ਦਿਵਿਆ ਜੋਤੀ ਜਾਗ੍ਰਿਤੀ ਸੰਸਥਾਨ ’ਚ ਕੀਰਤਨ ਕਰਵਾਇਆ
ਦਿਵਿਆ ਜੋਤੀ ਜਾਗ੍ਰਤੀ ਸੰਸਥਾਨ ਵਿਖੇ ਕੀਰਤਨ ਕਰਵਾਇਆ
Publish Date: Mon, 19 Jan 2026 04:47 PM (IST)
Updated Date: Tue, 20 Jan 2026 04:04 AM (IST)

ਮੁਕੇਸ਼ ਬਿੱਟੂ, ਪੰਜਾਬੀ ਜਾਗਰਣ, ਨਵਾਂਸ਼ਹਿਰ : ਦਿਵਿਆ ਜੋਤੀ ਜਾਗ੍ਰਤੀ ਸੰਸਥਾਨ ਨਵਾਂਸ਼ਹਿਰ ਸਥਿਤ ਆਸ਼ਰਮ ਵਿਖੇ ਮਾਘੀ ਦੇ ਸੰਬੰਧ ਵਿਚ ਗੁਰਬਾਣੀ ਕੀਰਤਨ ਕਰਵਾਇਆ| ਜਿਸ ਵਿਚ ਸ਼੍ਰੀ ਆਸ਼ੂਤੋਸ਼ ਮਹਾਰਾਜ ਦੇ ਸੇਵਕ ਭਾਈ ਮੰਗਲ ਸਿੰਘ ਵੱਲੋਂ ‘ਮਾਘੀ ਮਜਨੁ ਸੰਗਿ ਸਾਧੂਆ ਧੂੜੀ ਕਰਿ ਇਸਨਾਨੁ’ ਸ਼ਬਦ ਦੀ ਵਿਆਖਿਆ ਕੀਤੀ| ਉਨ੍ਹਾਂ ਦੱਸਿਆ ਕਿ ਮਾਘੀ ਦਾ ਮਹੀਨਾ ਪਵਿੱਤਰ ਮਹੀਨਾ ਹੁੰਦਾ ਹੈ| ਉਨ੍ਹਾਂ ਦੱਸਿਆ ਕਿ ਜਦੋਂ ਮਨੁੱਖ ਸੱਚ ਦੇ ਮਾਰਗ ’ਤੇ ਚੱਲਦਾ ਹੈ| ਤਾਂ ਜਹਾਨ ਵੀ ਉਸ ਦੀ ਉਸਤਤ ਕਰਦਾ ਹੈ| ਉਸ ਦੀ ਸ਼ੋਭਾ ਵੱਧਦੀ ਹੈ। ਮਹਾਂਪੁਰਖਾਂ ਦੇ ਬਚਨ ਹਨ ਕਿ ਜੋ ਮਨੁੱਖ ਭਗਤੀ ਦੇ ਮਾਰਗ ’ਤੇ ਚੱਲਦਾ ਹੈ ਮੈਂ ਉਸ ਤੋਂ ਆਪ ਕੁਰਬਾਨ ਹੁੰਦਾ ਹਾਂ। ਇਸ ਲਈ ਸਾਧੂ ਸੰਤਾਂ ਦੇ ਚਰਨਾਂ ਦੀ ਧੂੜੀ ਦਾ ਇਸ਼ਨਾਨ ਕਰਨਾ ਚਾਹੀਦਾ ਹੈ ਅਤੇ ਉਸ ਪਰਮਾਤਮਾ ਦਾ ਨਾਮ ਧਿਆ ਕੇ ਦੂਜੇ ਲੋਕਾਂ ਨੂੰ ਵੀ ਪਰਮਾਤਮਾ ਦਾ ਸਿਮਰਨ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਨੇ ਗੁਰੂ ਦੀ ਮਹਾਨਤਾ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਗੁਰੂ ਦੀ ਇਨਸਾਨ ਦੇ ਜੀਵਨ ਵਿਚ ਵਿਸ਼ੇਸ਼ ਥਾਂ ਹੈ। ਉਨ੍ਹਾਂ ਕਿਹਾ ਕਿ ਗੁਰੂ ਦੀ ਸੇਵਾ ਕਰਨਾ ਸੱਠ ਤੀਰਥ ਇਸ਼ਨਾਨ ਕਰਨ ਦੇ ਬਰਾਬਰ ਹੈ। ਉਨ੍ਹਾਂ ਜ਼ਿਕਰ ਕੀਤਾ ਕਿ ਅੱਜ ਦੇ ਸਮੇਂ ਸਿਰਫ ਲੜਕਿਆਂ ਦੀ ਹੀ ਲੋਹੜੀ ਮਨਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਅੱਜ ਦੇ ਸਮੇਂ ਵਿਚ ਧੀਆਂ ਪੜ੍ਹ-ਲਿਖ ਕੇ ਮੁੰਡਿਆਂ ਦੇ ਬਰਾਬਰ ਕੰਮ ਕਰ ਰਹੀਆਂ ਹਨ। ਬਾਣੀ ਵਿਚ ਵੀ ਮਹਾਂਪੁਰਸ਼ਾਂ ਨੇ ਇਸਤਰੀ ਨੂੰ ਇੱਕ ਉੱਚਾ ਸਥਾਨ ਦਿੱਤਾ ਹੈ। ਉਨ੍ਹਾਂ ਨੇ ਧੀਆਂ ਦੀ ਲੋਹੜੀ ਮਨਾਉਣ ਲਈ ਵੀ ਪ੍ਰੇਰਨਾ ਦਿੱਤੀ| ਇਸ ਮੌਕੇ ਆਈ ਹੋਈ ਸੰਗਤ ਦੇ ਲਈ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ। ਇਸ ਸਮੇਂ ਭਾਈ ਹਰੀ ਸਿੰਘ, ਭਾਈ ਮਲਕੀਤ ਸਿੰਘ ਅਤੇ ਭਾਈ ਹਰੀਸ਼ ਨੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ|