ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂਆੰ ਵੱਲੋਂ ਬੰਗਾ ਵਿਧਾਇਕ ਦੇ ਦਫਤਰ ਦੇ ਬਾਹਰ ਮੰਗ ਪੱਤਰ ਚਿਪਕਾਇਆ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂਆੰ ਵੱਲੋਂ ਬੰਗਾ ਵਿਧਾਇਕ ਦੇ ਦਫਤਰ ਦੇ ਬਾਹਰ ਮੰਗ ਪੱਤਰ ਚਿਪਕਾਇਆ
Publish Date: Mon, 19 Oct 2026 06:46 PM (IST)
Updated Date: Mon, 19 Oct 2026 06:48 PM (IST)
ਜਥੇਬੰਦੀਆਂ ਨੇ ਮੁੱਖ ਮੰਤਰੀ ਤੇ ਡੀਜੀਪੀ ਪੰਜਾਬ ਦੇ ਅਸਤੀਫ਼ੇ ਦੀ ਕੀਤੀ ਮੰਗ ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵੱਲੋਂ ਵਿਧਾਨ ਸਭਾ ਹਲਕਾ ਬੰਗਾ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਦੇ ਦਫਤਰ ਦੇ ਬਾਹਰ ਇੱਕ ਮੰਗ ਪੱਤਰ ਚਿਪਕਾਇਆ ਗਿਆ। ਮੰਗ ਪੱਤਰ ਚਿਪਕਾਉਣ ਸਮੇਂ ਮਨਜੀਤ ਸਿੰਘ ਭੰਗਲ ਮੁੱਖ ਸੇਵਾਦਾਰ ਵਿਧਾਨ ਸਭਾ ਹਲਕਾ ਬੰਗਾ ਅਕਾਲੀ ਦਲ ਵਾਰਿਸ ਪੰਜਾਬ ਨੇ ਦੱਸਿਆ ਕਿ ਉਨ੍ਹਾਂ ਦੀ ਪਾਰਟੀ, ਐਕਸ਼ਨ ਕਮੇਟੀ ਮਾਨਸਾ ਅਤੇ ਸਮੂਹ ਪਾਰਟੀਆਂ ਅਤੇ ਜਥੇਬੰਦੀਆਂ ਨੇ ਸਾਂਝੇ ਤੌਰ ਤੇ ਉਲੀਕਿਆ ਸੀ ਕਿ ਪੰਜਾਬ ਸਰਕਾਰ ਦੇ ਸਾਰੇ ਵਿਧਾਇਕਾਂ ਦੇ ਘਰਾਂ ਜਾਂ ਆਫਿਸ ਦਾ ਘਿਰਾਓ ਕੀਤਾ ਜਾਵੇਗਾ ਅਤੇ ਇੱਕ ਮੰਗ ਪੱਤਰ ਜਿਸ ਨੂੰ ਉਹ ‘ਵਿਰੋਧ ਪੱਤਰ’ ਦਾ ਨਾਮ ਵੀ ਦਿੰਦੇ ਹਨ ਹਰ ਇਕ ਵਿਧਾਇਕ ਨੂੰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਨਾ ਮਿਲਣ ਕਾਰਨ ਇਹ ਮੰਗ ਪੱਤਰ ਉਨ੍ਹਾਂ ਦੇ ਆਫਿਸ ਦੇ ਬਾਹਰ ਚਿਪਕਾਇਆ ਗਿਆ। ਉਨ੍ਹਾਂ ਕਿਹਾ ਕਿ 13 ਅਕਤੂਬਰ 2026 ਨੂੰ ਮਾਨਸਾ ਵਿਚ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲੇ ਨੌਜਵਾਨ ਪਰਮਿੰਦਰ ਸਿੰਘ ਝੋਟਾ ਨੂੰ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਜਦੋਂ ਉਹ ਇੱਕ ਮੈਡੀਕਲ ਸਟੋਰ ਉੱਤੇ ਨਸ਼ੀਲੀਆਂ ਦਵਾਈਆਂ ਦੀ ਵਿਕਰੀ ਦਾ ਵਿਰੋਧ ਕਰਨ ਗਿਆ ਸੀ ਅਤੇ ਸਾਰੀ ਘਟਨਾ ਪੰਜਾਬ ਨੇ ਆਪਣੀਆਂ ਅੱਖਾਂ ਨਾਲ ਵੇਖੀ। ਉਨ੍ਹਾਂ ਕਿਹਾ ਕਿ ਇਹ ਕੋਈ ਸਾਧਾਰਨ ਕਤਲ ਨਹੀਂ, ਇਹ ਨਸ਼ਿਆਂ ਖਿਲਾਫ ਪੂਰੇ ਪੰਜਾਬ ਵਿਚ ਆਵਾਜ਼ ਚੁੱਕਣ ਵਾਲੇ ਲੋਕਾਂ ਦੀ ਜੁਬਾਨ ਬੰਦੀ ਹੈ। ਤਿੰਨ ਸਾਲ ਪਹਿਲਾਂ ਪਰਵਿੰਦਰ ਝੋਟੇ ਨੇ ਇਸੇ ਦੁਕਾਨਦਾਰ ਨੂੰ ਨਸ਼ੀਲੇ ਕੈਪਸੂਲਾਂ ਸਮੇਤ ਫੜਿਆ ਸੀ, ਪਰ ਨਤੀਜਾ ਕੀ ਨਿਕਲਿਆ ਕਿ ਦੁਕਾਨਦਾਰ ਨੂੰ ਰਿਵਾਲਵਰ ਦਾ ਲਾਇਸੈਂਸ ਮਿਲ ਗਿਆ ਅਤੇ ਪਰਵਿੰਦਰ ਨੂੰ ਤਿੰਨ ਮਹੀਨੇ ਜੇਲ੍ਹ ਕੱਟਣੀ ਪਈ। ਸਰਕਾਰ ਨੇ ਸ਼ੁਰੂ ਵਿਚ ਇਸ ਨੂੰ ਆਪਸੀ ਰੰਜਿਸ਼ ਕਹਿ ਕੇ ਮਾਮਲੇ ਦਾ ਰੁਖ਼ ਮੋੜਨ ਦੀ ਕੋਝੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਨੂੰ ਕਿਹਾ ਕਿ ਇਹ ਲੋਕਾਂ ਦੀਆਂ ਵੋਟਾਂ ਨਾਲ ਵਿਧਾਨ ਸਭਾ ਵਿਚ ਗਏ ਹਨ। ਲੋਕਾਂ ਨੇ ਤੁਹਾਨੂੰ ਆਪਣੀ ਆਵਾਜ਼ ਬਣਾ ਕੇ ਭੇਜਿਆ ਸੀ, ਇਸ ਲਈ ਨਹੀਂ ਕਿ ਤੁਸੀਂ ਨਸ਼ੇ ਦੇ ਕਾਰੋਬਾਰ ਅਤੇ ਉਸ ਨੂੰ ਪਨਾਹ ਦੇਣ ਵਾਲਿਆਂ ਸਾਹਮਣੇ ਚੁੱਪ ਧਾਰ ਲਵੋ। ਜਿਹੜਾ ਵਿਧਾਇਕ ਇੱਕ ਨਸ਼ਾ-ਵਿਰੋਧੀ ਯੋਧੇ ਦੇ ਕਤਲ ਮਗਰੋਂ ਵੀ ਆਪਣੀ ਸਰਕਾਰ ਤੋਂ ਜਵਾਬਦੇਹੀ ਨਹੀਂ ਮੰਗਦਾ, ਉਹ ਲੋਕਾਂ ਦਾ ਪ੍ਰਤੀਨਿਧ ਨਹੀਂ ਰਹਿੰਦਾ। ਅਸੀਂ ਤੁਹਾਡੀ ਇਸ ਚੁੱਪੀ ਨੂੰ ਲਾਹਣਤ ਪਾਉਂਦੇ ਹਾਂ। ਮਨਜੀਤ ਸਿੰਘ ਭੰਗਲ ਨੇ ਐਕਸ਼ਨ ਕਮੇਟੀ ਦੀਆਂ 6 ਮੰਗਾਂ ਬਾਰੇ ਚਰਚਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਅਸਤੀਫ਼ਾ ਦੇਣ, ਡੀਜੀਪੀ ਪੰਜਾਬ ਅਸਤੀਫ਼ਾ ਦੇਣ,।ਪਰਵਿੰਦਰ ਝੋਟੇ ਦਾ ਪੋਸਟ ਮਾਰਟਮ ਪੀਜੀਆਈ ਚੰਡੀਗੜ੍ਹ ਤੋਂ ਕਰਵਾਇਆ ਜਾਵੇ। ਕਤਲ ਅਤੇ ਇਸ ਪਿੱਛੇ ਕੰਮ ਕਰਦੇ ਨਸ਼ਾ-ਪੁਲਿਸ-ਸਿਆਸੀ ਗੱਠਜੋੜ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇ। ਉਸੇ ਦੁਕਾਨ ਦੇ ਵਿਚ ਪਰਵਿੰਦਰ ਸਿੰਘ ਝੋਟੇ ਦਾ ਬੁੱਤ ਲਾਇਆ ਜਾਵੇ। ਐਸਐਚਓ, ਡੀਐਸਪੀ ਅਤੇ ਡਰੱਗ ਇੰਸਪੈਕਟਰ ਨੂੰ ਤੁਰੰਤ ਨੌਕਰੀ ਤੋਂ ਖਾਰਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਸੀਂ ਤੁਹਾਨੂੰ ਸਿੱਧਾ ਸਵਾਲ ਕਰਦੇ ਹਾਂ ਕਿ ਤੁਸੀਂ ਸ਼ਹੀਦ ਦੇ ਪਰਿਵਾਰ ਅਤੇ ਨਸ਼ਿਆਂ ਤੋਂ ਪੀੜਤ ਪੰਜਾਬ ਦੇ ਨਾਲ ਖੜ੍ਹੇ ਹੋ, ਜਾਂ ਨਸ਼ਾ ਸੌਦਾਗਰਾਂ ਅਤੇ ਉਨ੍ਹਾਂ ਦੇ ਸਰਪ੍ਰਸਤਾਂ ਨਾਲ ਆਪਣਾ ਪੱਖ ਜਨਤਕ ਤੌਰ ਉੱਤੇ ਸਪੱਸ਼ਟ ਕਰੋ ਅਤੇ ਇਹ ਮੰਗਾਂ ਵਿਧਾਨ ਸਭਾ ਤੇ ਸਰਕਾਰ ਵਿਚ ਉਠਾਓ। ਜੇ ਤੁਸੀਂ ਹੁਣ ਵੀ ਚੁੱਪ ਰਹੇ, ਤਾਂ ਪੰਜਾਬ ਦੇ ਲੋਕ ਤੁਹਾਡੀ ਚੁੱਪੀ ਨੂੰ ਇਤਿਹਾਸ ਵਿਚ ਗੁਨਾਹ ਵਜੋਂ ਦਰਜ ਕਰਨਗੇ ਅਤੇ ਸੰਘਰਸ਼ ਹੋਰ ਤਿੱਖਾ ਹੋਵੇਗਾ ਅਤੇ ਇਨਸਾਫ਼ ਮਿਲਣ ਤੱਕ ਸੰਘਰਸ਼ ਜਾਰੀ ਰਹੇਗਾ।