ਨਵਾਂਸ਼ਹਿਰ ਨਗਰ ਕੌਂਸਲ ਚੋਣਾਂ ’ਚ ਖ਼ਾਲਸਾ ਪਰਿਵਾਰ ਨੇ ਲਿਆ ਇਤਿਹਾਸਕ ਫੈਸਲਾ : ਗੁਰਚਰਨ ਸਿੰਘ ਗਰੇਵਾਲ ਨਵਾਂਸ਼ਹਿਰ ਨਗਰ ਕੌੰਸਲ ਚੋਣਾਂ ’ਚ ਖ਼ਾਲਸਾ ਪਰਿਵਾਰ ਨੇ ਲਿਆ ਇਤਿਹਾਸਕ ਫੈਸਲਾ-ਗੁਰਚਰਨ ਸਿੰਘ ਗਰੇਵਾਲ
Publish Date: Fri, 07 Aug 2026 07:41 PM (IST)
Updated Date: Fri, 07 Aug 2026 07:44 PM (IST)
- ਕਿਹਾ, ਚੋਣਾਂ ’ਚ ਨਾ ਕਾਂਗਰਸ, ਨਾ ਹੀ ‘ਆਪ’ ਦਾ ਸਾਥ ਦੇਣ ਦਾ ਲਿਆ ਸੀ ਫ਼ੈਸਲਾ - ਖ਼ਾਲਸਾ ਪਰਿਵਾਰ ਵੱਲੋਂ ਲਏ ਫੈਸਲੇ ਦੀ ਦੇਸ਼ ਤੇ ਵਿਦੇਸ਼ਾਂ ’ਚ ਹੋ ਰਹੀ ਸ਼ਲਾਘਾ : ਸੁਖਦੀਪ ਸਿੰਘ ਸ਼ੁਕਾਰ ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸੁਖਦੀਪ ਸਿੰਘ ਸ਼ੁਕਾਰ ਨੇ ਕੌਂਸਲਰ ਪਰਮ ਸਿੰਘ ਖ਼ਾਲਸਾ ਅਤੇ ਕੌਂਸਲਰ ਮਹਿੰਦਰ ਪਾਲ ਕੌਰ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਸੋਚ ’ਤੇ ਪਹਿਰਾ ਦਿੰਦਿਆਂ ਨਗਰ ਕੌਂਸਲ ਨਵਾਂਸ਼ਹਿਰ ’ਚ ਪ੍ਰਧਾਨਗੀ ਦੀ ਚੋਣ ਵਿਚ ਨਾ ਕਾਂਗਰਸ ਅਤੇ ਨਾ ਹੀ ‘ਆਪ’ ਦਾ ਸਾਥ ਦੇਣ ਦਾ ਇਤਿਹਾਸਕ ਫੈਸਲਾ ਲੈ ਕੇ ਦੇਸ਼ ਅਤੇ ਦੁਨੀਆ ਵਿਚ ਖ਼ਾਲਸਾ ਪਰਿਵਾਰ ਦੀ ਵੱਖਰੀ ਪਛਾਣ ਸਾਬਤ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਖ਼ਾਲਸਾ ਪਰਿਵਾਰ ਨੇ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਦੀ ਸੋਚ ਨੂੰ ਆਪਣੇ ਜੀਵਨ ਵਿਚ ਆਪਣਾਉਂਦਿਆਂ ਪਾਰਟੀ ਦੀਆਂ ਨੀਤੀਆਂ ਨੂੰ ਜਨ ਜਨ ਤੱਕ ਪਹੁੰਚਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਸੁਖਦੀਪ ਸਿੰਘ ਸੁਕਾਰ ਨੇ ਦੱਸਿਆ ਕਿ ਸਿੱਖ ਸਟੂਡੈਂਟ ਫੈੱਡਰਸ਼ਨ ਦੇ ਪ੍ਰਧਾਨ ਗੁਰਚਰਨ ਸਿੰਘ ਗਰੇਵਾਲ, ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ, ਐੱਸਜੀਪੀਸੀ ਮੈਂਬਰ ਵਿਸ਼ੇਸ਼ ਤੌਰ ’ਤੇ ਖ਼ਾਲਸਾ ਪਰਿਵਾਰ ਦਾ ਧੰਨਵਾਦ ਕਰਨ ਅਤੇ ਸ਼ਾਬਾਸ ਦੇਣ ਲਈ ਨਵਾਂਸ਼ਹਿਰ ਆਏ ਹਨ। ਉਨ੍ਹਾਂ ਕਿਹਾ ਕਿ ਇਸ ਨੇਕ ਉਪਰਾਲੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਨਵਾਂਸ਼ਹਿਰ ਆਉਣਾ ਸੀ ਪਰ ਉਨ੍ਹਾਂ ਨੂੰ ਅੱਜ ਦਿੱਲੀ ਜਾਣਾ ਪੈ ਗਿਆ। ਜਿਸ ਕਾਰਨ ਉਹ ਸਮਾਗਮ ਵਿਚ ਨਹੀਂ ਪੁੱਜ ਸਕੇ। ਉਨ੍ਹਾਂ ਕਿਹਾ ਕਿ ਬਹੁਤ ਜਲਦੀ ਸੁਖਬੀਰ ਸਿੰਘ ਬਾਦਲ ਖ਼ਾਲਸਾ ਪਰਿਵਾਰ ਨੂੰ ਮਿਲਣ ਅਤੇ ਉਨ੍ਹਾਂ ਦੀ ਹੌਸਲਾ ਅਫਜਾਈ ਕਰਨ ਅਤੇ ਸਨਮਾਨਿਤ ਕਰਨ ਲਈ ਨਵਾਂਸ਼ਹਿਰ ਪੁੱਜਣਗੇ। ਇਸ ਮੌਕੇ ਗੁਰਚਰਨ ਸਿੰਘ ਗਰੇਵਾਲ ਨੇ ਦੱਸਿਆ ਕਿ ਨਗਰ ਕੌਂਸਲ ਨਵਾਂਸ਼ਹਿਰ ’ਚ ਪ੍ਰਧਾਨ ਦੀ ਚੋਣ ਵਿਚ ਕਾਂਗਰਸ ਅਤੇ ‘ਆਪ’ ਨੂੰ ਸਾਥ ਨਾ ਦੇਣ ਦਾ ਇਤਿਹਾਸਕ ਫੈਸਲਾ ਲੈ ਕੇ ਖ਼ਾਲਸਾ ਪਰਿਵਾਰ ਨੇ ਇਤਿਹਾਸ ਸਿਰਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਮੂਹ ਖਾਲਸਾ ਪਰਿਵਾਰ ਨੇ ਰਾਜਨੀਤਿਕ ਖੇਤਰ ਵਿਚ ਇਕ ਉਦਾਹਰਨ ਪੇਸ਼ ਕੀਤੀ ਹੈ। ਜਿਸ ਤੋਂ ਸਾਰਿਆਂ ਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਹ ਖ਼ਾਲਸਾ ਪਰਿਵਾਰ ਦੀ ਮਾਤਾ ਬੀਬੀ ਜਿੰਦਰਜੀਤ ਕੌਰ ਖਾਲਸਾ, ਐੱਸਜੀਪੀਸੀ ਮੈਂਬਰ ਗੁਰਬਖਸ਼ ਸਿੰਘ ਖ਼ਾਲਸਾ, ਉਨ੍ਹਾਂ ਦੀ ਪਤਨੀ ਕੌਂਸਲਰ ਮਹਿੰਦਰ ਪਾਲ ਕੌਰ ਖ਼ਾਲਸਾ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਜਨਰਲ ਸਕੱਤਰ ਪਰਮ ਸਿੰਘ ਖ਼ਾਲਸਾ ਅਤੇ ਸਮੂਹ ਪਰਿਵਾਰਕ ਮੈਂਬਰਾਂ ਨਾਲ ਪਿਛਲੇ ਲੰਬੇ ਸਮੇਂ ਤੋਂ ਜੁੜੇ ਹੋਏ ਹਨ ਅਤੇ ਹਮੇਸ਼ਾ ਖ਼ਾਲਸਾ ਪਰਿਵਾਰ ਦੀ ਪਾਰਟੀ ਪ੍ਰਤੀ ਨਿਭਾਈਆਂ ਜਾਂਦੀਆਂ ਸੇਵਾਵਾਂ ਦੀ ਸ਼ਲਾਘਾ ਕਰਦੇ ਰਹੇ ਹਨ। ਪਰ ਨਗਰ ਕੌਂਸਲ ਦੀ ਪ੍ਰਧਾਨਗੀ ਨੂੰ ਲੈ ਕੇ ‘ਆਪ’ ਅਤੇ ਕਾਂਗਰਸ ਵੱਲੋਂ ਦਿੱਤੇ ਜਾ ਰਹੇ ਵੱਡੇ-ਵੱਡੇ ਲਾਲਚ ਅਤੇ ਸਮਝੌਤਿਆਂ ਦੀ ਪ੍ਰਵਾਹ ਨਾ ਕਰਦੇ ਹੋਏ ਖ਼ਾਲਸਾ ਪਰਿਵਾਰ ਨੇ ਪਾਰਟੀ ਦੀ ਸੋਚ ਅਤੇ ਝੰਡੇ ਨੂੰ ਉਚਾ ਚੁੱਕਦੇ ਹੋਏ ਇਤਿਹਾਸਕ ਫੈਸਲਾ ਲਿਆ ਹੈ। ਜਿਸ ਤਹਿਤ ਉਨ੍ਹਾਂ ਨੇ ਨਾ ਤਾਂ ਕਾਂਗਰਸ ਨੂੰ ਨਾ ਹੀ ‘ਆਪ’ ਨੂੰ ਸਮਰਥਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਰਮ ਸਿੰਘ ਖ਼ਾਲਸਾ ਨੇ ਇੰਨੀਆਂ ਵੱਡੀਆਂ ਆਫਰਾਂ ਜਿਸ ਨੂੰ ਹਰ ਬੰਦਾ ਨਹੀਂ ਝੱਲ ਸਕਦਾ, ਨੂੰ ਤਿਆਗ ਕੇ ਵੱਡਾ ਫੈਸਲਾ ਲਿਆ ਹੈ। ਅੱਜ ਦੁਨੀਆ ਭਰ ਵਿਚ ਖ਼ਾਲਸਾ ਪਰਿਵਾਰ ਚਰਚਾ ਵਿਚ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਪਰਮ ਸਿੰਘ ਖ਼ਾਲਸਾ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਾਰਟੀ ਵਿਚ ਸ਼ਾਮਲ ਕਰ ਕੇ ਇਹ ਅਹੁਦਾ ਦੇਣ ਦਾ ਵੀ ਲਾਲਚ ਦਿੱਤਾ ਗਿਆ ਸੀ ਪਰ ਉਨ੍ਹਾਂ ਇਸ ਆਫਰ ਨੂੰ ਠੁਕਰਾ ਦਿੱਤਾ। ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਥ ਦੋਖੀ ਗਰਦਾਨੇ ਵਿਅਕਤੀ ਦਾ ਚਿਹਰਾ ਦੇਖਣਾ ਵੀ ਖ਼ਾਲਸਾ ਪਰਿਵਾਰ ਨੇ ਉਚਿਤ ਨਹੀਂ ਸਮਝਿਆ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸਾਬਕਾ ਵਿਧਾਇਕ ਅੰਗਦ ਸਿੰਘ ਵੱਲੋਂ ਵੀ ਪ੍ਰਧਾਨਗੀ ਨੂੰ ਲੈ ਕੇ ਦਿੱਤੀ ਜਾ ਰਹੀ ਇਕ ਵਾਇਟ ਵਿਚ ਖ਼ਾਲਸਾ ਪਰਿਵਾਰ ਦੇ ਪ੍ਰਧਾਨਗੀ ਲਈ ਵਿਕਣ ਦੀ ਗੱਲ ਆਖੀ ਜਾ ਰਹੀ ਸੀ। ਪਰ ਖ਼ਾਲਸਾ ਪਰਿਵਾਰ ਨੇ ਇਹ ਇਤਿਹਾਸਕ ਫੈਸਲਾ ਲੈ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਅਹੁਦੇ ਜਾਂ ਰੁਤਬੇ ਦੇ ਭੁੱਖੇ ਨਹੀਂ ਹਨ। ਜਿਸ ਦੀ ਸਮੂਹ ਅਕਾਲੀ ਆਗੂ ਅਤੇ ਵਰਕਰ ਸ਼ਲਾਘਾ ਕਰਦੇ ਹਨ। ਸੁਖਬੀਰ ਸਿੰਘ ਬਾਦਲ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਜਾਣਾ ਅਤੇ ਕੇਜਰੀਵਾਲ ਵੱਲੋਂ ਇਸ ਮਾਮਲੇ ਵਿਚ ਕੀਤੀ ਜਾ ਰਹੀ ਟਿੱਪਣੀ ਬਾਰੇ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਕੀ ਹੁੰਦਾ ਹੈ ਕੀ ਨਹੀਂ ਇਸ ਬਾਰੇ ਬੋਲਣ ਦਾ ਸਾਡੇ ਕੋਲ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੇਕਰ ਪੰਜਾਬ ਦੇ ਭਲੇ ਲਈ ਅਤੇ ਪੰਜਾਬ ਦੀ ਬਿਹਤਰੀ ਅਤੇ ਚੰਗੇ ਭਵਿੱਖ ਲਈ ਹਮੇਸ਼ਾ ਕੰਮ ਕਰਦੇ ਰਹੇ ਹਨ ਅਤੇ ਕੰਮ ਕਰਦੇ ਰਹਿਣਗੇ। ਇਸ ਵਾਰ ਵੀ ਉਹ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਚੰਗੇ ਫੈਸਲੇ ਲੈਣਗੇ। ਸੁਖਦੀਪ ਸਿੰਘ ਸ਼ੁਕਾਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਕੌਂਸਲਰ ਪਰਮ ਸਿੰਘ ਖ਼ਾਲਸਾ ਵੱਲੋਂ ਨਗਰ ਕੌਂਸਲ ਚੋਣਾਂ ਵਿਚ ਪ੍ਰਧਾਨਗੀ ਨੂੰ ਲੈ ਕੇ ਲਏ ਜਾਣ ਵਾਲੇ ਸਟੈਂਡ ਬਾਰੇ ਉਨ੍ਹਾਂ ਨੂੰ ਰਾਤ ਨੂੰ 20 ਤੋਂ 25 ਫੋਨ ਆਏ ਪੁੱਛਿਆ ਗਿਆ ਕਿ ਪਰਮ ਸਿੰਘ ਖ਼ਾਲਸਾ ਇੰਨਾ ਪ੍ਰੈਸ਼ਰ ਝਲ ਜਾਉਗਾ। ਇਸ ਮੌਕੇ ਬਹੁਤੇ ਲੋਕਾਂ ਨੇ ਇਸ ਸਬੰਧੀ ਖ਼ਾਲਸਾ ਪਰਿਵਾਰ ਨਾਲ ਗੱਲਬਾਤ ਕਰਨ ਲਈ ਵੀ ਕਿਹਾ ਪਰ ਉਨ੍ਹਾਂ ਨੇ ਹਰ ਇਕ ਨੂੰ ਇਹ ਕਿਹਾ ਕਿ ਪਰਮ ਸਿੰਘ ਖ਼ਾਲਸਾ ਜੋ ਵੀ ਫੈਸਲਾ ਲਵੇਗਾ ਉਹ ਆਪਣੇ ਆਪ ਵਿਚ ਮਿਸਾਲ ਹੋਵੇਗਾ। ਉਨ੍ਹਾਂ ਕਿਹਾ ਕਿ ਖ਼ਾਲਸਾ ਪਰਿਵਾਰ ਨੇ ਅਹੁਦਿਆਂ ਖਾਤਰ ਸ੍ਰੀ ਅਕਾਲ ਤਖਤ ਸਾਹਿਬ ਦੇ ਦੋਖੀਆਂ ਦਾ ਸਾਥ ਦੇਣ ਅਤੇ ਕਾਂਗਰਸੀਆਂ ਦਾ ਸਾਥ ਦੇਣ ਦੀ ਥਾਂ ਕਾਂਗਰਸ ਅਤੇ ‘ਆਪ’ ਦਾ ਸਾਥ ਨਾ ਦੇਣ ਦਾ ਜੋ ਇਤਿਹਾਸਕ ਫੈਸਲਾ ਲਿਆ ਉਸ ਦੀ ਅੱਜ ਇਲਾਕੇ ਦੇ ਲੋਕਾਂ ਦੇ ਨਾਲ-ਨਾਲ ਦੇਸ਼ਾਂ, ਵਿਦੇਸ਼ਾਂ ਵਿਚ ਬੈਠੇ ਪੰਜਾਬੀਆਂ ਨੂੰ ਇਕ ਚਾਨਣ ਮੁਨਾਰੇ ਵਾਂਗ ਨਵੀਂ ਦਿਸ਼ਾ ਦਿਖਾਈ ਹੈ। ਉਨ੍ਹਾਂ ਕਿਹਾ ਕਿ ਨਵਾਂਸ਼ਹਿਰ ਦੇ ਲੋਕਾਂ ਦੀ ਭਲਾਈ ਅਤੇ ਵਿਕਾਸ ਲਈ ਸ਼੍ਰੋਮਣੀ ਅਕਾਲੀ ਦਲ ਮੋਢੇ ਦੇ ਨਾਲ ਮੋਢਾ ਲਾ ਕੇ ਦਿਨ ਅਤੇ ਰਾਤ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਬਾਦਲ ਛੇਤੀ ਹੀ ਖ਼ਾਲਸਾ ਪਰਿਵਾਰ ਨੂੰ ਮਿਲ ਕੇ ਉਨ੍ਹਾਂ ਦੀ ਹੌਸਲਾ ਅਫਜਾਈ ਅਤੇ ਸਨਮਾਨ ਕਰਨਗੇ। ਇਸ ਮੌਕੇ ਮਨਮੋਹਨ ਸਿੰਘ ਗੁਲਾਟੀ, ਪ੍ਰਭਜੋਤ ਸਿੰਘ ਅਤੇ ਹੋਰ ਹਾਜ਼ਰ ਸਨ।