ਸਟੇਟ ਪੱਧਰ ਦੇ ਫੁੱਟਬਾਲ ਟੂਰਨਾਮੈਂਟ ’ਚ ਖਾਲਸਾ ਫੁੱਟਬਾਲ ਅਕੈਡਮੀ ਵੱਲੋਂ ਤੀਜਾ ਸਥਾਨ ਪ੍ਰਾਪਤ ਸਟੇਟ ਪੱਧਰ ਦੇ ਫੁੱਟਬਾਲ ਟੂਰਨਾਮੈਂਟ 'ਚ ਖਾਲਸਾ ਫੁੱਟਬਾਲ ਅਕੈਡਮੀ ਨੂੰ ਤੀਜਾ ਸਥਾਨ ਪ੍ਰਾਪਤ
Publish Date: Sat, 03 Oct 2026 04:01 PM (IST)
Updated Date: Sat, 03 Oct 2026 04:01 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਸਟੇਟ ਪੱਧਰ ਫੁੱਟਬਾਲ ਦੀਆਂ 33 ਟੀਮਾਂ ਦੇ ਮੁਕਾਬਲੇ ਜੇਐੱਸਐੱਫ਼ਐੱਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਦੀ ਗਰਾਊਂਡ ਵਿਚ ਖੇਡੇ ਗਏ। ਜਿਨ੍ਹਾਂ ਵਿਚੋਂ ਖਾਲਸਾ ਫੁੱਟਬਾਲ ਅਕੈਡਮੀ ਦੀ ਅੰਡਰ-14 ਟੀਮ ਨੇ ਪੰਜਾਬ ਸਟੇਟ ਪੱਧਰ ਤੇ ਆਪਣੀ ਖੇਡ ਪ੍ਰਤਿਭਾ ਅਤੇ ਮਿਹਨਤ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤੀਜਾ ਸਥਾਨ ਹਾਸਿਲ ਕੀਤਾ। ਨੌਜਵਾਨ ਖਿਡਾਰੀਆਂ ਨੇ ਪੂਰੇ ਜੋਸ਼, ਅਨੁਸ਼ਾਸਨ ਅਤੇ ਟੀਮ ਭਾਵਨਾ ਨਾਲ ਮੈਦਾਨ ਵਿਚ ਆਪਣੀ ਕਾਬਲੀਅਤ ਦਾ ਪ੍ਰਗਟਾਵਾ ਕੀਤਾ। ਪਹਿਲੀ ਵਾਰ ਇਲਾਕਾ ਵਾਸੀਆਂ, ਖਿਡਾਰੀਆਂ ਅਤੇ ਮਾਪਿਆਂ ਦੀ ਮੰਗ ਨੂੰ ਮੁੱਖ ਰਖਦਿਆਂ ਹੋਇਆਂ ਜ਼ਿਲ੍ਹੇ ਚ ਫੁੱਟਬਾਲ ਅਕੈਡਮੀ ਬਣਾਈ ਗਈ ਹੈ। ਜੋ ਕਿ ਜੇਐਸਐਫ਼ਐਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਵਿਖੇ ਹੈ। ਇਹ ਮਾਣ ਵਾਲੀ ਗੱਲ ਹੈ ਕਿ ਖਾਲਸਾ ਫੁੱਟਬਾਲ ਅਕੈਡਮੀ ਨਵਾਂਸ਼ਹਿਰ ਦੀ ਟੀਮ ਨੇ ਪੰਜਾਬ ਸਟੇਟ ਪੱਧਰ ਚੋਂ ਤੀਜਾ ਸਥਾਨ ਪ੍ਰਾਪਤ ਕਰਕੇ ਮਾਪਿਆਂ, ਸਕੂਲ ਕੋਚਾਂ ਅਤੇ ਅਧਿਆਪਕਾਂ ਦਾ ਮਾਣ ਵਧਾਇਆ ਹੈ। ਟੀਮ ਦੇ ਖਿਡਾਰੀਆਂ ਨੇ ਸ਼ਾਨਦਾਰ ਪਾਸਿੰਗ ਅਤੇ ਮਜ਼ਬੂਤ ਡਿਫੈਂਸ ਰਾਹੀਂ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਅਕੈਡਮੀ ਦਾ ਮੁੱਖ ਉਦੇਸ਼ ਨੌਜਵਾਨ ਖਿਡਾਰੀਆਂ ਨੂੰ ਉੱਚ ਪੱਧਰੀ ਫੁੱਟਬਾਲ ਲਈ ਤਿਆਰ ਕਰਨਾ ਅਤੇ ਉਨ੍ਹਾਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਲਈ ਵਧੀਆ ਮੌਕੇ ਪ੍ਰਦਾਨ ਕਰਨਾ ਹੈ। ਪ੍ਰਿੰ. ਦਲਜੀਤ ਸਿੰਘ ਬੋਲਾ ਨੇ ਖਿਡਾਰੀਆਂ, ਕੋਚ, ਟੀਮ ਇੰਚਾਰਜ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਜਿੱਤ ਸਕੂਲ ਦੀ ਤਰੱਕੀ ਦੀ ਜਿੱਤ ਹੈ। ਉਨ੍ਹਾਂ ਦੱਸਿਆ ਕਿ ਅਕੈਡਮੀ ਵਿਚ ਖਿਡਾਰੀਆਂ ਨੂੰ ਨਿਯਮਤ ਪ੍ਰੈਕਟਿਸ, ਸਿਖਲਾਈ, ਫਿਟਨੈੱਸ, ਟੀਮ ਵਰਕ ਅਤੇ ਅਨੁਸ਼ਾਸਨ ਤੇ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਫੁੱਟਬਾਲ ਵਿਚ ਆਪਣਾ ਭਵਿੱਖ ਬਣਾਉਣ ਦੇ ਇੱਛੁਕ ਵਿਦਿਆਰਥੀ ਅਗਲੇ ਸੈਸ਼ਨ ਵਿਚ ਖ਼ਾਲਸਾ ਫੁੱਟਬਾਲ ਅਕੈਡਮੀ ਨਾਲ ਸੰਪਰਕ ਕਰਨ। ਇਸ ਮੌਕੇ ਪ੍ਰਿੰ. ਦਲਜੀਤ ਸਿੰਘ ਬੋਲਾ, ਇੰਦਰਜੀਤ ਮਾਹੀ, ਡੀਪੀ ਮਨਜੀਤ ਸਿੰਘ, ਜਸਵਿੰਦਰ ਸਿੰਘ ਜੱਸੀ ਕੋਚ, ਜਸਵੀਰ ਸਿੰਘ ਕੋਚ ਮੰਗੂਵਾਲ, ਦਿਲਾਵਰ ਸਿੰਘ ਕੋਚ, ਮਹਿੰਦਰ ਸਿੰਘ ਲੰਗੜੋਆ, ਕੁਲਦੀਪ ਸਿੰਘ, ਪ੍ਰੇਮ ਸਿੰਘ, ਬਲਜਿੰਦਰ ਸਿੰਘ, ਬਲਵੀਰ ਕੌਰ, ਪੂਜਾ ਸ਼ਰਮਾ, ਕੰਚਨ ਸੋਨੀ, ਹਰਮਨਦੀਪ, ਗਗਨਦੀਪ ਕੌਰ ਅਤੇ ਹੋਰ ਹਾਜ਼ਰ ਸਨ।