ਰਾਹੋਂ ਦੇ ਮੇਨ ਬਾਜ਼ਾਰ 'ਚ ਨਾਜਾਇਜ਼ ਕਬਜ਼ਿਆਂ ਦਾ ਮੁੱਦਾ ਗਰਮਾਇਆ ਫੜ੍ਹੀਆਂ 'ਤੇ ਰੌਣਕਾਂ, ਪੱਕੀਆਂ ਦੁਕਾਨਾਂ 'ਤੇ ਗਾਹਕਾਂ ਦੀ ਉਡੀਕ
Publish Date: Wed, 28 Oct 2026 05:52 PM (IST)
Updated Date: Wed, 28 Oct 2026 05:55 PM (IST)
ਗੌਰਵ ਗਾਬਾ, ਪੰਜਾਬੀ ਜਾਗਰਣ, ਰਾਹੋਂ : ਰਾਹੋਂ ਦੇ ਮੇਨ ਬਾਜ਼ਾਰ ਚ ਸੜਕ ਕਿਨਾਰੇ ਲੱਗੀਆਂ ਰੇਹੜੀਆਂ ਅਤੇ ਫੜ੍ਹੀਆਂ ਤੇ ਤਿਉਹਾਰਾਂ ਦੇ ਸੀਜਨ ਚ ਸਮਾਨ ਦੀ ਖਰੀਦਦਾਰੀ ਕਰਨ ਵਾਲੀ ਮਹਿਲਾਵਾਂ ਦੀ ਭੀੜ ਦੇਖ ਕੇ ਇਹ ਸਹਿਜ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਦੇ ਸਮਾਨ ਦੀ ਸੇਲ ਜੋਰਾਂ ਤੇ ਹੋ ਰਹੀ ਹੈ। ਜਦਕਿ ਖਾਲੀ ਪਈਆਂ ਦੁਕਾਨਾਂ ਨੂੰ ਦੇਖ ਕੇ ਇਹ ਪਤਾ ਚਲਦਾ ਹੈ ਕਿ ਇੰਨ੍ਹਾਂ ਦੀ ਸੇਲ ਠੱਪ ਪਈ ਹੈ। ਇਸ ਕਾਰਨ ਪਰੇਸ਼ਾਨ ਦੁਕਾਨਦਾਰਾਂ ਨੇ ਨਗਰ ਕੌਂਸਲ ਰਾਹੋਂ ਤੋਂ ਮੰਗ ਕੀਤੀ ਹੈ ਕਿ ਤਿਉਹਾਰੀ ਸੀਜਨ ਦੇ ਮੱਦੇਨਜ਼ਰ ਰੇਹੜੀਆਂ ਅਤੇ ਫੜੀਆਂ ਦੀ ਰੋਕਥਾਮ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ। ਕਿਉਂ ਕਿ ਦੁਕਾਨਾਂ ਤੇ ਵਿਹਲੇ ਬੈਠੇ ਦੁਕਾਨਦਾਰ ਗਾਹਕਾਂ ਦੀ ਉਡੀਕ ਕਰਕੇ ਖਾਲੀ ਹੱਥ ਘਰਾਂ ਨੂੰ ਪਰਤਣ ਲਈ ਮਜ਼ਬੂਰ ਹਨ। ਦੁਕਾਨਦਾਰਾਂ ਦਾ ਨਗਰ ਕੌਂਸਲ ਤੋਂ ਇਹ ਸਵਾਲ ਹੈ ਕਿ ਜਦੋਂ ਉਹ ਦੁਕਾਨਾਂ ਦਾ ਕਿਰਾਇਆ, ਨਗਰ ਕੌਂਸਲ ਦੇ ਟੈਕਸ, ਕੂੜਾ ਟੈਕਸ ਅਤੇ ਹੋਰ ਖਰਚੇ ਅਦਾ ਕਰਦੇ ਹਨ, ਤਾਂ ਫਿਰ ਬਾਜ਼ਾਰ ਵਿਚ ਦੁਕਾਨਾਂ ਦੇ ਬਾਹਰ ਲੱਗੀਆਂ ਫੜ੍ਹੀਆਂ ਅਤੇ ਕਬਜ਼ਿਆਂ ਸੰਬੰਧੀ ਨਿਯਮਾਂ ਨੂੰ ਬਰਾਬਰ ਢੰਗ ਨਾਲ ਕਿਉਂ ਲਾਗੂ ਨਹੀਂ ਕੀਤਾ ਜਾਂਦਾ ? ਉਨ੍ਹਾਂ ਆਰੋਪ ਲਗਾਇਆ ਕਿ ਕੁਝ ਫੜ੍ਹੀ ਵਾਲੇ ਮਹੀਨਾਵਾਰ ਮਹਿਜ਼ 200 ਤੋਂ 250 ਰੁਪਏ ਦੇ ਕੇ ਜਗ੍ਹਾ ਦੀ ਵਰਤੋਂ ਕਰਕੇ ਵੱਡੇ ਦੁਕਾਨਦਾਰਾਂ ਦੇ ਕੰਮ ਠੱਪ ਕਰਦੇ ਜਾ ਰਹੇ ਹਨ। ਜੋ ਕਿ ਦੁਕਾਨਦਾਰਾਂ ਲਈ ਚਿੰਤਾ ਦਾ ਵਿਸ਼ਾ ਹੈ। ਟੈਕਸ ਭਰਨ ਵਾਲੇ ਦੁਕਾਨਦਾਰਾਂ ਨੇ ਨਗਰ ਕੌਂਸਲ ਰਾਹੋਂ ਤੋਂ ਕੀਤੀ ਸੁਣਵਾਈ ਦੀ ਅਪੀਲ ਕਰਦਿਆਂ ਮੰਗ ਕੀਤੀ ਕਿ ਰਾਹੋਂ ਦੇ ਮੇਨ ਬਾਜ਼ਾਰ ਵਿਚ ਕਬਜ਼ਿਆਂ ਸੰਬੰਧੀ ਨਿਯਮਾਂ ਦੀ ਜਾਂਚ ਕੀਤੀ ਜਾਵੇ। ਨਗਰ ਕੌਂਸਲ ਵੱਲੋਂ ਪੱਕੇ ਦੁਕਾਨਦਾਰਾਂ ਅਤੇ ਫੜ੍ਹੀ ਵਾਲਿਆਂ ਲਈ ਸਪੱਸ਼ਟ ਨੀਤੀ ਬਣਾਈ ਜਾਵੇ। ਬਾਜ਼ਾਰ ਵਿਚ ਆਵਾਜਾਈ ਅਤੇ ਕਾਰੋਬਾਰ ਨੂੰ ਸੁਚਾਰੂ ਬਣਾਉਣ ਲਈ ਕੋਈ ਠੋਸ ਕਦਮ ਚੁੱਕਣਗੇ। ਹੁਣ ਦੇਖਣਾ ਇਹ ਹੋਵੇਗਾ ਕਿ ਨਗਰ ਕੌਂਸਲ ਦੇ ਅਧਿਕਾਰੀ ਇਸ ਮਾਮਲੇ ਤੇ ਕੀ ਕਾਰਵਾਈ ਕਰਦੇ ਅਤੇ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਦਾ ਹੱਲ ਕਦੋਂ ਕੱਢਣਗੇ।