਹਾਰਦਿਕ ਧੰਨਵਾਦ ਕੀਤਾ। ਡਾ. ਵਿਵੇਕ ਗੁੰਬਰ ਨੇ ਦੱਸਿਆ ਕਿ ਹਸਪਤਾਲ ਢਾਹਾਂ ਕਲੇਰਾਂ ਵਿਖੇ ਮੈਡੀਕਲ ਵਿਭਾਗ ਵਿਚ ਖਰਾਬ ਹੋਏ ਗੁਰਦੇ ਦੇ ਮਰੀਜ਼ਾਂ ਲਈ ਅਤਿ ਆਧੁਨਿਕ ਡਾਇਲਸਿਸ ਯੂਨਿਟ ਸਥਾਪਿਤ ਹੈ। ਜਿੱਥੇ 24 ਘੰਟੇ ਡਾਇਲਸਿਸ ਕਰਵਾਉਣ ਦੀ ਸਹੂਲਤ ਮਿਲਦੀ ਹੈ। ਇਸ ਤੋਂ ਇਲਾਵਾ ਹਸਪਤਾਲ ਆਧੁਨਿਕ ਆਈਸੀਯੂ, ਆਈਸੀਸੀਯੂ, ਆਧੁਨਿਕ ਵੈਂਟੀਲੇਟਰ, ਆਟੋਮੈਟਿਕ ਇਨਫਿਊਜਨ ਪੰਪ, ਕਾਰਡੀਅਕ ਮੋਨੀਟਰ, ਹੋਰ ਮੈਡੀਕਲ ਉਪਕਰਨਾਂ ਨਾਲ ਅਤੇ ਮਾਹਿਰ ਡਾਕਟਰਾਂ ਦੀ ਟੀਮ ਨਾਲ ਲੈਸ ਹੈ।