ਸੂਬੇ ’ਚ ਨਸ਼ਿਆਂ ਕਾਰਨ ਅਮਨ ਕਾਨੂੰਨ ਦੀ ਸਥਿਤੀ ਵਿਗੜੀ : ਨਾਨੋਵਾਲ ਸੂਬੇ 'ਚ ਨਸ਼ਿਆਂ ਕਾਰਨ ਅਮਨ ਕਾਨੂੰਨ ਦੀ ਸਥਿਤੀ ਵਿਗੜੀ-ਅਸ਼ੋਕ ਨਾਨੋਵਾਲ
Publish Date: Sat, 17 Oct 2026 04:24 PM (IST)
Updated Date: Sat, 17 Oct 2026 04:24 PM (IST)
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ ਬਲਾਚੌਰ : ਪੰਜਾਬ ਸੂਬਾ ਅੱਜ ਦੇ ਸਮੇਂ ਵਿਚ ਕਈ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਦਿਨ-ਰਾਤ ਨਸ਼ਿਆਂ ਦੇ ਵੱਧ ਰਹੇ ਪ੍ਰਕੋਪ, ਗੈਂਗਵਾਰ ਅਤੇ ਕਤਲਾਂ ਦੀਆਂ ਘਟਨਾਵਾਂ ਨੇ ਆਮ ਜਨਤਾ ਦੇ ਮਨਾਂ ਵਿਚ ਡਰ ਅਤੇ ਸਹਿਮ ਦਾ ਮਹੌਲ ਪੈਦਾ ਕਰ ਦਿਤਾ ਹੈ। ਸੂਬੇ ਦੀ ਮੌਜੂਦਾ ਸਥਿਤੀ ਨੂੰ ਲੈ ਕੇ ਸਿਆਸੀ ਅਤੇ ਸਮਾਜਿਕ ਹਲਕਿਆਂ ਵਿਚ ਚਿੰਤਾ ਪਾਈ ਜਾ ਰਹੀ ਹੈ। ਇਹ ਵਿਚਾਰ ਸਾਂਝੇ ਕਰਦਿਆਂ ਬੀਜੇਪੀ ਆਗੂ ਅਸ਼ੋਕ ਨਾਨੋਵਾਲ ਨੇ ਆਖਿਆ ਕਿ ਪੰਜਾਬ ਦੀ ਆਪ ਸਰਕਾਰ ਨੂੰ ਨਸ਼ਿਆਂ ਅਤੇ ਅਮਨ ਕਾਨੂੰਨ ਦੇ ਮੁੱਦਿਆਂ ਨੂੰ ਸੁਲਝਾਉਣ ਵਿਚ ਆਪਣੇ ਕਾਰਜ ਕਾਲ ਦੌਰਾਨ ਬੁਰੀ ਤਰ੍ਹਾਂ ਫੇਲ੍ਹ ਰਹੀ ਹੈ। ਉਨ੍ਹਾਂ ਸੂਬਾ ਸਰਕਾਰ ਦੀ ਕਾਰਜ ਪ੍ਰਣਾਲੀ ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਹਾਕਮ ਧਿਰ ਵੱਲੋਂ ਕੇਵਲ ਫੋਕੀ ਬਿਆਨ ਬਾਜੀ ਕੀਤੀ ਜਾ ਰਹੀ ਹੈ। ਜਦਕਿ ਜ਼ਮੀਨੀ ਹਕੀਕਤ ਬਹੁਤ ਭਿਆਨਕ ਹੈ। ਪੰਜਾਬ ਵਿਚ ਡਰੱਗ ਮਾਫੀਆ ਇਸ ਹੱਦ ਤੱਕ ਬੇਲਗਾਮ ਹੋ ਚੁੱਕਾ ਹੈ ਕਿ ਸਮਾਜ ਸੇਵੀ ਅਤੇ ਨਸ਼ਾ ਵਿਰੋਧੀ ਕਾਰਕੁੰਨ ਵੀ ਸੁਰੱਖਿਅਤ ਨਹੀਂ ਹਨ। ਉਨ੍ਹਾਂ ਪਰਵਿੰਦਰ ਸਿਘ ਦੀ ਹੋਈ ਦੁਖਦਾਈ ਹੱਤਿਆ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਮੰਗ ਕੀਤੀ ਕਿ ਇਸ ਕਾਂਡ ਦੇ ਦੋਸ਼ੀਆਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਤਾਂ ਜੋ ਸਮਾਜ ਵਿਚ ਇਹ ਸੁਨੇਹਾ ਜਾ ਸਕੇ ਪੰਜਾਬ ਵਾਸੀ ਡਰ ਦੇ ਮਹੌਲ ਵਿਚ ਡਾਹਢਾ ਪਰੇਸ਼ਾਨ ਹਨ। ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣਨ ਤੇ ਸਭ ਤੋਂ ਪਹਿਲਾਂ ਅਮਨ ਕਾਨੂੰਨ ਦੀ ਵਿਵਸਥਾ ਨੂੰ ਪੂਰੀ ਤਰ੍ਹਾਂ ਨਾਲ ਦਰੁਸਤ ਕੀਤਾ ਜਾਵੇਗਾ।