ਅਮਰਦੀਪ ਕਾਲਜ ’ਚ ਸਵੈ-ਇੱਛਾ ਖ਼ੂਨਦਾਨ ਜਾਗਰੂਕਤਾ ਸਬੰਧੀ ਲੈਕਚਰ ਕਰਵਾਇਆ ਅਮਰਦੀਪ ਕਾਲਜ 'ਚ ਸਵੈ-ਇੱਛਾ ਖ਼ੂਨਦਾਨ ਜਾਗਰੂਕਤਾ ਸੰਬੰਧੀ ਲੈਕਚਰ ਕਰਵਾਇਆ
Publish Date: Wed, 07 Oct 2026 03:53 PM (IST)
Updated Date: Wed, 07 Oct 2026 03:56 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਅਮਰਦੀਪ ਸਿੰਘ ਸ਼ੇਰਗਿੱਲ ਕਾਲਜ ਮੁਕੰਦਪੁਰ ਦੇ ਐੱਨਐੱਸਐੱਸ ਵਿਭਾਗ ਵੱਲੋਂ ਪ੍ਰਿੰ. ਮਨਜੀਤ ਸਿੰਘ ਦੀ ਅਗਵਾਈ ਹੇਠ ਸਮਾਜ ਚ ਖ਼ੂਨਦਾਨ ਦੀ ਲੋੜ ਅਤੇ ਮਹੱਤਤਾ ਵਿਸ਼ੇ ਤੇ ਲੈਕਚਰ ਕਰਵਾਇਆ। ਐੱਨਐੱਸਐੱਸ ਦੇ ਪ੍ਰੋਗਰਾਮ ਅਫ਼ਸਰ ਡਾ. ਸੰਗੀਤਾ ਨੇ ਦੱਸਿਆ ਕਿ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ ਪਰੰਤੂ ਮਨੁੱਖੀ ਖ਼ੂਨ ਦਾ ਕੋਈ ਤੋੜ ਨਹੀਂ ਹੈ। ਪ੍ਰੋਗਰਾਮ ਅਫ਼ਸਰ ਪ੍ਰੋ. ਜਗਵਿੰਦਰ ਸਿੰਘ ਨੇ ਦੱਸਿਆ ਕਿ ਹਰ ਦੋ ਸੈਕਿੰਡ ਤੇ ਕਿਸੇ ਮਰੀਜ਼ ਨੂੰ ਖ਼ੂਨ ਦੀ ਸਖ਼ਤ ਲੋੜ ਪੈਂਦੀ ਹੈ। ਇਸ ਲਈ ਸਾਨੂੰ ਖ਼ੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸ਼ਵੇਤਾ ਨੇ ਦੱਸਿਆ ਕਿ ਸਵੈ-ਇੱਛਾ ਨਾਲ ਕੀਤਾ ਖ਼ੂਨਦਾਨ ਕਿਸੇ ਲੋੜਵੰਦ ਦੀ ਜ਼ਿੰਦਗੀ ਬਚਾਉਣ ਵਿਚ ਅਹਿਮ ਭੂਮਿਕਾ ਨਿਭਾ ਸਕਦਾ ਹੈ। ਇਸ ਲਈ ਸਮਾਜ ਦੇ ਹਰੇਕ ਤੰਦਰੁਸਤ ਅਤੇ ਯੋਗ ਵਿਅਕਤੀ ਨੂੰ ਜੋ 18 ਸਾਲ ਤੋਂ ਉੱਪਰ ਹੈ, ਨੂੰ ਖ਼ੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ। ਡਾ. ਨਿਰਦੋਸ਼ ਕੌਰ ਨੇ ਖ਼ੂਨਦਾਨ ਨਾਲ ਜੁੜੀਆਂ ਗਲਤ ਧਾਰਨਾਵਾਂ ਨੂੰ ਦੂਰ ਕਰਨ ਅਤੇ ਆਲ਼ੇ-ਦੁਆਲ਼ੇ ਦੇ ਲੋਕਾਂ ਨੂੰ ਵੀ ਖ਼ੂਨਦਾਨ ਕਰਨ ਲਈ ਜਾਗਰੂਕ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਤੁਹਾਡਾ ਇੱਕ ਯੂਨਿਟ ਖ਼ੂਨ ਕਿਸੇ ਦੀ ਜ਼ਿੰਦਗੀ ਨੂੰ ਬਚਾ ਸਕਦਾ ਹੈ ਅਤੇ ਤੁਹਾਨੂੰ ਮਾਨਸਿਕ ਸੰਤੁਸ਼ਟੀ ਦਿੰਦਾ ਹੈ। ਅੰਤ ਵਿਚ ਪ੍ਰਿੰ. ਮਨਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖ਼ੂਨਦਾਨ ਮਨੁੱਖ ਚ ਸੇਵਾ ਭਾਵਨਾ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਦਾ ਹੈ। ਖ਼ੂਨਦਾਨ ਸਿਰਫ ਇੱਕ ਦਾਨ ਨਹੀਂ ਸਗੋਂ ਜ਼ਿੰਦਗੀ ਦੀ ਸਾਂਝ ਹੈ। ਇਸ ਮੌਕੇ ਡਾ. ਕਰਮਜੀਤ ਕੌਰ, ਪ੍ਰੋ. ਸਖਮਿੰਦਰ ਬਾਵਾ, ਪ੍ਰੋ. ਸਰਬਜੀਤ ਸਿੰਘ, ਡਾ.ਆਸ਼ਿਮਾ ਮੌਜੂਦ ਸਨ।