ਕਿਰਨਦੀਪ ਕੌਰ ਬਣੀ ਬਲਾਕ ਸੰਮਤੀ ਸੜੋਆ ਦੀ ਚੇਅਰਪਰਸਨ
ਕਿਰਨਦੀਪ ਕੌਰ ਬਣੀ ਬਲਾਕ ਸੰਮਤੀ ਸੜੋਆ ਦੀ ਚੇਅਰਪਰਸਨ
Publish Date: Thu, 02 Apr 2026 05:02 PM (IST)
Updated Date: Fri, 03 Apr 2026 04:08 AM (IST)

ਬਲਵੀਰ ਚੰਦ ਸਿੰਘਪੁਰ ਬਣੇ ਉਪ ਚੇਅਰਮੈਨ ਬਲਾਚੌਰ ਅਤੇ ਸੜੋਆ ਬਲਾਕ ਸੰਮਤੀ ਤੇ ਹੋਇਆ ਕਾਂਗਰਸ ਦਾ ਕਬਜ਼ਾ ਹਰਕੰਵਲ ਸਿੰਘ ਕੌਲਗੜ੍ਹ, ਪੰਜਾਬੀ ਜਾਗਰਣ, ਮਜਾਰੀ ਬਲਾਕ ਸੰਮਤੀ ਸੜੋਆ ਦੇ ਚੇਅਰਮੈਨ ਦੀ ਚੋਣ ਨੂੰ ਲੈ ਕੇ ਜਾਰੀ ਜੱਦੋ ਜਹਿਦ ਚ ਕਾਂਗਰਸ ਪਾਰਟੀ ਨੇ ਬਾਜ਼ੀ ਮਾਰਦੇ ਹੋਏ ਆਪਣਾ ਚੇਅਰਮੈਨ ਬਣਾਉਣ ਵਿਚ ਸਫਲਤਾ ਹਾਂਸਲ ਕੀਤੀ ਹੈ। ਜ਼ਿਕਰਯੋਗ ਹੈ ਕਿ ਬਲਾਕ ਸੰਮਤੀ ਦੇ ਚੇਅਰਮੈਨ ਦੀ ਚੋਣ ਲਈ ਪਿਛਲੇ ਸਮੇਂ ਤੋਂ ਸਮਾਂ ਤੇ ਤਰੀਕ ਨਿਸ਼ਚਿਤ ਕਰਨ ਉਪਰੰਤ ਚੋਣ ਮੁਲਤਵੀ ਹੋ ਰਹੀਆਂ ਸਨ। ਜਿਸ ਕਾਰਨ ਕਾਂਗਰਸੀਆਂ ਵਿਚ ਰੋਸ ਵੱਧਦਾ ਜਾ ਰਿਹਾ ਸੀ। ਅੱਜ ਪੁਲਿਸ ਅਤੇ ਪ੍ਰਸ਼ਾਸਨ ਦੇ ਪੁਖਤਾ ਪ੍ਰਬੰਧਾਂ ਅਧੀਨ ਸੜੋਆ ਬਲਾਕ ਦੇ ਚੇਅਰਮੈਨ ਦੀ ਚੋਣ ਅੱਠਵੀਂ ਵਾਰ ਹੋਈ। ਜਿਸ ਵਿੱਚ ਕਾਂਗਰਸ ਪਾਰਟੀ ਨੇ ਬਾਜ਼ੀ ਮਾਰਦੇ ਹੋਏ ਕੁੱਕੜ ਸੂਹਾਂ ਜੋਨ ਤੋਂ ਜੇਤੂ ਉਮੀਦਵਾਰ ਕਿਰਨਦੀਪ ਕੌਰ ਨੇ ਅੱਠ ਵੋਟਾਂ ਪ੍ਰਾਪਤ ਕਰਕੇ ਵੱਡੀ ਜਿੱਤ ਦਰਜ ਕੀਤੀ। ਉੁਪ ਚੇਅਰਮੈਨ ਦੀ ਚੋਣ ਬਲਵੀਰ ਚੰਦ ਸਿੰਘਪੁਰ ਨੇ ਜਿੱਤ ਕੇ ਕਾਂਗਰਸ ਦੀ ਖੁਸ਼ੀ ਨੂੰ ਦੁੱਗਣਾ ਕੀਤਾ। ਜ਼ਿਕਰਯੋਗ ਹੈ ਕਿ ਬਲਾਕ ਸੰਮਤੀ ਦੇ ਕੁੱਲ 15 ਮੈਂਬਰਾਂ ਵਿੱਚੋਂ ਕਾਂਗਰਸ ਪਾਰਟੀ ਦੇ ਸੱਤ ਮੈਂਬਰਾਂ ਨੇ ਜਿੱਤ ਪ੍ਰਾਪਤ ਕੀਤੀ ਸੀ। ਅੱਜ ਬਸਪਾ ਦੇ ਇੱਕ ਉਮੀਦਵਾਰ ਦੀ ਹਮਾਇਤ ਵੀ ਕਾਂਗਰਸ ਪਾਰਟੀ ਨੂੰ ਮਿਲੀ। ਜਿਸ ਨਾਲ ਉਸ ਦੀਆਂ ਕੁੱਲ ਵੋਟਾਂ ਦਾ ਜੋੜ 8 ਹੋ ਗਿਆ। ਆਮ ਆਦਮੀ ਪਾਰਟੀ ਦੇ ਕੋਲ ਪੰਜ ਮੈਂਬਰ ਸਨ। ਸ਼੍ਰੋਮਣੀ ਅਕਾਲੀ ਦਲ ਦੇ ਦੋ ਮੈਂਬਰਾਂ ਨੇ ਚੋਣ ਵਿਚ ਹਿੱਸਾ ਨਹੀਂ ਲਿਆ। ਸਾਬਕਾ ਵਿਧਾਇਕ ਅੰਗਦ ਸਿੰਘ ਨੇ ਕਿਹਾ ਕਿ ਅੱਜ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੀ ਇਤਿਹਾਸਿਕ ਧਰਤੀ ਤੋਂ ਕਾਂਗਰਸ ਪਾਰਟੀ ਨੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਦੀ ਅਗਵਾਈ ਵਿੱਚ ਇਹ ਚੋਣ ਜਿੱਤ ਕੇ ਜ਼ਿਲ੍ਹੇ ਦੇ ਤਿੰਨ ਬਲਾਕਾਂ ਵਿਚ ਕਾਂਗਰਸ ਪਾਰਟੀ ਆਪਣਾ ਚੇਅਰਮੈਨ ਬਣਾਉਣ ਵਿਚ ਸਫਲ ਰਹੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਕੋਲ ਜ਼ਿਲ੍ਹਾ ਪ੍ਰੀਸ਼ਦ ਦੇ ਛੇ ਮੈਂਬਰ ਜਿੱਤੇ ਹਨ।।ਤਿੰਨ ਬਲਾਕ ਚੇਅਰਮੈਨ ਬਣਨ ਨਾਲ ਕੁੱਲ ਵੋਟਾਂ 9 ਕਾਂਗਰਸ ਦੇ ਕੋਲ ਹਨ, ਜਿਸ ਦੀ ਬਦੌਲਤ ਕਾਂਗਰਸ ਪਾਰਟੀ ਜ਼ਿਲ੍ਹੇ ਵਿਚ ਆਪਣਾ ਚੇਅਰਮੈਨ ਬਣਾਉਣ ਵਿਚ ਕਾਮਯਾਬ ਰਹੇਗੀ। ਉਨ੍ਹਾਂ ਕਿਹਾ ਕਿ 2027 ਵਿਧਾਨ ਸਭਾ ਚੋਣ ਦੀ ਜਿੱਤ ਦੀ ਨੀਂਹ ਰੱਖ ਦਿੱਤੀ ਹੈ। ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਜੇ ਮੰਗੂਪੁਰ ਨੇ ਇਸ ਜਿੱਤ ਨੂੰ ਤਾਨਾਸ਼ਾਹ ਤੇ ਲੋਕਤੰਤਰ ਦੀ ਜਿੱਤ ਕਰਾਰ ਦਿੱਤਾ। ਉਨ੍ਹਾਂ ਨੇ ਸਮੂਹ ਬਲਾਕ ਸੰਮਤੀ ਮੈਂਬਰਾਂ, ਕਾਂਗਰਸ ਪਾਰਟੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਲਾਚੌਰ ਵਿਧਾਨ ਸਭਾ ਹਲਕੇ ਵਿਚ ਪੈਂਦੇ ਦੋਨਾਂ ਬਲਾਕ ਸੰਮਤੀਆਂ ਦੇ ਚੇਅਰਮੈਨ ਦੀ ਚੋਣਾਂ ਦੀ ਜਿੱਤ ਦਾ ਸਿਹਰਾ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਜਾਂਦਾ ਹੈ, ਜੋ ਮੌਜੂਦਾ ਸਰਕਾਰ ਦੀ ਧੱਕੇਸ਼ਾਹੀ ਅੱਗੇ ਨਹੀਂ ਝੁਕੇ। ਜਿੱਤ ਉਪਰੰਤ ਨਵੇਂ ਚੁਣੇ ਗਏ ਚੇਅਰਮੈਨ ਅਤੇ ਕਾਂਗਰਸ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੇ ਆਪਣੇ ਵਰਕਰਾਂ ਸਮੇਤ ਚਾਂਦਪੁਰ ਰੁੜਕੀ ਵਿਖੇ ਸਥਿਤ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਵਿਖੇ ਮੱਥਾ ਟੇਕ ਕੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ। ਇਸ ਮੌਕੇ ਸਾਬਕਾ ਚੇਅਰਮੈਨ ਹਰਜੀਤ ਸਿੰਘ ਜਾਡਲੀ, ਕਾਂਗਰਸ ਬਲਾਕ ਪ੍ਰਧਾਨ ਤਿਲਕ ਰਾਜ ਸੂਦ, ਬਲਾਕ ਸੰਮਤੀ ਬਲਾਚੌਰ ਦੇ ਚੇਅਰਮੈਨ ਨਾਨਕ ਸਿੰਘ ਜੰਡੀ, ਮੁਲਾਜ਼ਮ ਆਗੂ ਹਰਭਜਨ ਸਿੰਘ ਜਾਡਲੀ, ਸਾਬਕਾ ਚੇਅਰਮੈਨ ਧਰਮਪਾਲ, ਗੁਰਦੇਵ ਸਿੰਘ ਸਰਪੰਚ ਕੌਲਗੜ੍ਹ, ਸਾਬਕਾ ਚੇਅਰਮੈਨ ਤਰਸੇਮ ਲਾਲ ਚੰਨਿਆਣੀ, ਨਰਿੰਦਰ ਸਿੰਘ ਪਨੇਸਰ ਬਛੌੜੀ ਸਮੇਤ ਕਾਂਗਰਸੀ ਵਰਕਰ ਹਾਜ਼ਰ ਸਨ।