ਸਾਫ਼ ਹਵਾ ਤੇ ਸਿਹਤਮੰਦ ਪੰਜਾਬ ਲਈ ਪਰਾਲੀ ਨਾ ਸਾੜੀਏ : ਡੀਸੀ ਸਾਫ਼ ਹਵਾ ਅਤੇ ਸਿਹਤਮੰਦ ਪੰਜਾਬ ਲਈ ਪਰਾਲੀ ਨਾ ਸਾੜੀਏ-ਡਿਪਟੀ ਕਮਿਸ਼ਨਰ
Publish Date: Tue, 22 Sep 2026 06:59 PM (IST)
Updated Date: Tue, 22 Sep 2026 07:03 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਸਬੰਧੀ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਦੀ ਅਗਵਾਈ ਹੇਠ ਮੁਹਿੰਮ ਤੇਜ਼ੀ ਨਾਲ ਚੱਲ ਰਹੀ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਵੱਲੋਂ ਸਮੂਹ ਵਿਭਾਗਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਦੱਸਿਆ ਕਿ ਮਾਣਯੋਗ ਸੁਪਰੀਮ ਕੋਰਟ ਨਵੀਂ ਦਿੱਲੀ ਅਤੇ ਮਾਣਯੋਗ ਨੈਸ਼ਨਲ ਗਰੀਨ ਟਰਬਿਊਨਲ ਨਵੀਂ ਦਿੱਲੀ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਦਾ ਗੰਭੀਰ ਨੋਟਿਸ ਲਿਆ ਜਾ ਰਿਹਾ ਹੈ। ਉਨ੍ਹਾਂ ਵੱਲੋਂ ਜ਼ਿਲ੍ਹੇ ਵਿਚ ਪਰਾਲੀ ਦੀ ਸਾਂਭ-ਸੰਭਾਲ ਸਬੰਧੀ ਵੱਖ-ਵੱਖ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ। ਜਿਸ ਵਿਚ ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ 165 ਤੋਂ ਵੱਧ ਬੇਲਰ ਮਸ਼ੀਨਾਂ ਤੇ ਸਬਸਿਡੀ ਮੁਹੱਈਆ ਕਰਵਾਈਆਂ ਗਈਆਂ ਹਨ।ਤੇ ਚਾਲੂ ਸਾਲ 2026-27 ਦੌਰਾਨ ਜ਼ਿਲ੍ਹੇ ਨੂੰ ਉਪਲਬਧ ਟੀਚੇ ਅਨੁਸਾਰ ਮਸ਼ੀਨਾਂ ਖਰੀਦਣ ਲਈ ਸੈਂਕਸ਼ਨ ਪੱਤਰ ਕਿਸਾਨਾਂ ਨੂੰ ਜਾਰੀ ਕਰ ਦਿੱਤੇ ਗਏ ਹਨ, ਜਿਸ ਤਹਿਤ ਜ਼ਿਲ੍ਹੇ ਵਿਚ ਤਕਰੀਬਨ 320 ਤੋਂ ਵੱਧ ਮਸ਼ੀਨਾਂ ਪਰਾਲੀ ਦੀ ਸਾਂਭ-ਸੰਭਾਲ ਲਈ ਸਬਸੀਡੀ ਤੇ ਮੁਹੱਈਆ ਕਰਵਾਈਆਂ ਗਈਆਂ ਹਨ। ਉਨ੍ਹਾਂ ਜਾਣਕਾਰੀ ਦਿੱਤੀ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਜਿੱਥੇ ਵਾਤਾਵਰਣ ਦੂਸ਼ਿਤ ਹੁੰਦਾ ਹੈ। ਉਸ ਦੇ ਨਾਲ ਹੀ ਜ਼ਮੀਨ ਦਾ ਵੀ ਬੰਜਰ ਬਣਨ ਦਾ ਖਦਸ਼ਾ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਪਰਾਲੀ ਦੇ ਹਾਨੀਕਾਰਕ ਧੂੰਏਂ ਨਾਲ ਨਵਜੰਮੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਗੰਭੀਰ ਸਮੱਸਿਆ ਹੋ ਸਕਦੀ ਹੈ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਵੇ ਅਤੇ ਉਪਲਬਧ ਮਸ਼ੀਨਰੀ ਦੀ ਵਰਤੋਂ ਕਰਕੇ ਇਸ ਦੀ ਸਾਂਭ-ਸੰਭਾਲ ਕਰੇ ਤਾਂ ਜੋ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਰੋਕਿਆ ਜਾ ਸਕੇ। ਮੁੱਖ ਖੇਤੀਬਾੜੀ ਅਫਸਰ ਡਾ. ਲੇਖ ਰਾਜ ਮਾਹੀ ਨੇ ਦੱਸਿਆ ਕਿ ਕਿਸਾਨਾਂ ਨੂੰ ਇਸ ਸਬੰਧੀ ਜਾਗਰੂਕ ਕਰਨ ਲਈ ਕਿਸਾਨ ਸਿਖਲਾਈ ਕੈਂਪਾਂ, ਵੈਨ ਕੈਂਪੇਨ, ਵਾਲ ਪੇਂਟਿੰਗਾਂ ਅਤੇ ਸਕੂਲ ਮੁਕਾਬਲੇ ਆਦਿ ਦੇ ਨਾਲ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਅਪੀਲ ਕੀਤੀ ਕਿ ਸਾਰੇ ਕਿਸਾਨ ਜਿਨ੍ਹਾਂ ਕੋਲ ਮਸ਼ੀਨਾਂ ਉਪਲਬਧ ਹਨ। ਉਹ ਆਪਣੀਆਂ ਮਸ਼ੀਨਾਂ ਦਾ ਪੂਰਾ ਇਸਤੇਮਾਲ ਕਰਨ ਅਤੇ ਜਿਹੜੇ ਕਿਸਾਨਾਂ ਕੋਲ ਮਸ਼ੀਨਾਂ ਉਪਲਬਧ ਨਹੀਂ ਹਨ। ਉਹ ਆਪਣੇ ਪਿੰਡ ਦੀ ਸਹਿਕਾਰੀ ਸਭਾ ਜਾਂ ਸੰਬੰਧਤ ਬਲਾਕ ਖੇਤੀਬਾੜੀ ਅਫਸਰ ਨਾਲ ਸੰਪਰਕ ਕਰਕੇ ਮਸ਼ੀਨਰੀ ਕਿਰਾਏ ਤੇ ਲੈ ਸਕਦੇ ਹਨ। ਮੀਟਿੰਗ ਚ ਜਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਅਤੇ ਵੱਖ-ਵੱਖ ਵਿਭਾਗਾਂ ਦੇ ਮੁਖੀ ਹਾਜ਼ਰ ਸਨ।